
ਕਿਹਾ : ਭਾਵੇਂ ਕੋਈ ਹਮਦਰਦ ਹੋਵੇ, ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ
ਮੈਂ ਪੰਜਾਬ ਦੇ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ : ਮੁੱਖ ਮੰਤਰੀ
ਮੋਹਾਲੀ (ਕੋਮਲਜੀਤ ਕੌਰ, ਮਨਪ੍ਰੀਤ ਕੌਰ): ਸ਼ਹੀਦਾਂ ਦੀ ਯਾਦਗਾਰ “ਜੰਗ-ਏ-ਆਜ਼ਾਦੀ” ਦੀ ਉਸਾਰੀ ਵੇਲੇ ਫ਼ੰਡਾਂ ਦੀ ਦੁਰਵਤਰੋਂ ਸਬੰਧੀ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਜਾਂਚ ਮੀਡੀਆ 'ਤੇ ਹਮਲਾ ਕਿਸ ਤਰ੍ਹਾਂ ਹੈ? ਇਹ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਵਲੋਂ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਇਕ ਟਵੀਟ ਕਰਦਿਆਂ ਕਿਹਾ, ''ਸ਼ਹੀਦਾਂ ਦੀ ਯਾਦਗਾਰ “ਜੰਗ-ਏ-ਆਜ਼ਾਦੀ” ਨਾਂਅ ਦੀ ਇਕ ਬਿਲਡਿੰਗ ਬਣਾਉਣ 'ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸਬੰਧੀ ਜਾਂਚ ਲਈ ਵਿਜੀਲੈਂਸ ਰਸੂਖ਼ਦਾਰ ਨੂੰ ਬੁਲਾ ਰਹੀ ਹੈ। ਇਹ ਮੀਡੀਆ 'ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਹੈ ਜੀ, ਕੀ ਪੈਸਾ ਮੀਡੀਆ ਦੇ ਨਾਂਅ ਜਾਰੀ ਹੋਇਆ ਸੀ? ਅਖ਼ਬਾਰ ਦਾ ਕੀ ਲੈਣਾ-ਦੇਣਾ?''
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਦਲਬੀਰ ਸਿੰਘ ਉਰਫ਼ ਬੀਰੀ ਢੈਪਈ ਹੋਏ ਸੜਕ ਹਾਦਸੇ ਦਾ ਸ਼ਿਕਾਰ
ਉਨ੍ਹਾਂ ਅੱਗੇ ਲਿਖਿਆ ਕਿ “ਹਮਦਰਦਾਂ” ਦੇ ਪੈਰੀਂ ਪੈ ਕੇ ਅਪਣੇ ਭੇਤ ਨਾ ਛਪਾਉਣ ਵਾਲੇ ਹੋਰ ਹੋਣਗੇ..ਮੈਂ ਪੰਜਾਬ ਦੇ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਭਾਵੇਂ ਕੋਈ ਹਮਦਰਦ ਹੋਵੇ, ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਥਿਤ ਜੰਗ-ਏ-ਅਜ਼ਾਦੀ ਯਾਦਗਾਰ ਦੀ ਉਸਾਰੀ ਵੇਲੇ ਹੋਏ ਘਪਲੇ ਸਬੰਧੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਬਰਜਿੰਦਰ ਸਿੰਘ ਹਮਦਰਦ ਨੂੰ ਪੁਛਗਿਛ ਲਈ ਬੁਲਾਇਆ ਗਿਆ ਸੀ। ਹਾਲਾਂਕਿ ਉਹ ਵਿਜੀਲੈਂਸ ਸਾਹਮਣੇ ਖ਼ੁਦ ਪੇਸ਼ ਨਹੀਂ ਹੋਏ ਅਤੇ ਮੰਗੇ ਗਏ ਪ੍ਰਸ਼ਨਾਂ ਦੇ ਜਵਾਬ ਉਨ੍ਹਾਂ ਨੇ ਅਪਣੇ ਵਕੀਲ ਰਾਹੀਂ ਭੇਜ ਦਿਤੇ ਸਨ।
ਬਹੁ-ਕਰੋੜੀ ਲਾਗਤ ਵਾਲੇ ਇਸ ਪ੍ਰੋਜੈਕਟ ਸਬੰਧੀ ਤਫ਼ਤੀਸ਼ ਵਿਚ ਵਿਜੀਲੈਂਸ ਬਿਊਰੋ ਵਲੋਂ 2014-2016 ਵਿਚ ਇਸ ਦੀ ਉਸਾਰੀ ਦੌਰਾਨ ਕਿੰਨਾ ਪੈਸਾ ਪਾਸ ਕੀਤਾ ਗਿਆ, ਇਸ ਪੈਸੇ ਦੀ ਵਰਤੋਂ ਕਿਵੇਂ ਅਤੇ ਕਿਥੇ ਕੀਤੀ ਗਈ, ਇਸ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੈਸਾ ਅਲਾਟ ਅਤੇ ਵਰਤਿਆ ਗਿਆ, ਉਨ੍ਹਾਂ ਤੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ।