ਕਿਸਾਨਾਂ ਦਾ ਸੰਘਰਸ਼ ਸਿਰਫ ਅੰਦੋਲਨ ਨਹੀਂ ਇਹ ਧਰਮ ਯੁੱਧ ਹੈ, ਜਿਸ 'ਚ ਹਰ ਇਕ ਦਾ ਯੋਗਦਾਨ ਜ਼ਰੂਰੀ- ਚੜੂਨੀ
Published : Jun 17, 2021, 9:44 am IST
Updated : Jun 18, 2021, 9:22 am IST
SHARE ARTICLE
Gurnam Singh Chaduni
Gurnam Singh Chaduni

ਕਿਸਾਨੀ ਅੰਦੋਲਨ ਨੂੰ ਅੱਜ ਇਕ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ, ਰੇਲ ਪਟੜੀਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਿਹਾ ਹੈ।

ਚੰਡੀਗੜ੍ਹ, 16 ਜੂਨ (ਸਪੋਕਸਮੈਨ ਟੀਵੀ) : ਕਿਸਾਨ ਅੰਦੋਲਨ ਨੂੰ ਅੱਜ ਇਕ ਸਾਲ ਤੋਂ ਵਧੇਰੇ ਸਮਾਂ ਚਲਦੇ ਨੂੰ ਹੋ ਗਿਆ ਹੈ ਰੇਲ ਪਟੜੀਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਹੈ। ਅੱਜ ਉਥੇ ਧਰਨਾ ਸਥਾਨਾਂ ਉਤੇ ਛੋਟੇ-ਛੋਟੇ ਪਿੰਡ ਵੱਸ ਗਏ ਹਨ, ਪਰ ਸਰਕਾਰ ਅਜੇ ਵੀ ਨਹੀਂ ਸੁਣ ਰਹੀ। ਹੁਣ 500 ਤੋਂ ਵਧੇਰੇ ਕਿਸਾਨ ਜਾਨ ਗੁਆ ਚੁੱਕੇ ਹਨ ਪਰ ਸਰਕਾਰ ਅਜੇ ਵੀ ਕਾਨੂੰਨ ਚੰਗੇ ਹਨ ਦੀ ਰੱਟ ਲਾ ਰਹੀ ਹੈ। ਕਿਸਾਨੀ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨਾਲ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਵਿਸ਼ੇਸ਼ ਅੰਸ਼ :

ਸਵਾਲ : ਅਸੀਂ ਛੋਟੀ-ਛੋਟੀ ਤੂੰ-ਤੂੰ, ਮੈਂ-ਮੈਂ ਵਿਚ ਪਏ ਰਹਿੰਦੇ ਹਾਂ, ਪਰ ਜਿਹੜੇ ਵੱਡੇ ਮੁੱਦੇ ਹਨ, ਉਨ੍ਹਾਂ ਵਲ ਬਹੁਤਾ ਧਿਆਨ ਨਹੀਂ ਦਿੰਦੇ। ਅੰਦੋਲਨ ਨੂੰ ਚਲਿਆਂ ਸਾਲ ਤੋਂ ਵਧੇਰੇ ਸਮਾਂ ਹੋ ਚੁੱਕਾ ਹੈ, ਇਸ ਦੌਰਾਨ ਤੁਸੀਂ ਸਰਕਾਰ ਦੇ ਰਵਈਏ ਅਤੇ ਆਮ ਲੋਕਾਂ ਦੀ ਪਹੁੰਚ ਬਾਰੇ ਕੀ ਕੁੱਝ ਜਾਣਿਆ ਹੈ। ਇਸ ਤੋਂ ਬਾਅਦ ਅੱਗੇ ਕੀ ਹੋ ਸਕਦਾ ਹੈ, ਇਸ ਬਾਰੇ ਚਾਨਣਾ ਪਾਉ?

ਜਵਾਬ: ਕੁਲ ਮਿਲਾ ਕੇ ਲੋਕਾਂ ਵਲੋਂ ਸਾਥ ਦੇਣ ਵਿਚ ਕੋਈ ਕਮੀ ਨਹੀਂ ਮਹਿਸੂਸ ਹੋਈ, ਖਾਸ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚ। ਦੂਜੇ ਸੂਬਿਆਂ ਦੇ ਕਿਸਾਨ ਵੀ ਸਾਥ ਦੇਣਾ ਚਾਹੁੰਦੇ ਹਨ। ਅਸੀਂ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਦੂਜੇ ਰਾਜਾਂ ਵਿਚ ਰੈਲੀਆਂ ਕੀਤੀਆਂ, ਜਿਸ ਤੋਂ ਸਪੱਸ਼ਟ ਹੋਇਆ ਕਿ ਉਹ ਇਥੇ ਭਾਵੇਂ ਨਹੀਂ ਆ ਸਕਦੇ ਪਰ ਉਥੇ ਉਨ੍ਹਾਂ ਦੇ ਮਨ ਵਿਚ ਜ਼ਰੂਰ ਕੁੱਝ ਹੈ। ਅੱਜ ਉਥੇ ਬਹੁਤ ਜ਼ਿਆਦਾ ਅੰਦੋਲਨ ਨਹੀਂ ਹੁੰਦੇ, ਪਰ ਉਨ੍ਹਾਂ ਦੇ ਮਨ ਵਿਚ ਇਕ ਦਰਦ ਹੈ, ਅਸੀਂ ਇਕ ਰੈਲੀ ਖੇਤੀਬਾੜੀ ਮੰਤਰੀ ਦੇ ਇਲਾਕੇ ਸ਼ੋਅਪੁਰ ਵਿਚ ਜਾ ਕੇ ਕੀਤੀ, ਜਿਸ ਵਿਚ 20 ਹਜ਼ਾਰ ਦੇ ਕਰੀਬ ਭੀੜ ਇਕੱਠੀ ਹੋ ਗਈ ਸੀ। 

ਸਵਾਲ :  ਲੋਕ ਡਰਦੇ ਹਨ ਜਾਂ ਸਮਝਦੇ ਨਹੀਂ ਇਨ੍ਹਾਂ ਮੁੱਦਿਆਂ ਨੂੰ?

ਜਵਾਬ: ਨਹੀਂ ਲੋਕ ਡਰਦੇ ਨਹੀਂ, ਸਮਝਦੇ ਵੀ ਹਨ, ਪਰ ਜਿਵੇਂ ਕੋਈ ਹਿੰਮਤ ਜਿਹੀ ਕਰਨ ਵਾਲਾ ਅੱਗੇ ਲੱਗ ਜਾਵੇ, ਉਥੇ ਇਸ ਪਹਿਲ ਦੀ ਕਮੀ ਹੈ। 

Gurnam Singh ChaduniGurnam Singh Chaduni

ਸਵਾਲ : ਖੇਤੀਬਾੜੀ ਮੰਤਰੀ ਵਾਰ-ਵਾਰ ਇਹ ਗੱਲ ਕਹਿੰਦੇ ਸੁਣੇ ਜਾਂਦੇ ਹਨ ਕਿ ਇਹ ਕੇਵਲ ਦੋ ਸੂਬੇ ਹਨ ਜਿਥੋਂ ਦੇ ਕਿਸਾਨ ਰੌਲਾ ਪਾ ਰਹੇ ਹਨ ਜਦਕਿ ਬਾਕੀ ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਤੋਂ ਖ਼ੁਸ਼ ਹਨ। ਕੀ ਪੂਰੇ ਦੇਸ਼ ਦੀਆਂ ਜਥੇਬੰਦੀਆਂ ਤੁਹਾਡੇ ਨਾਲ ਇਕੱਠੀਆਂ ਨਹੀਂ ਹੋ ਰਹੀਆਂ?

ਜਵਾਬ : ਨਹੀਂ, ਅਜਿਹੀ ਗੱਲ ਨਹੀਂ ਹੈ। ਪੂਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਹਨ ਅਤੇ ਇਕਮੱਤ ਹਨ। ਪਰ ਦੂਜੇ ਸੂਬਿਆਂ ਅਤੇ ਪੰਜਾਬ, ਹਰਿਆਣਾ ਵਿਚ ਇਕ ਅੰਤਰ ਹੈ। ਉਹ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਸਾਰੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਵਿਕਦੀ ਹੈ, ਇਸ ਲਈ ਇਥੇ ਖ਼ਤਰਾ ਇਸ ਦੇ ਬੰਦ ਹੋਣ ਦਾ ਹੈ। ਜੇਕਰ ਗੱਲ ਕਰੀਏ ਬਿਹਾਰ ਦੀ, ਤਾਂ ਉਥੇ ਤਾਂ ਪਹਿਲਾਂ ਕਦੇ ਐਮ ਐਸ ਪੀ ਤੇ ਫ਼ਸਲ ਨਹੀਂ ਵਿਕੀ, ਉਹ ਕਹਿੰਦੇ ਨੇ ਸਾਡੀ ਤਾਂ ਪਹਿਲਾਂ ਹੀ ਨਹੀਂ ਵਿਕਦੀ, ਸਾਨੂੰ ਕੀ ਫ਼ਰਕ ਪੈਣੈ? ਇਸ ਲਈ ਉਨ੍ਹਾਂ ਦੇ ਦਿਮਾਗ਼ ਵਿਚ ਇਹ ਗੱਲ ਬਿਠਾਉਣੀ ਬਹੁਤ ਔਖੀ ਹੈ। ਉਨ੍ਹਾਂ ਨੂੰ ਇਹ ਗੱਲ ਸਮਝਾਉਣੀ ਪਵੇਗੀ ਕਿ ਤੁਸੀਂ ਵੀ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਰੱਖੋ। ਜਿਵੇਂ ਅਸੀਂ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਪੂਰੇ ਦੇਸ਼ ਦੇ ਕਿਸਾਨਾਂ ਲਈ ਮੰਗ ਰਹੇ ਹਾਂ। ਸਾਡੇ ਵਿਚ ਵੀ ਇੰਨੀ ਸਮਰੱਥਾ ਨਹੀਂ ਹੈ ਕਿ ਉਥੇ ਜਾ ਕੇ ਉਥੋਂ ਦੇ ਲੋਕਾਂ ਨੂੰ ਸਮਝਾ ਸਕੀਏ ਕਿ ਇਹ ਤੁਹਾਡੇ ਫ਼ਾਇਦੇ ਦੀ ਗੱਲ ਹੈ। ਜਿਵੇਂ ਉਥੇ ਉਨ੍ਹਾਂ ਦਾ ਝੋਨਾ 1100 ਰੁਪਏ ਵਿਚ ਵਿਕਦਾ ਹੈ ਜੋ 1888 ਵਿਚ ਵਿਕਣਾ ਚਾਹੀਦਾ ਹੈ।

ਸਵਾਲ :  ਉਨ੍ਹਾਂ ਦਾ 1100 ਰੁਪਏ ਵਿਚ ਝੋਨਾ ਵਿਕਦਾ ਹੈ ਤੇ ਉਹ ਉਸੇ ਵਿਚ ਹੀ ਸੰਤੁਸ਼ਟ ਹਨ, ਕੀ ਇਹ ਸਾਡੇ ਲਈ ਠੀਕ ਨਹੀਂ?

ਜਵਾਬ : ਨਹੀਂ, ਉਹ ਸੰਤੁਸ਼ਟ ਨਹੀਂ, ਇਹ ਉਨ੍ਹਾਂ ਦੀ ਮਜਬੂਰੀ ਹੈ। 

ਸਵਾਲ:  ਪਰ ਉਨ੍ਹਾਂ ਦਾ ਗੁਜ਼ਾਰਾ ਤਾਂ ਚੱਲ ਹੀ ਰਿਹਾ ਹੈ ਨਾ?

ਜਵਾਬ : ਨਹੀਂ ਗੁਜ਼ਾਰਾ ਵੀ ਨਹੀਂ ਚੱਲ ਰਿਹਾ, ਸਿਰਫ਼ ਮਜ਼ਬੂਰੀ ਹੈ। ਹੁਣ ਤੁਸੀਂ ਵੇਖੋ, ਅਪਣੇ ਪੰਜਾਬ, ਹਰਿਆਣਾ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਤੁਸੀਂ ਵੇਖੋਗੇ, ਜਿੰਨੇ ਵੀ ਰੇਹੜੀ-ਫੜ੍ਹੀ ਵਾਲੇ ਹਨ, ਜਾਂ ਹੋਰ ਛੋਟੇ-ਛੋਟੇ ਕੰਮਾਂ ਵਿਚ ਲੱਗੇ ਹੋਏ ਹਨ, ਸਾਰੇ ਹੀ ਬਿਹਾਰ, ਯੂਪੀ ਦੇ ਹਨ। ਇਹ ਸਾਰੇ 4-4, 5-5 ਕਿੱਲਿਆਂ ਦੇ ਮਾਲਕ ਹਨ। ਇਥੇ ਜਿਹੜੇ ਮੰਡੀਆਂ ਵਿਚ ਪੱਲੇਦਾਰੀ ਕਰਦੇ ਹਨ, ਉਹ ਸਾਰੇ ਜ਼ਮੀਨਾਂ ਦੇ ਮਾਲਕ ਹਨ। ਜਦਕਿ ਬਿਹਾਰ ਦੀ ਜ਼ਮੀਨ ਵੀ ਵਧੀਆ ਹੈ ਅਤੇ ਪਾਣੀ ਵੀ ਇਥੇ ਨਾਲੋਂ ਜ਼ਿਆਦਾ ਹੈ, ਫਿਰ ਵੀ ਉਹ ਇਥੇ ਆ ਕੇ ਮਜ਼ਦੂਰੀ ਕਰਦੇ ਹਨ। ਉਹ ਅਜਿਹਾ ਕਿਉਂ ਕਰਦੇ ਹਨ? ਜੇਕਰ ਇਨ੍ਹਾਂ ਦਾ ਝੋਨਾ 1888 ਵਿਚ ਵਿਕਦਾ ਹੁੰਦਾ ਤਾਂ ਉਨ੍ਹਾਂ ਨੇ ਇਥੇ ਨਹੀਂ ਸੀ ਆਉਣਾ।

ਸਵਾਲ : ਫਿਰ ਉਨ੍ਹਾਂ ਨੂੰ ਅਪਣੇ ਹੱਕਾਂ ਲਈ ਜਗਾਉਣਾ ਇੰਨਾ ਔਖਾ ਕਿਉਂ ਹੋ ਰਿਹਾ ਹੈ?

ਜਵਾਬ : ਔਖਾ ਇਸ ਲਈ ਹੈ, ਕਿਉਂਕਿ ਕਿਸੇ ਸਿਆਸੀ ਪਾਰਟੀ ਨੇ ਤਾਂ ਇਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਆਸੀ ਪਾਰਟੀਆਂ ਤਾਂ ਚਾਹੁੰਦੀਆਂ ਹਨ ਕਿ ਉਹ ਸੁੱਤੇ ਹੀ ਰਹਿਣ। ਤੁਸੀਂ ਪੰਜਾਬ ਅਤੇ ਹਰਿਆਣਾ ਵਿਚ ਵੇਖ ਲਉ, ਇਥੇ ਕਿਹੜੀ ਪਾਰਟੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ? ਤੁਸੀਂ ਦੇਸ਼ ਦੀ ਵਿਰੋਧੀ ਧਿਰ ਵੇਖ ਲਉ, ਉਹ ਕਿਹੜਾ ਚਾਹੁੰਦੀ ਹੈ? ਇਹ ਇਸ ਕਰ ਕੇ ਹੈ, ਕਿਉਂਕਿ ਇਹ ਸਾਰੇ ਕਿਤੇ ਨਾ ਕਿਤੇ ਕਾਰਪੋਰੇਟਾਂ ਤੋਂ ਚੰਦਾ ਲੈਂਦੇ ਹਨ। ਜੇਕਰ ਇਹ ਕਾਰਪੋਰੇਟਾਂ ਦੇ ਉਲਟ ਬੋਲਦੇ ਹਨ ਤਾਂ ਇਨ੍ਹਾਂ ਨੂੰ ਚੰਦਾ ਨਹੀਂ ਮਿਲੇਗਾ। ਬਿਨਾਂ ਪੈਸੇ ਤੋਂ ਚੋਣ ਨਹੀਂ ਲੜੀ ਜਾਂਦੀ, ਸਾਡੇ ਦੇਸ਼ ਵਿਚ ਇਹੀ ਸੱਭ ਤੋਂ ਮਾੜੀ ਗੱਲ ਹੈ। 

ਫ਼ਰਜ਼ ਕਰੋ ਅਸੀਂ ਮੋਹਾਲੀ ਵਿਚ ਬੈਠੇ ਹਾਂ। ਇਥੇ ਇਕ ਬਹੁਤ ਹੀ ਇਮਾਨਦਾਰ ਬੰਦਾ ਐਮ.ਐਲ.ਏ. ਦੀ ਚੋਣ ਵਿਚ ਖੜਾ ਹੋ ਜਾਂਦਾ ਹੈ। ਇਸ ਦੇ ਮੁਕਾਬਲੇ ਇਕ ਬੰਬੇ ਤੋਂ ਆਇਆ ਪੈਸੇ ਵਾਲਾ ਧਨਾਢ ਵਿਅਕਤੀ ਖੜਾ ਹੋ ਜਾਂਦਾ ਹੈ। ਬੰਬੇ ਵਾਲਾ ਪੂਰਾ ਪੈਸਾ ਖਰਚੇਗਾ ਇਸ ਲਈ ਉਹੀ ਜਿੱਤੇਗਾ ਜਦਕਿ ਇਥੇ ਵਾਲਾ ਇਮਾਨਦਾਰ ਹਾਰ ਜਾਵੇਗਾ। ਤੁਸੀਂ ਦੱਸੋ, ਸੰਨੀ ਦਿਉਲ ਪੰਜਾਬ ਵਿਚ ਆ ਕੇ ਚੋਣ ਜਿੱਤ ਗਿਆ ਹੈ। ਕੀ ਉਹਨੇ ਅਪਣੇ ਚੋਣ ਹਲਕੇ ਵਿਚ ਪਹਿਲਾਂ ਕੰਮ ਕੀਤਾ ਸੀ? ਕੀ ਉਹਨੇ ਪੰਜਾਬ ਵਾਸਤੇ ਕੋਈ ਕੰਮ ਕੀਤਾ ਸੀ? ਕੀ ਉਹਨੇ ਬਣਨ ਤੋਂ ਬਾਅਦ ਇਥੇ ਦੇ ਲੋਕਾਂ ਦੀ ਕੋਈ ਆਵਾਜ਼ ਚੁੱਕੀ ਹੈ? ਨਹੀਂ, ਪਰ ਉਹ ਚੋਣ ਜ਼ਰੂਰ ਜਿੱਤ ਗਿਆ ਸੀ। ਅਗਲੀ ਵਾਰੀ ਆ ਕੇ ਫਿਰ ਜਿੱਤੇਗਾ। ਇਸ ਕਰ ਕੇ ਸਾਰੀਆਂ ਸਿਆਸੀ ਪਾਰਟੀਆਂ ਹੋਰ ਕਿਸੇ ਗੱਲ ਨਾਲੋਂ ਜ਼ਿਆਦਾ ਪੈਸੇ ਨੂੰ ਅਹਿਮੀਅਤ ਦਿੰਦੀਆਂ ਹਨ। 

Gurnam Singh ChaduniGurnam Singh Chaduni

ਸਵਾਲ:  ਕੀ ਵੋਟ ਖਰੀਦੀ ਜਾ ਸਕਦੀ ਹੈ?

ਜਵਾਬ : ਖ਼ਰੀਦੀ ਨਹੀਂ ਜਾਵੇਗੀ, ਮਤਲਬ, ਫ਼ਰਜ਼ ਕਰੋ, ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਉ, ਮੈਂ ਪੱਤਰਕਾਰਤਾ ਬਾਰੇ ਵੀ ਸੱਚ ਬੋਲਣ ਲੱਗਾ ਹੈ। ਚੋਣ ਲੜਨ ਲਈ ਜਿੰਨਾ ਖਰਚਾ, ਬੈਨਰਾਂ, ਗੱਡੀਆਂ ਅਤੇ ਦੂਸਰੇ ਸਾਜ਼ੋ-ਸਮਾਨ ’ਤੇ ਆਉਂਦਾ ਹੈ, ਉਨਾ ਹੀ ਮੀਡੀਆ ’ਤੇ ਆਉਂਦਾ ਹੈ। ਅਖੇ ਮੀਡੀਆ ਨੇ ਖ਼ਬਰ ਨਹੀਂ ਲਾਉਣੀ। ਚੋਣਾਂ ਵੇਲੇ ਜਾ ਕੇ ਤੁਸੀਂ ਵੇਖੋਗੇ ਕਿ ਸਾਰੀਆਂ ਖ਼ਬਰਾਂ ਪੇਡ ਹੋ ਜਾਂਦੀਆਂ ਹਨ। ਉਹ ਤਾਂ ਫਿਰ ਪੈਸੇ ਵਾਲਾ ਹੀ ਛਪਵਾ ਸਕਦਾ ਹੈ। ਜਿਹਦੇ ਕੋਲ ਪੈਸਾ ਹੀ ਨਹੀਂ ਹੋਵੇਗਾ, ਉਹ  ਵਿਚਾਰਾ ਕੀ ਕਰੇਗਾ?...ਉਹਦੀ ਕੌਣ ਮਦਦ ਕਰੇਗਾ, ਕੌਣ ਖ਼ਬਰ ਲਾਵੇਗਾ ਉਹਦੀ? ਦੂਜੀ ਗੱਲ ਉਹਨੇ ਅਪਣਾ ਦਫ਼ਤਰ ਖੋਲ੍ਹ ਲਿਐ, 10 ਬੰਦੇ ਉਹਦੇ ਦਫ਼ਤਰ ਵਿਚ ਗਏ ਨੇ, ਉਹ ਉਨ੍ਹਾਂ ਦੀ ਚੰਗੀ ਸੇਵਾ ਕਰੇਗਾ, ਇਸ ਲਈ ਉਹਦੇ ਕੋਲ ਜ਼ਿਆਦਾ ਲੋਕ ਜਾਣਗੇ। ਦੂਜੇ ਪਾਸੇ ਮੇਰੇ ਵਰਗਾ ਬੈਠਾ ਹੋਵੇਗਾ, ਜੋ ਕਿਸੇ ਨੂੰ ਚਾਹ ਦਾ ਕੱਪ ਵੀ ਨਹੀਂ ਪਿਆ ਸਕੇਗਾ, ਫਿਰ ਉਹਦੇ ਕੋਲ ਜਾ ਕੇ ਕੌਣ ਬੈਠੇਗਾ?

ਸਵਾਲ : ਅੱਜ-ਕਲ ਤਾਂ ਬੜੇ ਇਲਜ਼ਾਮ ਲੱਗ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਨੇ ਇੰਨਾ ਪੈਸਾ ਇਕੱਠਾ ਕਰ ਲਿਆ ਹੈ, ਇਨ੍ਹਾਂ ਨੇ ਇੰਨੇ ਫ਼ੰਡ ਇਕੱਤਰ ਕਰ ਲਏ ਹਨ, ਹੁਣ ਵੀ ਨਹੀਂ ਪੈਸੇ ਆਏ?

ਜਵਾਬ : ਮਾਲਕ ਜਾਣੇ ਜੀ, ਕੀਹਨੇ ਕਿਹੜਾ ਫ਼ੰਡ ਇਕੱਠਾ ਕਰ ਲਿਆ, ਕਿਥੋਂ ਆ ਗਿਆ, ਇਹਦਾ ਤਾਂ ਰੱਬ ਨੂੰ ਹੀ ਪਤਾ ਹੋਣੈ, ਪਰ ਸਾਨੂੰ ਤਾਂ ਇੰਨਾ ਕੁ ਹੀ ਪਤਾ ਹੈ ਕਿ ਅਸੀਂ ਤਾਂ ਪਹਿਲਾਂ ਸੋਚਿਆ ਸੀ ਕਿ ਜਿਨ੍ਹਾਂ ਦੀ ਮੌਤ ਹੁੰਦੀ ਹੈ, ਉਨ੍ਹਾਂ ਨੂੰ ਲੱਖ-ਲੱਖ ਰੁਪਇਆ ਦੇ ਦਿਆਂਗੇ, ਪਰ ਅਸੀਂ ਤਾਂ ਉਹ ਦੇਣ ਜੋਗੇ ਵੀ ਨਹੀਂ ਹਾਂ ਜਦਕਿ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਪੈਸਾ ਆਉਣਾ ਬੰਦ ਹੋ ਗਿਆ ਹੈ। 

ਸਵਾਲ : ਸਰਕਾਰ ਦਾ ਰਵਈਆ ਜ਼ਿੱਦੀ ਬਣ ਚੁਕਿਆ ਹੈ, ਤੁਹਾਨੂੰ ਕੀ ਲੱਗਦੈ, ਦੋਵੇਂ ਪਾਸੇ ਜ਼ਿੱਦੀ ਹੋ ਚੁੱਕੇ ਹਨ ਜਾਂ ਜੇਕਰ ਕਿਸਾਨ ਥੋੜਾ-ਬਹੁਤਾ ਇਧਰ-ਉਧਰ ਕਰ ਕੇ ਸਮਝੌਤਾ ਕਰ ਲੈਂਦੇ, ਇਹ ਜ਼ਿਆਦਾ ਬਿਹਤਰ ਨਾ ਹੁੰਦਾ?

ਜਵਾਬ : ਵੇਖੋ, ਲੜਾਈ ਅਤੇ ਅੱਗ ਜਿਥੇ ਬੁਝ ਜਾਵੇ ਉਥੇ ਹੀ ਚੰਗੀ ਹੁੰਦੀ ਹੈ, ਪਰ ਇਥੇ ਜਿਹੜੀ ਦਿੱਕਤ ਹੈ, ਉਹ ਇਹ ਹੈ ਕਿ ਇਹ ਜਿਹੜੇ ਕਾਨੂੰਨ ਹਨ, ਇਹ ਖੇਤੀ ਕਾਨੂੰਨ ਨਹੀਂ ਹਨ। ਇਨ੍ਹਾਂ ਦਾ ਇਹ ਨਾਮ ਬਿਲਕੁਲ ਗ਼ਲਤ ਰਖਿਆ ਗਿਆ ਹੈ। ਅਸਲ ਵਿਚ ਇਹ ਐਗਰੋ ਬਿਜ਼ਨਿਸ ਕਾਨੂੰਨ ਹਨ, ਖੇਤੀ ਉਤੇ  ਵਪਾਰੀਆਂ ਦੇ ਕਬਜ਼ਾ ਕਾਨੂੰਨ, ਜਿਸ ਕਾਰਨ ਸਾਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ ਕਿ ਜੇਕਰ ਅਸੀਂ ਢਿੱਲ ਦੇ ਕੇ ਸਮਝੌਤਾ ਕਰ ਲਈਏ, ਤਾਂ ਅੱਗੇ ਹੋਰ ਕਾਨੂੰਨ ਆਵੇਗਾ, ਜੋ ਹੋਵੇਗਾ ਤਾਂ ਐਗਰੀਕਲਚਰ ਕਾਨੂੰਨ ਪਰ ਕਿਹਾ ਇਹ ਜਾਵੇਗਾ ਕਿ ਅਸੀਂ ਵਰਲਡ ਮਾਰਕੀਟ ਵਿਚ ਚਲੇ ਗਏ ਹਾਂ, ਹੁਣ ਵਰਲਡ ਮਾਰਕੀਟ ਦੇ ਹਿਸਾਬ ਨਾਲ ਹੀ ਸਾਰਾ ਕੁੱਝ ਹੋਵੇਗਾ। ਹਿੰਦੁਸਤਾਨ ਅਤੇ ਅਮਰੀਕਾ ਦਾ ਰੇਟ ਇਕੋ ਹੋਵੇਗਾ। ਹੁਣ ਚੀਨ, ਹਿੰਦੋਸਤਾਨ ਤੇ ਬ੍ਰਾਜੀਲ ਦਾ ਰੇਟ ਇਕੋ ਹੋਵੇਗਾ...

Gurnam Singh Chaduni Gurnam Singh Chaduni

ਸਵਾਲ :  ਇਹ ਤਾਂ ਚੰਗੀ ਗੱਲ ਹੋਵੇਗੀ ਜੇਕਰ ਰੇਟ ਵਧੀਆ ਮਿਲੇਗਾ ਤਾਂ.... ?

ਜਵਾਬ : ਵਧੀਆ ਕਿਵੇਂ ਮਿਲ ਸਕਦਾ ਹੈ? ਇਥੇ ਮੱਕਾ ਵਿਕ ਰਿਹਾ ਸੀ 2000 ਹਜ਼ਾਰ ਰੁਪਏ, ਪਿਛਲੇ ਸਾਲ ਜੂਨ ਵਿਚ, ਅਮਰੀਕਾ ਤੋਂ 5 ਲੱਖ ਟਨ ਮੱਕਾ ਆਇਆ ਅਤੇ ਮੱਕੇ ਦਾ ਰੇਟ ਹੋ ਗਿਆ 1100 ਤੋਂ 1000 ਰੁਪਏ ਤਕ।

ਸਵਾਲ :  ਪਰ ਜਿਹੜੇ ਚਾਵਲ ਇਥੋਂ ਬਾਹਰ ਗਏ ਹਨ, ਉਹ ਤਾਂ ਕਾਫ਼ੀ ਮੁਨਾਫ਼ੇ ’ਤੇ ਗਏ ਹਨ?

ਜਵਾਬ : ਨਹੀਂ, ਅਜਿਹਾ ਨਹੀਂ ਹੈ, ਚਾਵਲਾਂ ਵਿਚੋਂ ਸਿਰਫ਼ ਬਾਸਮਤੀ ਦਾ ਰੇਟ ਵਧੀਆ ਮਿਲਿਆ ਹੈ। ਹਿੰਦੋਸਤਾਨ ਦੀ ਬਾਸਮਤੀ ਟੌਪ ’ਤੇ ਹੈ ਜਾ ਪਾਕਿਸਤਾਨ ਦੀ ਟੌਪ ’ਤੇ ਹੈ। ਉਹ ਕਈ ਵਾਰ ਨਿਰਯਾਤ ਨਹੀਂ ਕਰਦੇ ਤਾਂ ਜੋ ਇਥੇ ਮੋਟਾ ਧਾਨ ਜ਼ਿਆਦਾ ਪੈਦਾ ਹੋ ਜਾਵੇ ਤਾਂ ਜੋ ਸਸਤਾ ਰਹੇ। 

ਸਵਾਲ :  ਇਹ ਡਰ ਹੈ ਕਿ ਸਰਕਾਰ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ, ਕੀ ਇਹ ਹਹੀਕਤ ਹੈ? ਸਰਕਾਰ ਅਪਣਿਆਂ ਨੂੰ ਕਿਉਂ ਮਾਰਨਾ ਚਾਹੇਗੀ? ਉਨ੍ਹਾਂ ਦੇ ਤਾਂ ਤੁਸੀਂ ਨਾਗਰਿਕ ਹੋ, ਵੋਟਰ ਹੋ...।

ਜਵਾਬ: ਨਹੀਂ, ਅਸੀਂ ਉਨ੍ਹਾਂ ਦੇ ਨਾਗਰਿਕ ਨਹੀਂ ਹਾਂ, ਉਹ ਅੰਤਰਰਾਸ਼ਟਰੀ ਦਬਾਅ ਹੇਠ ਨੇ। ਜਿਵੇਂ ਮੈਂ ਦੱਸ ਰਿਹਾ ਸਾਂ ਕਿ ਇਨ੍ਹਾਂ ਨੇ ਡਬਲਊਟੀਓ ਦੇ ਦਬਾਅ ਹੇਠ ਹਸਤਾਖ਼ਰ ਕਰ ਦਿਤੇ, ਡਬਲਿਊਟੀਓ ਵਿਚ ਇਕ ਸ਼ਰਤ ਹੈ ਕਿ ਕਿਸੇ ਵੀ ਦੇਸ਼ ਦੀ ਸਰਕਾਰ ਅਪਣੇ ਕਿਸਾਨਾਂ ਨੂੰ ਵਰਲਡ ਮਾਰਕੀਟ ਤੋਂ ਜ਼ਿਆਦਾ ਰੇਟ ਨਹੀਂ ਦੇ ਸਕਦੀ। ਹੁਣ ਜੇਕਰ ਸੰਸਾਰ ਮਾਰਕੀਟ ਦਾ ਰੇਟ ਆਪਾਂ ਵੇਖੀਏ, ਅੱਜ ਬਾਜ਼ਾਰ ਵਿਚ ਜਿਹੜੀ ਕਣਕ ਹੈ, ਉਹ 1700 ਰੁਪਏ ਨੂੰ ਵਿਕ ਰਹੀ ਹੈ ਜਦਕਿ ਅਪਣਾ ਰੇਟ 1975 ਰੁਪਏ ਹੈ। ਅੱਜ ਮੱਕਾ ਬਾਜ਼ਾਰ ਵਿਚ 1000 ਰੁਪਏ ਨੂੰ ਵਿਕਦਾ ਹੈ, ਜਦਕਿ ਅਪਣਾ ਰੇਟ 1850 ਰੁਪਏ ਹੈ। 

ਸਵਾਲ : ਸਾਡਾ ਰੇਟ ਵੱਧ ਅਤੇ ਵਰਲਡ ਮਾਰਕੀਟ ਦਾ ਰੇਟ ਘੱਟ ਕਿਉਂ ਹੈ?

ਜਵਾਬ : ਉਹ ਇਸ ਕਰ ਕੇ ਘੱਟ ਹੈ ਕਿਉਂਕਿ ਸਾਡਾ ਜਿਹੜਾ ਕਿਸਾਨ ਹੈ, ਹਿੰਦੁਸਤਾਨ ਵਿਚ ਖੇਤੀ ਰੁਜ਼ਗਾਰ ਹੈ, ਇਥੇ 82 ਫ਼ੀ ਸਦੀ ਕਿਸਾਨ ਢਾਈ ਏਕੜ ਤੋਂ ਘੱਟ ਵਾਲੇ ਹਨ, ਉਨ੍ਹਾਂ ਦਾ ਰੁਜ਼ਗਾਰ ਇਹੀ ਹੈ ਬੱਸ। ਉਹ ਕਿਤੇ ਫ਼ੈਕਟਰੀ ਵਿਚ ਕੰਮ ਨਹੀਂ ਕਰ ਸਕਦੇ, ਉਹ ਕਿਤੇ ਹੋਰ ਕੰਮ ਨਹੀਂ ਕਰ ਸਕਦੇ, ਵੈਸੇ ਵੀ ਇਥੇ ਕੰਮ ਮਿਲਦਾ ਵੀ ਨਹੀਂ ਹੈ। ਉਹ ਢਾਈ ਏਕੜ ਵਿਚੋਂ ਅਪਣਾ ਪੇਟ ਪਾਲ ਰਹੇ ਹਨ। ਬੱਸ ਇੰਨਾ ਕੁ ਹੀ ਹੈ। ਇਸ ਦੇ ਉਲਟ ਜੇਕਰ ਆਪਾਂ ਅਮਰੀਕਾ ਵਿਚ ਜਾਈਏ, ਤਾਂ ਉਥੇ 10 ਵਰਗ ਕਿਲੋਮੀਟਰ ਦੀ ਐਵਰੇਜ ਹੈ ਮਤਲਬ ਸਾਢੇ 2200 ਕਿੱਲੇ। ਇੱਥੇ ਢਾਈ ਕਿੱਲੇ, ਉਥੇ ਸਾਢੇ 2200 ਕਿੱਲੇ। ਕੀ ਇਨ੍ਹਾਂ ਵਿਚਾਲੇ ਮੁਕਾਬਲਾ ਹੋ ਸਕਦਾ ਹੈ? ਸਾਢੇ 2200 ਕਿੱਲੇ ਵੀ ਮੈਂ ਐਵਰੇਜ ਦੱਸੀ ਹੈ, ਉਂਝ ਉਥੇ 10 ਹਜ਼ਾਰ, 20 ਹਜ਼ਾਰ ਏਕੜ ਦੇ ਪਲਾਟ ਵੀ ਨੇ। 

ਦੂਜਾ ਉਥੇ ਸਾਰੀ ਖੇਤੀ ਮਸ਼ੀਨ ਨੇ ਕਰਨੀ ਹੈ, ਜਦਕਿ ਇਥੇ ਸਾਰੀ ਖੇਤੀ ਲੇਬਰ ਨੇ ਕਰਨੀ ਹੈ। ਫ਼ਰਜ਼ ਕਰੋਂ ਆਪਾਂ ਕਪਾਹ ਚੁਗਣੀ ਹੈ, ਹਿੰਦੁਸਤਾਨ ਵਿਚ ਜੇਕਰ ਬੰਦਾ ਕਪਾਹ ਬੀਜਦਾ ਹੈ ਤਾਂ ਉਹਦਾ ਇਕੱਲਾ-ਇਕੱਲਾ ਫੁੱਲ ਚੁਗਦਾ ਹੈ, ਜੇਕਰ ਉਹੀ ਕਪਾਹ ਅਮਰੀਕਾ ਦਾ ਕਿਸਾਨ ਬੀਜਦਾ ਹੈ ਤਾਂ ਉਥੇ 5 ਹਜ਼ਾਰ ਏਕੜ ਵਿਚ ਕਪਾਹ ਹੀ ਹੈ, ਉਥੇ ਵੱਡੀ ਮਸ਼ੀਨ ਆਵੇਗੀ, ਉਹ ਇਕੋ ਵਾਰੀ ਸਾਰੀ ਕਪਾਹ ਚੁੱਗ ਲਵੇਗੀ ਅਤੇ ਬੰਡਲ ਬਣਾ ਕੇ ਪਿੱਛੇ ਸੁੱਟ ਦੇਵੇਗੀ, ਦੂਜੀ ਮਸ਼ੀਨ ਆਵੇਗੀ, ਉਸ ਨੂੰ ਚੁੱਕ ਕੇ ਟਰਾਲੀ ਵਿਚ ਰੱਖੇਗੀ ਅਤੇ ਕਪਾਹ ਸਿੱਧੀ ਗੁਦਾਮ ਵਿਚ ਪਹੁੰਚ ਜਾਵੇਗੀ। ਉਥੋਂ ਅੱਗੇ ਸਿੱਧੀ ਫੈਕਟਰੀ ਵਿਚ ਚਲੇ ਜਾਵੇਗੀ। ਉਥੇ ਕੁੱਝ ਵੀ ਲੇਬਰ ਨਹੀਂ ਲੱਗੀ, ਜਦਕਿ ਇਥੇ ਇਕ ਕਿੱਲੇ ’ਤੇ ਹੀ 10 ਹਜ਼ਾਰ ਖਰਚਾ ਕੇਵਲ ਲੇਬਰ ਦਾ ਹੀ ਆ ਜਾਵੇਗਾ। 

Gurnam Singh ChaduniGurnam Singh Chaduni

ਸਵਾਲ : ਜਦੋਂ ਖੇਤੀਬਾੜੀ ਮੰਤਰੀ ਨਾਲ ਬੈਠੇ ਸੀ, ਤੁਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਨ੍ਹਾਂ ਨੂੰ ਵੀ ਤਾਂ ਪਤਾ ਹੀ ਹੈ, ਸਾਡੀ ਆਬਾਦੀ ਕਿਹੋ ਜਿਹੀ ਹੈ, ਸਾਡੀਆਂ ਲੋੜਾਂ ਕਿਹੋ ਜਿਹੀਆਂ ਹਨ, ਉਹ ਕਿਉਂ ਉਸ ਮਾਡਲ ਨੂੰ ਅਪਨਾਉਣਾ ਚਾਹੁੰਦੇ ਹਨ?

ਜਵਾਬ : ਮੈਂ ਤਾਂ ਇਹੀ ਕਹਿੰਦਾ ਹਾਂ ਇਹ ਸਰਕਾਰ ਬੀਜੇਪੀ ਦੀ ਹੈ ਹੀ ਨਹੀਂ, ਇਹ ਸਰਕਾਰ ਹੈ ਕਾਰਪੋਰੇਟਾਂ ਦੀ, ਇਨ੍ਹਾਂ ਨੇ ਹਿੰਦੋਸਤਾਨ ਦੀ ਸੰਵਿਧਾਨ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿਤੀਆਂ ਹਨ। ਸੰਵਿਧਾਨ ਕਹਿੰਦੈ, ਲੋਕਾਂ ਦਾ ਰਾਜ, ਲੋਕਾਂ ਦੁਆਰਾ, ਲੋਕਾਂ ਵਾਸਤੇ ਜਦਕਿ ਇਹ ਹੋ ਗਿਐ ਕਾਰਪੋਰੇਟਾਂ ਦਾ ਰਾਜ, ਕਾਰਪੋਰੇਟਾਂ ਦੁਆਰਾ, ਕਾਰਪੋਰੇਟਾਂ ਵਾਸਤੇ। ਮੈਂ ਇਕ ਹੋਰ ਕੌੜੀ ਗੱਲ ਕਹਾਂ, ਅੱਜ ਤਿੰਨ ਚੀਜ਼ਾਂ ’ਤੇ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਹੈ, ਅਪਣਾ ਦੇਸ਼ ਵਿੱਕ ਚੁੱਕਿਆ ਹੈ, ਗ਼ੁਲਾਮ ਹੋ ਚੁੱਕਾ ਹੈ, ਤਿੰਨ ਚੀਜ਼ਾਂ ਜਿਨ੍ਹਾਂ ’ਤੇ ਕਾਰਪੋਰੇਟ ਦਾ ਕਬਜ਼ਾ ਹੋ ਚੁੱਕੈ, ਉਹ ਹਨ, ਨੰਬਰ-1 ਦੇਸ਼ ਦਾ ਪੈਸਾ, ਦੇਸ਼ ਦਾ ਸਾਢੇ 21 ਸੌ ਕਰੋੜ ਆਮਦਨ ਇਕੋ ਪਰਵਾਰ ਦੀ ਹੈ, ਇਕ ਦਿਨ ਦੀ। ਪੂਰੇ ਦੇਸ਼ ਦਾ ਪੈਸਾ ਚੰਦ ਘਰਾਂ ਕੋਲ ਇਕੱਠਾ ਹੋ ਗਿਆ ਹੈ। ਨੰਬਰ-2, ਦੇਸ਼ ਦੀ ਸੱਤਾ, ਦੇਸ਼ ਦੀ ਸੱਤਾ ’ਚ ਤੁਸੀਂ ਵੇਖੋਗੇ, ਦੇਸ਼ ਦੇ ਜ਼ਿਆਦਾਤਰ ਰਾਜ ਸਭਾ ਮੈਂਬਰ ਪੂੰਜੀਪਤੀ ਹਨ। ਰਾਜ ਸਭਾ ਦਾ ਮੈਂਬਰ ਚਾਹੀਦਾ ਹੈ, ਜੋ ਦੇਸ਼ ਦੀ ਨੁਮਾਇੰਦਗੀ ਕਰਨ ਯੋਗ ਹੋਵੇ। ਇਹ ਕੀ? ਇਕ ਡਾਂਸ ਕਰਨ ਵਾਲਾ ਰਾਜ ਸਭਾ ਮੈਂਬਰ ਲੈ ਲਿਆ। ਉਹਨੇ ਕੀ ਕਰਨਾ ਹੈ ਦੇਸ਼ ਬਾਰੇ? ਅੱਜ ਰਾਜ ਸਭਾ ਵਿਚ ਜ਼ਿਆਦਾਤਰ ਪੂੰਜੀਪਤੀ ਬੈਠੇ ਹਨ, ਉਹ ਇਸ ਕਰ ਕੇ ਕਿ ਇਹ ਪਾਰਟੀ ਨੂੰ ਫ਼ੰਡ ਦੇ ਦੇਣਗੇ। ਮਤਲਬ ਉਹਨੇ ਸੀਟ ਮੁੱਲ ਖਰੀਦ ਲਈ। ਜਦੋਂ ਉਹਨੇ ਸੀਟ ਹੀ ਮੁੱਲ ਖਰੀਦ ਲਈ, ਜਦੋਂ ਐਮ.ਪੀ. ਦੀ ਸੀਟ ਹੀ ਮੁੱਲ ਖਰੀਦ ਲਈ ਤਾਂ ਉਥੇ ਕਾਨੂੰਨ ਕਿਸ ਦਾ ਬਣੇਗਾ? ਨੰਬਰ-3, ਦੇਸ਼ ਦਾ ਮੀਡੀਆ, ਅੱਜ ਤੁਸੀਂ ਵੇਖੋ, ਅੰਬਾਨੀ ਦੇ ਕਿੰਨੇ ਚੈਨਲ ਹਨ? ਅੱਜ ਕਿੰਨੇ ਚੈਨਲ ਨੇ ਅਡਾਨੀ ਦੇ? ਅੱਜ ਕਿੰਨੇ ਚੈਨਲ ਨੇ ਕਰਨਾਲ ਦੇ ਸੁਭਾਸ਼ ਚੰਦਰਾ ਦੇ? ਆਪਾਂ ਕਹਿੰਦੇ ਹਾਂ ਮੀਡੀਆ ਵਿਕ ਗਿਆ। ਮੀਡੀਆ ਵਿਕਿਆ ਨਹੀਂ, ਉਨ੍ਹਾਂ ਨੇ ਤਾਂ ਅਪਣਾ ਹੀ ਬਣਾ ਲਿਐ। ਜੇ ਮੈਂ ਅਪਣਾ ਚੈਨਲ ਬਣਾ ਲਵਾਂ, ਉਹ ਤਾਂ ਮੇਰੀ ਹੀ ਗੱਲ ਕਰੇਗਾ ਨਾ, ਉਨ੍ਹਾਂ ਨੇ ਚੈਨਲ ਹੀ ਅਪਣੇ ਬਣਾ ਲਏ, ਇਹ ਤਾਂ ਤੁਹਾਡੇ ਵਰਗੇ ਜਿਹੜੇ ਚੈਨਲ ਨੇ, ਜਾਂ ਇਹ ਯੂਟਿਊਬ ਵਾਲੇ, ਸਾਨੂੰ ਤਾਂ ਯੂਟਿਊਬ ਵਾਲਿਆਂ ਨੇ ਬਚਾ ਲਿਆ...।

ਸਵਾਲ : ਅਸੀਂ ਤਾਂ ਉਥੇ ਹੀ ਹੈਗੇ ਹਾਂ... ?

ਜਵਾਬ :  ਤਾਂ ਹੀ ਬਚੇ ਰਹੇ ਹਾਂ, ਸਾਨੂੰ ਤਾਂ ਇਨ੍ਹਾਂ ਛੋਟੇ ਚੈਨਲਾਂ ਨੇ ਹੀ ਬਚਾਇਐ, ਤੁਸੀਂ ਕਦੇ ਵੱਡੇ ਚੈਨਲਾਂ ’ਤੇ ਸਾਡੀ ਖ਼ਬਰ ਆਉਂਦੀ ਵੇਖੀ ਹੈ? 500 ਬੰਦੇ ਮਰ ਗਏ, ਇਹ ਕੋਈ ਛੋਟੀ ਗੱਲ ਹੈ? ਕਿਸੇ ਚੈਨਲ ’ਤੇ ਆਈ ਹੈ ਇਹ ਖ਼ਬਰ? 

ਸਵਾਲ :  ਇਕ ਆਖਰੀ ਸਵਾਲ ਤੁਹਾਡੇ ਤੋਂ ਪੁਛਣਾ ਚਾਹੁੰਦੇ ਹਾਂ। ਇਕ ਅਸੀਂ ਹੋਸ਼ ਅਤੇ ਜੋਸ਼ ਦੀ ਗੱਲ ਕਰਦੇ ਹਾਂ, ਹੋਸ਼ ਜੋ ਤੁਹਾਡੇ ਵਰਗੇ ਵੱਡੇ ਆਗੂ ਨੇ ਅਤੇ ਜੋਸ਼ ਨੌਜਵਾਨ ਹਨ, ਨੌਜਵਾਨਾਂ ਬਾਰੇ ਕੀ ਟਿੱਪਣੀ ਕਰੋਗੇ, ਕਿਉਂਕਿ ਕੁੱਝ ਇਹੋ ਜਿਹੀਆਂ ਚੀਜ਼ਾਂ ਵੀ ਵੇਖੀਆਂ ਹਨ, ਜਿਨ੍ਹਾਂ ਬਾਰੇ ਗੱਲ ਨਾ ਵੀ ਕਰੀਏ ਪਰ ਉਹ ਹੈ ਅੱਜ, ਉਹ ਕਮਜ਼ੋਰੀਆਂ ਦਾ ਕਾਰਨ ਵੀ ਬਣ ਰਿਹੈ, ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ? ਇਸ ਜੋਸ਼ ਨੇ ਤੁਹਾਨੂੰ ਜੋ ਤਾਕਤ ਦਿਤੀ ਹੈ? ਉਹ ਤਾਕਤ ਸੀ ਜਾਂ ਤੁਹਾਡੀ ਕਮਜ਼ੋਰੀ ਵੀ ਸਾਬਤ ਹੋਈ ਹੈ?
ਜਵਾਬ : ਨਹੀਂ, ਮੈਂ ਇਹ ਸਮਝਦਾ ਹਾਂ ਕਿ ਸਾਡਾ ਜਿਹੜਾ ਨੌਜਵਾਨ ਹੈ, ਉਹਨੂੰ ਰਸਤਾ ਦਿਖਾਉਣ ਵਾਲਾ ਕੋਈ ਜ਼ਿਆਦਾ ਸਿਆਣਾ ਨਹੀਂ ਹੈ। ਉਨ੍ਹਾਂ ਵਿਚ ਜੋਸ਼ ਤਾਂ ਹੈ, ਪਰ ਉਨ੍ਹਾਂ ਨੂੰ ਥੋੜਾ ਜਿਹਾ, ਜਿਵੇਂ ਉਨ੍ਹਾਂ ਨੂੰ ਯਕੀਨ ਦਿਵਾਉਣ ਵਾਲੀ ਗੱਲ ਹੋਵੇਗੀ, ਜਿਵੇਂ ਬਾਪੂ ਹੁੰਦੈ, ਜਿਸ ਬਾਰੇ ਯਕੀਨ ਹੁੰਦੈ ਕਿ ਇਹ ਜੋ ਕੁੱਝ ਵੀ ਕਰੇਗਾ, ਠੀਕ ਹੀ ਕਰੇਗਾ, ਉਹ ਥੋੜਾ ਜਿਹਾ ਭਰੋਸਾ ਘੱਟ ਹੈ, ਪਰ ਉਹ ਕੰਮ ਬਹੁਤ ਚੰਗਾ ਕਰਦੇ ਨੇ। ਕੰਮ ਅਸੀਂ ਹਰਿਆਣੇ ਵਿਚ ਵੇਖ ਰਹੇ ਹਾਂ। ਅਸੀਂ ਕਿਹਾ, ਜਿਹੜੇ ਐਮ.ਪੀ. ਨੇ ਉਨ੍ਹਾਂ ਦਾ ਬਾਈਕਾਟ ਕਰੋ। ਕਲ ਮੇਰੇ ਖਿਆਲ 4-5 ਜਗ੍ਹਾ ਤੋਂ ਭਜਾਏ ਨੇ, ਮਤਲਬ ਠੀਕ ਕੰਮ ਕਰ ਰਹੇ ਹਨ। ਪਰ ਉਨ੍ਹਾਂ ਨੂੰ ਜ਼ਬਤ ਵਿਚ ਰਹਿਣ ਲਈ ਤਿਆਰ ਕਰਨਾ ਜਿਵੇਂ ਕਾਨੂੰਨ ਹੱਥ ਵਿਚ ਨਹੀਂ ਲੈਣਾ, ਜਾਂ ਗੱਡੀ ਨਹੀਂ ਭੰਨਣੀ ਆਦਿ, ਉਥੇ ਆ ਕੇ ਸਾਡਾ ਕੰਟਰੋਲ ਥੋੜਾ ਢਿੱਲਾ ਰਹਿ ਜਾਂਦਾ ਹੈ। ਉਨ੍ਹਾਂ ਦਾ ਜੋਸ਼ ਥੋੜਾ ਆਪੇ ਤੋਂ ਬਾਹਰ ਹੋ ਜਾਂਦਾ ਹੈ। ਜੇਕਰ ਉਸ ’ਤੇ ਥੋੜ੍ਹਾ ਜਿਹਾ ਕੰਟਰੋਲ ਹੋ ਜਾਵੇ ਤਾਂ ਫਿਰ ਸਾਡਾ ਅੰਦੋਲਨ ਬੜੀ ਸਹੀ ਜਗ੍ਹਾ ’ਤੇ ਵੀ ਜਾ ਸਕਦਾ ਹੈ। 

ਸਵਾਲ : ਕੀ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਵਿਚ ਕੋਈ ਫ਼ਰਕ ਹੈ?

ਜਵਾਬ : ਨੌਜਵਾਨ ਤਾਂ ਨੌਜਵਾਨ ਹੀ ਹੁੰਦੇ ਨੇ। ਨੌਜਵਾਨ ਕੰਮ ਬੜਾ ਚੰਗਾ ਕਰਦੇ ਹਨ, ਇਸ ਵਿਚ ਕੋਈ ਸ਼ੱਕ ਨਹੀਂ।

ਸਵਾਲ : ਕੁੱਝ ਧੜੇਬੰਦੀ, ਕੁੱਝ ਮਸਾਲਾ ਪਾਉਣ ਦੀ ਆਦਤ ਥੋੜੀ ਜ਼ਿਆਦਾ ਹੈਗੀ ਹੈ?

ਜਵਾਬ : ਨਹੀਂ, ਮਸਾਲਾ ਪਾਉਣ ਦੀ ਆਦਤ ਵੀ ਜ਼ਿਆਦਾ ਨਹੀਂ ਹੈ, ਬੱਸ ਥੋੜਾ ਵਿਸ਼ਵਾਸ ਦੀ ਜ਼ਰੂਰਤ ਹੈ, ਮੇਰੇ ਖਿਆਲ ਨਾਲ। ਵੇਖੋ, ਉਹ ਚਾਹੁੰਦੇ ਨੇ ਛੇਤੀ ਕੰਮ ਹੋ ਜਾਵੇ, ਜਦਕਿ ਜਿਹੜਾ ਬਜ਼ੁਰਗ ਹੈ, ਉਹ ਚਾਹੁੰਦੈ, ਕਿਤੇ ਡੰਡਾ ਸੋਟਾ ਨਾ ਵੱਜ ਜਾਵੇ, ਇੰਨਾ ਕੁ ਹੀ ਫ਼ਰਕ ਹੁੰਦੈ ਬੱਸ ਸੋਚ ਵਿਚ। ਮਤਲਬ ਥੋੜਾ ਜਿਹਾ ਤਾਲਮੇਲ ਬਿਠਾਉਣ ਦੀ ਲੋੜ ਹੈ। 

Gurnam Singh ChaduniGurnam Singh Chaduni

ਸਵਾਲ : ਤੁਹਾਨੂੰ ਲਗਦੈ ਕਿ ਇਹ ਸੰਘਰਸ਼ ਕਾਮਯਾਬ ਹੋਵੇਗਾ?

ਜਵਾਬ : ਵੇਖੋ, ਇਹ ਸੰਘਰਸ਼ ਸਾਡਾ ਪੈਦਾ ਕੀਤਾ ਹੋਇਆ ਨਹੀਂ, ਸਾਡੀ ਕੋਈ ਔਕਾਤ ਨਹੀਂ ਸੀ ਇੰਨਾ ਲੰਮਾ ਧਰਨਾ ਲਾਉਣਾ ਇੰਨੇ ਜ਼ਿਆਦਾ ਲੰਗਰ ਲਾਉਣੇ, ਇਹ ਉਸ ਅਕਾਲ ਪੁਰਖ ਮਾਲਕ ਦਾ ਖੜਾ ਕੀਤਾ ਹੋਇਐ। ਇਹ ਉਹਦੀ ਬਖਸ਼ਿਸ਼ ਹੈ, ਅਤੇ ਮੇਰਾ ਖਿਆਲ ਹੈ ਕਿ ਇਹ ਖ਼ੁਦਾ ਅਤੇ ਖ਼ੁਦਾ ਦੇ ਵੈਰੀ ਵਰਗਾ ਹੋ ਗਿਐ। ਕਿਉਂਕਿ ਇਹ ਰੋਟੀ ’ਤੇ ਕਬਜ਼ਾ ਕਰਨਾ ਚਾਹੁਣ ਵਾਲਿਆਂ ਵਿਰੁਧ ਜੰਗ ਹੈ, ਮਤਲਬ ਕਾਨੂੰਨ ਰਾਹੀਂ ਰੋਟੀ ’ਤੇ ਕਬਜ਼ਾ। ਅੱਗੇ ਖੇਤੀ ਵੀ ਕਾਰਪੋਰੇਟ ਨੇ ਹੀ ਕਰਨੀ ਹੈ। ਜੇ ਰੋਟੀ ’ਤੇ ਚੰਦ ਲੋਕਾਂ ਦਾ ਕਬਜ਼ਾ ਹੋ ਗਿਆ, ਫਿਰ ਤਾਂ ਉਹ ਰੱਬ ਬਣ ਜਾਣਗੇ, ਉਹ ਸੈਕੰਡ ਰੱਬ ਹੋ ਜਾਣਗੇ। ਰੋਟੀ ਦੇਣੀ ਹੈ ਰੱਬ ਨੇ, ਰੱਬ ਨੇ ਪੱਥਰ ਵਿਚ ਕੀੜਾ ਪੈਦਾ ਕੀਤਾ ਹੈ, ਉਸ ਨੂੰ ਵੀ ਰੋਟੀ ਦੇਣੀ ਹੈ, ਰੱਬ ਨੇ ਚਿੜੀ ਜਨੌਰ ਪੈਦਾ ਕੀਤੇ, ਉਨ੍ਹਾਂ ਨੂੰ ਵੀ ਦੇਣੀ ਹੈ, ਜਿਹੜੇ ਪਾਣੀ ਵਿਚ ਪੈਦਾ ਕੀਤੇ ਉਨ੍ਹਾਂ ਨੂੰ ਵੀ ਦੇਣੀ ਹੈ ਅਤੇ ਜਿਹੜੇ ਅਸਮਾਨ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਦੇਣੀ ਹੈ, ਜਦਕਿ ਇਹ ਕਹਿੰਦੇ ਹਨ ਕਿ 84 ਲੱਖ ਜੂਨੀ ਵਿਚ ਜਿਹੜਾ ਸੱਭ ਤੋਂ ਉਪਰ ਹੈ, ਉਹਦੀ ਰੋਟੀ ਅਸੀਂ ਅਪਣੇ ਕਬਜ਼ੇ ਵਿਚ ਕਰਨੀ ਹੈ। ਫਿਰ ਰੱਬ ਰਾਜ਼ੀ ਕਿਵੇਂ ਰਹਿ ਜਾਵੇਗਾ ਜੀ? ਇਸ ਲਈ ਇਹ ਖੁਦਾ ਅਤੇ ਖੁਦੀ ਦਾ ਵੈਰ ਹੈ, ਇਸ ਕਰ ਕੇ ਸਰਕਾਰ ਤਾਂ ਹਰ ਹਾਲ ਹਾਰੇਗੀ ਹੀ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਰੋਟੀ ਉਨ੍ਹਾਂ ਦੇ ਕਬਜ਼ੇ ਵਿਚ ਚਲੇ ਜਾਵੇਗੀ, ਅਜਿਹਾ ਹੋ ਗਿਆ ਤਾਂ ਰੱਬ ਕਿੱਧਰ ਗਿਆ। ਫਿਰ ਤਾਂ ਰੱਬ ਰਹੇਗਾ ਹੀ ਨਹੀਂ। 

ਸਵਾਲ : ਸਾਡੇ ਦਰਸ਼ਕਾਂ ਨੂੰ ਕੋਈ ਖ਼ਾਸ ਸੁਨੇਹਾ ਦੇਣਾ ਚਾਹੋਗੇ।

ਜਵਾਬ : ਬੱਸ ਮੈਂ, ਇੰਨਾ ਕੁ ਹੀ ਸੁਨੇਹਾ ਦੇਣਾ ਚਾਹਾਂਗਾ, ਇਹ ਧਰਮ ਯੁੱਧ ਹੈ, ਇਹ ਇਕੱਲਾ ਕਿਸਾਨੀ ਦਾ ਨਹੀਂ ਹੈ, ਇਹ ਖੇਤੀ ਕਾਨੂੰਨ ਨਹੀਂ ਹੈ, ਇਹ ਐਗਰੋ ਬਿਜ਼ਨਿਸ ਕਾਨੂੰਨ ਹੈ। ਅਸੀਂ ਤਾਂ ਅਪਣਾ ਅੱਧਾ ਖਾਣ ਜੋਗਾ ਸੌਦਾ ਖੇਤ ਵਿਚ ਵੀ ਪੈਦਾ ਕਰ ਲੈਣਾ ਹੈ ਪਰ ਜਿਹੜੇ ਵਿਚਾਰੇ ਸਾਰਾ ਮੁੱਲ ਲੈ ਕੇ ਖਾਂਦੇ ਹਨ, ਉਹ ਕਿੱਧਰ ਜਾਣਗੇ? ਜਿਵੇਂ ਹੁਣ ਤੁਸੀਂ ਸਰ੍ਹੋਂ ਦੀ ਗੱਲ ਕੀਤੀ ਹੈ, ਸਾਡੇ ਕੋਲ ਤਾਂ ਘਰ ਦੀ ਹੈ, ਭਾਵੇਂ ਤੇਲ 200 ਰੁਪਏ ਕਿੱਲੋ ਹੋ ਜਾਵੇ ਜਾਂ 50 ਰੁਪਏ ਕਿੱਲੇ ਹੋਜੇ, ਪਰ ਜਿਹੜਾ ਮੁੱਲ ਲੈ ਕੇ ਖਾ ਰਿਹੈ, ਉਹਦਾ ਕੀ ਬਣੇਗਾ? ਇਹ ਹਾਲ ਹਰ ਚੀਜ਼ ਦਾ ਹੋਵੇਗਾ, ਜਿਵੇਂ ਦਾਲ 200 ਰੁਪਏ ਕਿੱਲੇ ਹੋਈ ਸੀ, ਅਸੀਂ ਤਾਂ ਘਰ ਦੀ ਬੀਜੀ ਸੀ, ਭਾਵੇਂ 500 ਰੁਪਏ ਕਿੱਲੇ ਹੋ ਜਾਵੇ, ਅਸੀਂ ਬਦਲ ਲਵਾਂਗੇ, ਜਿਵੇਂ ਮੇਰਾ ਰਿਸ਼ਤੇਦਾਰ ਰਾਜਸਥਾਨ ਵਿਚ ਰਹਿੰਦਾ ਹੈ। ਮੈਂ ਬਾਜਰਾ ਰਾਜਸਥਾਨ ਤੋਂ ਲੈ ਆਵਾਂਗਾ ਅਤੇ ਕਣਕ ਉਹਨੂੰ ਦੇ ਆਵਾਂਗਾ। ਆਪਾਂ ਤਾਂ ਇਹ ਕਰ ਲਵਾਂਗੇ, ਪਰ ਮੁੱਲ ਲੈ ਕੇ ਤਾਂ ਸਾਰਿਆਂ ਨੇ ਖਾਣਾ ਹੈ, ਇਸ ਕਰ ਕੇ ਇਹ ਜਿਹੜਾ ਅੰਦੋਲਨ ਹੈ, ਇਹ ਧਰਮ ਯੁੱਧ ਹੈ। ਇਸ ਧਰਮ ਯੁੱਧ ਵਿਚ ਮੈਂ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਕਰਾਂਗਾ, ਬੱਚੇ ਤੋਂ ਲੈ ਕੇ ਬਜ਼ੁਰਗ ਤਕ, ਜੋ ਕੋਈ ਵੀ ਇਸ ਵਿਚ ਸੇਵਾ ਕਰ ਸਕਦਾ ਹੈ, ਉਹ ਕਰੇ, ਉਹ ਅਪਣੇ ਘਰ ਦੇ ਮੂਹਰੇ ਵੀ ਝੰਡਾ ਲੈ ਕੇ ਬਹਿ ਸਕਦਾ ਹੈ, ਜੇਕਰ ਬਾਹਰ ਨਹੀਂ ਜਾ ਸਕਦਾ। 

ਇਕ 80-90 ਸਾਲ ਦਾ ਬਜ਼ੁਰਗ ਜੇਕਰ ਬਾਹਰ ਨਹੀਂ ਜਾ ਸਕਦਾ ਤਾਂ ਉਹ ਅਪਣੇ ਘਰ ਦੇ ਮੂਹਰੇ ਮੰਜੇ ’ਤੇ ਝੰਡਾ ਗੱਡ ਲਵੇ। ਉਹੀ ਪ੍ਰਦਰਸ਼ਨ ਹੋਵੇਗਾ। ਅਪਣੇ ਘਰ ਉਤੇ ਝੰਡਾ ਲਾ ਲਵੇ, ਉਹੀ ਪ੍ਰਦਰਸ਼ਨ ਹੈ। ਅਪਣੇ ਪਿੰਡ ਵਿਚ ਜਲੂਸ ਕੱਢ ਲਵੇ, ਉਹ ਵੀ ਪ੍ਰਦਰਸ਼ਨ ਹੈ। ਪਿੰਡ ਦੇ ਬੰਦੇ ਬਾਹਰ ਇਕੱਠੇ ਹੋ ਕੇ ਧਰਨਾ ਲਾ ਦੇਣ, ਉਹ ਵੀ ਪ੍ਰਦਰਸ਼ਨ ਹੋਵੇਗਾ। ਜੇ ਬੀਜੇਪੀ ਵਾਲੇ ਵੋਟ ਮੰਗਣ ਆਉਂਦੇ ਹਨ, ਤਾਂ ਉਨ੍ਹਾਂ ਨੂੰ ਅੱਗੋਂ ਛਿੱਤਰ ਮਾਰ ਦੇਣ, ਉਹ ਵੀ ਅੰਦੋਲਨ ਹੋ ਗਿਆ। ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਇਹ ਬੱਚੇ ਤੋਂ ਲੈ ਕੇ ਬਜ਼ੁਰਗ ਤਕ, ਇਹ ਤਾਂ ਧਰਮ ਯੁੱਧ ਹੈ, ਇਹ ਸਾਰਿਆਂ ਨੂੰ ਲੜਨਾ ਪਵੇਗਾ, ਬਾਕੀ ਕੋਈ ਚਾਰਾ ਨਹੀਂ, ਨਹੀਂ ਤਾਂ ਇਹ ਖਾ ਜਾਣਗੇ। ਇਹ ਕੋਈ ਇਨਸਾਨ ਨਹੀਂ, ਇਹ ਤਾਂ ਕਸਾਈ ਹੋ ਗਏ ਹਨ। ਬੰਦੇ ਦੇ ਸਾਹ ਨਿਕਲ ਰਹੇ ਨੇ, ਆਕਸੀਜਨ ਦਾ ਸਿਲੰਡਰ ਹੈ ਪਰ ਉਹ ਕਹਿੰਦੇ 25 ਹਜ਼ਾਰ ਵਿਚ ਦੇਵਾਂਗੇ। ਕਿਹੜੀ ਇਨਸਾਨੀਅਤ ਬਚ ਗਈ? ਬੰਦਾ ਮਰਨ ਲੱਗਿਐ, ਦਿੱਲੀ ਹਸਪਤਾਲ ਵਾਲੇ ਦਾਖ਼ਲ ਨਹੀਂ ਕਰਦੇ, ਬੈੱਡ ਹੈ, ਜੇਕਰ ਦੋ ਲੱਖ ਦਿਉਗੇ, ਦਾਖ਼ਲ ਕਰਨਗੇ। ਨਹੀਂ ਤਾਂ ਮਰ ਜਾਵੇ। 

ਜੇਕਰ ਐਬੂਲੈਂਸ ਖੜੀ ਹੈ ਉਹਨੇ ਕਿਹਾ ਚੱਲ ਮੈਂ ਲੁਧਿਆਣੇ ਚੱਲਣੈ, ਉਥੇ ਮੇਰਾ ਜਾਣਕਾਰ ਡਾਕਟਰ ਹੈਗਾ। ਕਹਿਣਗੇ ਇਕ ਲੱਖ ਰੁਪਇਆ ਲੱਗੇਗਾ, ਇਸ ਲਈ ਇਹ ਧਰਮ ਯੁੱਧ ਹੈ, ਦੇਸ਼ ਅਤੇ ਮਾਨਵਤਾ ਨੂੰ ਬਚਾਉਣਾ ਹੈ। ਅਜਿਹੇ ਮੌਕੇ ਵਾਰ-ਵਾਰ ਕੋਈ ਨਹੀਂ ਆਉਂਦੇ। ਜੇਕਰ ਇਕ ਵਾਰ ਮੌਕਾ ਨਿਕਲ ਗਿਆ, ਫਿਰ ਪਤਾ ਨਹੀਂ ਕਦੋਂ ਜਨਤਾ ਜਾਗੇਗੀ, ਕਦੋਂ ਟਾਈਮ ਆਵੇਗਾ, ਕਦੋਂ ਉਸ ਮਾਲਕ ਦੀ ਮਰਜ਼ੀ ਹੋਵੇਗੀ? ਹੁਣ ਮੌਕਾ ਆਇਆ ਹੈ, ਇਸ ਨੂੰ ਸਾਂਭ ਲਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement