
ਇਕ ਘਰੇਲੂ ਗੈਸ ਸਿਲੰਡਰ ਵੀ ਪਿਆ ਸੀ ਤੇਲ ਟੈਂਕਰ ਵਿਚ
ਜਲੰਧਰ- ਜਲੰਧਰ ਦੇ ਪਿੰਡ ਸੂਚੀ ਕੋਲ ਪੈਟਰੋਲ ਪੰਪ ਨੇੜੇ ਖੜ੍ਹੇ ਇਕ ਤੇਲ ਟੈਂਕਰ ਨੂੰ ਅੱਗ ਲੱਗ ਗਈ ਪਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ ਗਿਆ। ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿਉਂਕਿ ਇਹ ਤੇਲ ਦਾ ਟੈਂਕਰ ਪੈਟਰੋਲ ਪੰਪ ਤੋਂ ਮਹਿਜ਼ 500 ਫੁੱਟ ਦੀ ਦੂਰੀ 'ਤੇ ਖੜ੍ਹਾ ਸੀ ਅਤੇ ਉਸ ਵਿਚ ਇਕ ਘਰੇਲੂ ਗੈਸ ਸਿਲੰਡਰ ਵੀ ਪਿਆ ਸੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਪਰ ਉਨ੍ਹਾਂ ਦੇ ਆਉਣ ਤੋਂ ਉਥੇ ਮੌਜੂਦ ਲੋਕਾਂ ਨੇ ਖ਼ੁਦ ਹੀ ਪਾਣੀ ਪਾ ਕੇ ਅੱਗ ਨੂੰ ਹੋਰ ਜ਼ਿਆਦਾ ਵਧਣ ਤੋਂ ਰੋਕ ਲਿਆ।
Fuel Tank Cacth Fire
ਫਾਇਰ ਬ੍ਰਿਗੇਡ ਕਰਮਚਾਰੀ ਰਾਜੇਂਦਰ ਕੁਮਾਰ ਦਾ ਕਹਿਣਾ ਕਿ ਉਨ੍ਹਾਂ ਨੇ ਤੁਰੰਤ ਆ ਕੇ ਅੱਗ 'ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਉਧਰ ਤੇਲ ਟੈਂਕਰ ਦੇ ਡਰਾਈਵਰ ਨਿਰਮਲ ਦਾ ਕਹਿਣੈ ਕਿ ਗੱਡੀ ਦੇ ਹੇਠਾਂ ਤੋਂ ਅਚਾਨਕ ਧੂੰਆਂ ਨਿਕਲਣ ਲੱਗਿਆ ਅਤੇ ਅੱਗ ਲੱਗ ਗਈ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਫਿਲਹਾਲ ਥਾਣਾ ਰਾਮਾਮੰਡੀ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।