
10 ਸਾਲ ਦੇ ਕਾਰਜਕਾਲ ਦੌਰਾਨ ਕੰਮਾਂ ਦੀ ਬਜਾਇ ਮੰਗਣੀਆਂ ਪੈ ਰਹੀਆਂ ਹਨ ਮੋਦੀ ਦੇ ਨਾਂ 'ਤੇ ਵੋਟਾਂ
ਪਟਿਆਲਾ : ਲੋਕ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਅੰਤਮ ਦੌਰ 'ਚ ਹੈ। ਹਰੇਕ ਪਾਰਟੀ ਦਾ ਉਮੀਦਵਾਰ ਵੋਟਾਂ ਲਈ ਆਪੋ-ਆਪਣੀ ਵਾਹ ਲਾ ਰਿਹਾ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਅਤੇ ਕਰਵਾਏ ਕੰਮਾਂ ਦਾ ਲੇਖਾ-ਜੋਖਾ ਵੀ ਹਲਕਿਆਂ ਵਿਚ ਵੋਟਰਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਆਪਣੇ ਲੋਕ ਸਭਾ ਮੈਂਬਰੀ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਵੱਲੋਂ ਸੂਬੇ 'ਚ ਸਰਕਾਰ ਵੱਲੋਂ ਦੋ ਸਾਲ 'ਚ ਕਰਵਾਏ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
Preneet Kaur during election rally
ਆਮ ਆਦਮੀ ਪਾਰਟੀ ਦੇ ਬਾਗੀ ਆਗੂ ਡਾ. ਧਰਮਵੀਰ ਗਾਂਧੀ ਵੱਲੋਂ ਵੀ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਦਾ ਕਾਰਡ ਲੋਕਾਂ ਦੀ ਕਚਹਿਰੀ ਵਿਚ ਰੱਖਿਆ ਜਾ ਰਿਹਾ ਹੈ। ਅਜਿਹੇ 'ਚ ਜੇ ਕਿਹਾ ਜਾਵੇ ਕਿ ਕੋਈ ਵੀ ਮੁੱਦਾ ਪੇਸ਼ ਨਾ ਕੀਤੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਗੁੰਝਲਦਾਰ ਤੇ ਹਾਸੋਹੀਣੀ ਬਣੀ ਹੋਈ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
Dr. Dharamvir Gandhi during election rally
ਲੋਕ ਸਭਾ ਚੋਣਾਂ ਸਬੰਧੀ ਹਲਕੇ ਦੇ ਪਿੰਡਾਂ 'ਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਮੁੱਦਾ ਸੱਥਾਂ 'ਚ ਭਾਰੂ ਹੈ ਅਤੇ ਅਕਾਲੀ ਉਮੀਦਵਾਰ ਇਸ ਮੁੱਦੇ ਨੂੰ ਲੈ ਕੇ ਮੁੱਖ ਨਿਸ਼ਾਨੇ 'ਤੇ ਹਨ। ਇਸ ਤੋਂ ਇਲਾਵਾ ਹਲਕੇ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਆਦਿ ਨੂੰ ਦੱਸਣ ਦੀ ਬਜਾਇ ਉਮੀਦਵਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਜਿਸ ਨੂੰ ਖ਼ੁਦ ਨਹੀਂ ਪਤਾ ਕਿ ਉਸ ਨੇ ਦੇਸ਼ ਦੇ ਹਿੱਤ 'ਚ ਕੀ ਕੀਤਾ ਹੈ।
Protest against Akali Dal
ਇਤਿਹਾਸ ਦੇ ਕਾਲੇ ਪੰਨਿਆਂ 'ਤੇ ਮੋਦੀ ਦਾ ਨਾਮ ਲਿਖਿਆ ਜਾਣਾ ਹੈ ਕਿਉਂਕਿ ਨੋਟਬੰਦੀ, ਜੀ.ਐਸ.ਟੀ. ਆਦਿ ਜਿਹੇ ਕਾਨੂੰਨ ਬਣਾ ਕੇ ਦੇਸ਼ ਦੇ ਕਿਸਾਨ, ਵਪਾਰੀ ਸਮੇਤ ਹਰੇਕ ਵਰਗ ਦਾ ਲੱਕ ਤੋੜ ਦਿੱਤਾ ਹੈ, ਜਿਸ ਕਾਰਨ ਦੇਸ਼ ਦੇ ਲੋਕਾਂ ਨੂੰ ਮੁੜ ਥਾਂ ਸਿਰ ਆਉਣ ਲਈ ਕਈ ਸਾਲ ਲੱਗ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਵਾਰ ਗਲਤੀ ਨਾਲ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਦੇਸ਼ ਨੂੰ ਫਿਰਕੂ ਦੰਗਿਆਂ ਤੇ ਤਬਾਹੀ ਤੋਂ ਕੋਈ ਨਹੀਂ ਬਚਾਅ ਸਕਦਾ, ਜਿਸ ਕਾਰਨ ਅਕਾਲੀ ਉਮੀਦਵਾਰ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ।