
ਕੋਵਿਡ-19 ਵਿਰੁਧ ਟੀਕਾਕਰਨ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦਾ : ਮਾਹਰ
ਕਿਹਾ, ਟੀਕਾਕਰਨ ਨਾਲ ਰਫ਼ਤਾਰ ਘੱਟ ਸਕਦੀ ਹੈ ਅਤੇ ਮੌਤ ਦਰ ਘਟਾਈ ਜਾ ਸਕਦੀ ਹੈ
ਨਵੀਂ ਦਿੱਲੀ, 16 ਅਪ੍ਰੈਲ : ਦੇਸ਼ ਦੇ ਕੁੱਝ ਹਿੱਸਿਆਂ 'ਚ ਕੋਰੋਨਾ ਵਾਇਰਸ ਦਾ ਟੀਕਾ ਲਗਾਏ ਜਾਣ ਦੇ ਬਾਵਜੂਦ ਲਾਗ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਮਾਹਰਾਂ ਨੇ ਕਿਹਾ ਹੈ ਕਿ ਕੋਵਿਡ 19 ਵਿਰੁਧ ਟੀਕਾਕਰਨ ''ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦਾ'' ਬਲਕਿ ਇਸ ਨਾਲ ਲਾਗ ਦੀ ਰਫ਼ਤਾਰ ਘੱਟ ਹੁੰਦੀ ਹੈ ਅਤੇ ਮੌਤ ਦਰ 'ਚ ਕਮੀ ਆਉਂਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕਲੀਨੀਕਲ ਜਾਂ ਮਹਾਂਮਾਰੀ ਅਧਿਐਨ ਤੋਂ ਟੀਕਾਕਰਨ ਅਤੇ ਇਸ ਦੇ ਬਾਅਦ ਬਿਮਾਰੀ ਨਾਲ ਪੀੜਤ ਹੋਣ ਦਰਮਿਆਨ ''ਗ਼ੈਰ ਰਸਮੀ ਸਬੰਧ'' ਦਾ ਪਤਾ ਨਹੀਂ ਚਲਿਆ |
ਦਿੱਲੀ ਤੋਂ ਚੇਨਈ ਤਕ ਅਤੇ ਪਟਨਾ ਵਰਗੇ ਟਿਅਰ-2 ਸ਼ਹਿਰਾਂ 'ਚ ਵੀ ਟੀਕਾ ਲਵਾ ਚੁਕਣ ਵਾਲੇ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ | ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਮਾਮਲਿਆਂ 'ਚ ਤਾਜ਼ਾ ਵਾਧੇ ਦੇ ਬਾਅਦ 37 ਡਾਕਟਰ ਕੋਰੋਨਾ ਪਾਜ਼ੇਟਿਵ ਹੋ ਗਏ, ਜਿਨ੍ਹਾਂ 'ਚੋਂ ਪੰਜ ਨੂੰ ਇਲਾਜ ਲਈ ਦਾਖ਼ਲ ਕਰਾਇਆ ਗਿਆ | ਇਹ ਜਾਣਕਾਰੀ ਪਿਛਲੇ ਹਫ਼ਤੇ ਹਸਪਤਾਲ ਦੇ ਸੂਤਰਾਂ ਨੇ ਦਿਤੀ | ਸੂਤਰਾਂ ਨੇ ਦਸਿਆ ਕਿ ਉਨ੍ਹਾਂ ਵਿਚੋਂ ਕਈਆਂ ਨੇ ਕੋਵਿਸ਼ੀਲਡ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਸਨ | ਦਿੱਲੀ 'ਚ 54 ਸਾਲਾ ਇਕ ਸਫ਼ਾਈ ਕਰਮਚਾਰੀ ਦੀ ਸਿਹਤ ਖ਼ਰਾਬ ਹੋਣ ਕਾਰਨ 22 ਫ਼ਰਵਰੀ ਨੂੰ ਮੌਤ ਹੋ ਗਈ | ਉਨ੍ਹਾਂ ਦੇ ਬੇਟੇ ਧੀਰਜ ਨੇ ਦਸਿਆ ਸੀ ਕਿ, 'ਮੇਰੇ ਪਿਤਾ ਨੇ ਕੋਵਿਸ਼ੀਲਡ ਦੀ ਪਹਿਲੀ ਖ਼ੁਰਾਕ 17 ਫ਼ਰਵਰੀ ਨੂੰ ਲਈ ਸੀ | ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਬਾਅਦ ਕਮਜ਼ੋਰੀ ਹੋਣ ਦੇ ਬਾਵਜੂਦ ਉਸ ਦੇ ਪਿਤਾ ਕੰਮ 'ਤੇ ਜਾਂਦੇ ਰਹੇ ਅਤੇ ਡਿਊਟੀ ਦੌਰਾਨ ਹੀ ਬੇਹੋਸ਼ ਹੋ ਗਏ | ਬਾਅਦ 'ਚ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ |
ਦੇਸ਼ ਦੇ ਕਈ ਹਿੱਸਿਆਂ 'ਚ ਟੀਕਾਕਰਨ ਦੇ ਬਾਅਦ ਉਲਟ ਪ੍ਰਭਾਵ ਦੀਆਂ ਮਾਮੂਲੀ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਕੁੱਝ ਮਾਮਲਿਆਂ 'ਚ ਗੰਭੀਰ ਉਲਟ ਪ੍ਰਭਾਵ ਵੀ ਹੋਏ ਜਿਸ ਕਾਰਨ ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ | ਫ਼ਿਲਹਾਲ, ਕੇਂਦਰ ਨੇ ਸਪਸ਼ਟ ਕਰ ਦਿਤਾ ਹੈ ਕਿ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵੇਂ ਸੁਰੱਖਿਅਤ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ 'ਤੇ ਧਿਆਨ ਨਾ ਦੇਣ | (ਏਜੰਸੀ)