
ਪਿਛਲੇ 28 ਦਿਨਾਂ 'ਚ ਲਗਭਗ 80 ਰੈਲੀਆਂ ਨੂੰ ਸੰਬੋਧਤ ਕਰ ਚੁੱਕੇ ਹਨ ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਵਾਦਤ ਬਿਆਨਾਂ, ਤੁਕਬੰਦੀ ਅਤੇ ਸ਼ੇਅਰੋ-ਸ਼ਾਇਰੀ ਨਾਲ ਚੋਣ ਮਾਹੌਲ ਗਰਮਾਉਣ ਵਾਲੇ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਗਲਾ ਇਕ ਵਾਰ ਫਿਰ ਖ਼ਰਾਬ ਹੋ ਗਿਆ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਇੰਜੈਕਸ਼ਨ ਵੀ ਲਗਾਏ ਗਏ ਹਨ। ਗਲਾ ਠੀਕ ਹੋਣ ਤਕ ਸਿੱਧੂ ਚੋਣ ਪ੍ਰਚਾਰ ਨਹੀਂ ਕਰ ਸਕਣਗੇ।
Navjot Singh Sidhu
ਅਸਲ 'ਚ ਸਿੱਧੂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਲਈ ਸਟਾਰ ਪ੍ਰਚਾਰਕ ਦੇ ਰੂਪ 'ਚ ਕੰਮ ਕਰ ਰਹੇ ਹਨ ਅਤੇ ਪਿਛਲੇ 28 ਦਿਨਾਂ 'ਚ ਉਹ ਲਗਭਗ 80 ਰੈਲੀਆਂ ਨੂੰ ਸੰਬੋਧਤ ਕਰ ਚੁੱਕੇ ਹਨ। ਲਗਾਤਾਰ ਰੈਲੀਆਂ ਨੂੰ ਸੰਬੋਧਤ ਕਰਨ ਕਰ ਕੇ ਉਨ੍ਹਾਂ ਦੇ ਗਲੇ (ਵੋਕਲ ਕੋਰਡਜ਼) 'ਚ ਸਮੱਸਿਆ ਆ ਗਈ ਹੈ। ਇਸ ਸਮੇਂ ਸਿੱਧੂ ਦਾ ਇਲਾਜ ਚੱਲ ਰਿਹਾ ਹੈ ਅਤੇ ਇਲਾਜ ਤੋਂ ਬਾਅਦ ਹੀ ਉਹ ਚੋਣ ਪ੍ਰਚਾਰ ਲਈ ਵਾਪਸ ਪਰਤਣਗੇ।
Navjot Singh Sidhu
ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਨੇ ਇਸ ਸਬੰਧੀ ਇਕ ਬਿਆਨ ਜਾਰੀ ਕਰ ਕੇ ਕਿਹਾ, "ਲਗਾਤਾਰ ਆਪਣੀਆਂ ਚੋਣ ਰੈਲੀਆਂ ਨੂੰ ਸੰਬੋਧਤ ਕਰਨ ਦੀ ਵਜ੍ਹਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਵੋਕਲ ਕੋਰਡਜ਼ (ਗਲੇ) ਦੀ ਸਮੱਸਿਆ ਆ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਸਟੀਰੋਇਡ ਦਵਾਈਆਂ ਅਤੇ ਟੀਕੇ (ਇੰਜੈਕਸ਼ਨ) ਲਗਾਏ ਜਾ ਰਹੇ ਹਨ। ਫਿਲਹਾਲ ਸਿੱਧੂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਛੇਤੀ ਹੀ ਚੋਣ ਪ੍ਰਚਾਰ ਲਈ ਆਉਣਗੇ।''
Navjot Singh Sidhu
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸਿੱਧੂ ਦੇ ਗਲੇ 'ਚ ਅਜਿਹੀ ਦਿੱਕਤ ਆਈ ਹੈ। ਪਿਛਲੇ ਸਾਲ ਦਸੰਬਰ ਮਹੀਨੇ 'ਚ ਹੋਈਆਂ ਪੰਜ ਸੂਬਿਆਂ ਦੀਆਂ ਚੋਣਾਂ ਦੌਰਾਨ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਆਈ ਸੀ। ਸਿੱਧੂ ਨੇ ਆਪਣੇ ਬਿਆਨਾਂ ਨਾਲ ਐਤਕੀਂ ਭਾਜਪਾ ਸਰਕਾਰ ਦੀ ਕਾਫ਼ੀ ਮਿੱਟੀ ਪਲੀਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਈ ਅਜਿਹੇ ਵਿਵਾਦਤ ਬਿਆਨ ਵੀ ਦਿੱਤੇ, ਜਿਸ ਕਾਰਨ ਚੋਣ ਕਮਿਸ਼ਨ ਨੂੰ ਉਨ੍ਹਾਂ ਦੇ ਪ੍ਰਚਾਰ ਕਰਨ 'ਤੇ ਪਾਬੰਦੀ ਵੀ ਲਗਾਉਣੀ ਪਈ ਸੀ। ਪਿਛਲੇ ਦਿਨੀਂ ਇੰਦੌਰ 'ਚ ਇਕ ਰੈਲੀ ਦੌਰਾਨ ਸਿੱਧੂ ਨੇ ਭਾਜਪਾ ਨੂੰ 'ਕਾਲੇ ਅੰਗਰੇਜ਼' ਦੱਸ ਕੇ ਸੱਤਾ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਸੀ।