
ਫਰੀਦਕੋਟ ਦੇ ਵਾਂਦਰ ਪਿੰਡ ਦੀ ਘਟਨਾ
ਫਰੀਦਕੋਟ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਅਕਾਲੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਵਾਂਦਰ ਵਿਚ ਦੇਖਣ ਨੂੰ ਮਿਲਿਆ, ਜਿਥੇ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਵੱਡੇ ਪੱਧਰ 'ਤੇ ਵਿਰੋਧ ਹੋਇਆ। ਦਰਅਸਲ ਗੁਲਜ਼ਾਰ ਸਿੰਘ ਰਣੀਕੇ ਪਿੰਡ ਵਾਂਦਰ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਪਰ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।
ਤਕਰਾਰਬਾਜ਼ੀ ਤੋਂ ਬਾਅਦ ਇਹ ਵਿਰੋਧ ਐਨਾ ਵੱਧ ਗਿਆ ਕਿ ਦੋਹਾਂ ਧਿਰਾਂ ਵਿਚਕਾਰ ਟਕਰਾਅ ਹੋ ਗਿਆ ਤੇ ਕਈ ਜਣੇ ਜ਼ਖਮੀ ਹੋ ਗਏ। ਦੱਸ ਦੇਈਏ ਕਿ ਪਿੰਡ ਵਾਸੀਆਂ ਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਰਣੀਕੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕੀਤਾ ਸੀ ਜਿਸ ਪਿੱਛੋਂ ਅਕਾਲੀ ਵਰਕਰਾਂ ਤੇ ਸਿੱਖ ਆਗੂ ਆਪਸ ਵਿਚ ਭਿੜ ਗਏ। ਇਸ ਝੜਪ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।