
ਨਸ਼ਿਆਂ ਦੇ ਮਾਮਲੇ ’ਚ ਸਿੱਧੂ ਨੇ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਉਸ ਨੂੰ ਵੀ ਠੋਕ ਦਿਓ’
ਬਠਿੰਡਾ: ਲੋਕ ਸਭਾ ਸੀਟ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਤੇ ਚੋਣ ਪ੍ਰਚਾਰ ਬੰਦ ਹੋਣ ’ਚ ਮਹਿਜ ਕੁਝ ਘੰਟੇ ਹੀ ਬਾਕੀ ਹਨ। ਸਿੱਧੂ ਨੇ ਬਾਦਲਾਂ ਦੇ ਗੜ੍ਹ ਲੰਬੀ ਤੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੱਜ ਕੇ ਅਕਾਲੀ ਦਲ (ਬ) ਤੇ ਮੋਦੀ ਨੂੰ ਰਗੜੇ ਲਾਏ।
Navjot Singh Sidhu in Bathinda
ਸਿੱਧੂ ਨੇ ਬੇਅਦਬੀ ਮੁੱਦਾ ਚੁੱਕਿਆ ਤੇ ਬਰਗਾੜੀ ਵਿਚ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਲਈ ਸਿੱਧੇ ਤੌਰ ’ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ। ਬੇਅਦਬੀ ਮੁੱਦੇ ਤੋਂ ਇਲਾਵਾ ਸਿੱਧੂ ਨੇ ਨਸ਼ਿਆ ਬਾਰੇ ਗੱਲ ਕਰਦਿਆਂ ਜੱਮ ਕੇ ਅਕਾਲੀ ’ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਦੌਰਾਨ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਕਿਹਾ, ‘ਉਸ ਨੂੰ ਵੀ ਠੋਕ ਦਿਓ’। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਅਪਣੀ ਤੱਕੜੀ ਨਾਲ ਤੋਲ ਕੇ ਵੇਚ ਦਿਤਾ। ਬਾਦਲਾਂ ਦੇ ਪੰਜਾਬ ਵਿਚ ਅਪਣਾ ਬਹੁਤ ਵੱਡਾ ਕਾਰੋਬਾਰ ਖੜ੍ਹਾ ਕਰ ਲਿਆ ਹੈ।
Navjot Singh Sidhu
ਬਾਦਲਾਂ ਨੇ ਅਪਣਾ ਟਰਾਂਸਪੋਰਟ ਕਾਰੋਬਾਰ ਖੜ੍ਹਾ ਕਰਨ ਲਈ PRTC ਟਰਾਂਸਪੋਰਟ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਬਾਦਲਾਂ ਨੇ ਸਨਦੀਪ ਤੇ ਮਧੋਕ ਟਰਾਂਸਪੋਰਟ ਨੂੰ ਜ਼ਬਰਦਸਤੀ ਖਰੀਦਿਆ ਤੇ ਦੀਪਕ ਢਾਬੇ ’ਤੇ ਵੀ ਕਬਜ਼ਾ ਕਰ ਲਿਆ। ਸਿੱਧੂ ਨੇ ਇਲਜ਼ਾਮ ਲਾਇਆ ਕਿ ਬਾਦਲ ਵੱਡੇ ਕਾਰੋਬਾਰੀ ਹਨ ਜਿਨ੍ਹਾਂ ਪੰਜਾਬ ਵਿਚ ਅਪਣਾ ਕਾਰੋਬਾਰ ਪੂਰੀ ਤਰ੍ਹਾਂ ਸੈੱਟ ਕਰ ਲਿਆ ਹੈ। ਉਨ੍ਹਾਂ ਇਕ ਤਰ੍ਹਾਂ ਦਾ ਦੋਸਤਾਨਾ ਮੈਚ ਖੇਡਿਆ ਹੈ।
ਇਸ ਦੌਰਾਨ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਨੇ ਦੇਸ਼ ਵਾਸੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ, ਕਿੱਥੇ ਗਏ ਉਹ ਸਾਰੇ ਵਾਅਦੇ। ਸਿੱਧੂ ਨੇ ਸਟੇਜ ’ਤੇ ‘ਵਾਅਦਾ ਤੇਰਾ ਵਾਅਦਾ’ ਗੀਤ ’ਤੇ ਡਾਂਸ ਵੀ ਕੀਤਾ।