
ਸਾਡੇ ਹਸਪਤਾਲ ’ਚ ਬੱਚੇ ਦੀ ਮੌਤ ਨਹੀਂ ਹੋਈ ਹੈ : ਸਿਹਤ ਵਿਭਾਗ
ਜਬਲਪੁਰ/ਡਿੰਡੋਰੀ (ਮੱਧ ਪ੍ਰਦੇਸ਼): ਇਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਇਕ ਸਰਕਾਰੀ ਹਸਪਤਾਲ ਨੇ ਉਸ ਨੂੰ ਲਾਸ਼ ਲਈ ਗੱਡੀ ਮੁਹਈਆ ਕਰਵਾਉਣ ਤੋਂ ਕਥਿਤ ਤੌਰ ’ਤੇ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਉਸ ਨੂੰ ਅਪਣੀ ਆਰਥਕ ਤੰਗੀ ਕਾਰਨ ਬੱਚੇ ਦੀ ਲਾਸ਼ ਨੂੰ ਥੈਲੇ ’ਚ ਲੁਕਾ ਕੇ ਬਸ ਅੰਦਰ ਜਬਲਪੁਰ ਤੋਂ ਡਿੰਡੋਰੀ ਲਗਭਗ 140 ਕਿਲੋਮੀਟਰ ਦੂਰ ਅਪਣੇ ਪਿੰਡ ’ਚ ਲੈ ਕੇ ਜਾਣ ਲਈ ਮਜਬੂਰ ਹੋਣਾ ਪਿਆ।
ਉਸ ਨੇ ਕਿਹਾ ਕਿ ਇਹ ਘਟਨਾ 15 ਜੂਨ ਦੀ ਹੈ ਅਤੇ ਉਸ ਦੇ ਨਵਜੰਮੇ ਬੱਚੇ ਨੇ ਜਬਲਪੁਰ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ’ਚ ਇਲਾਜ ਦੌਰਾਨ ਦਮ ਤੋੜ ਦਿਤਾ ਸੀ।
ਇਹ ਵੀ ਪੜ੍ਹੋ: ਮੁਸਲਮਾਨਾਂ ਨੂੰ ਉਜਾੜਨ ਵਾਲਿਆਂ ’ਤੇ ਉੱਤਰਾਖੰਡ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ : ਬਰੇਲਵੀ ਮੌਲਾਨਾ
ਡਿੰਡੋਰੀ ਜ਼ਿਲ੍ਹੇ ਦੇ ਸਹਜਪੁਰੀ ਪਿੰਡ ਦੇ ਵਾਸੀ ਸੁਨੀਲ ਧੁਰਵੇ ਨੇ ਕਿਹਾ, ‘‘ਮੇਰੀ ਪਤਨੀ ਜਮਨੀ ਬਾਈ ਨੇ 13 ਜੂਨ ਨੂੰ ਸਹਿਜਪੁਰੀ ਜ਼ਿਲ੍ਹਾ ਹਸਪਤਾਲ ’ਚ ਪੁੱਤਰ ਨੂੰ ਜਨਮ ਦਿਤਾ ਸੀ। ਨਵਜੰਮਿਆ ਬੱਚਾ ਸਰੀਰਕ ਰੂਪ ’ਚ ਕਮਜ਼ੋਰ ਸੀ ਅਤੇ 14 ਜੂਨ ਨੂੰ ਡਾਕਟਰ ਨੇ ਉਸ ਨੂੰ ਜਬਲਪੁਰ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ’ਚ ਰੈਫ਼ਰ ਕਰ ਦਿਤਾ, ਜਿੱਥੇ 15 ਜੂਨ ਨੂੰ ਇਲਾਜ ਦੌਰਾਨ ਨਵਜੰਮੇ ਦੀ ਮੌਤ ਹੋ ਗਈ।’’
ਉਨ੍ਹਾਂ ਕਿਹਾ, ‘‘ਨਵਜੰਮੇ ਬੱਚੇ ਦੀ ਲਾਸ਼ ਨੂੰ ਵਾਪਸ ਡਿੰਡੋਰੀ ਲੈ ਕੇ ਆਉਣਾ ਸੀ। ਮੈਡੀਕਲ ਕਾਲਜ ਨੇ ਲਾਸ਼ ਲਈ ਗੱਡੀ ਮੁਹਈਆ ਕਰਵਾਉਣ ਦੀ ਬੇਨਤੀ ਕੀਤੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿਤਾ। ਇਸ ਲਈ ਲਾਸ਼ ਨੂੰ ਥੈਲੇ ’ਚ ਰਖ ਕੇ ਬਸ ’ਚ ਲਿਆਇਆ ਹਾਂ।’’
ਇਹ ਵੀ ਪੜ੍ਹੋ: ਸੂਬਾ ਸਰਕਾਰਾਂ ਆਪਣੀ ਜ਼ਮੀਨ ਦੇ ਕੇ ਬਣਾਉਂਦੀਆਂ ਹਨ ਵੈੱਲਨੈੱਸ ਸੈਂਟਰ : ਪੰਜਾਬ ਸਰਕਾਰ
ਆਰਥਕ ਰੂਪ ’ਚ ਕਮਜ਼ੋਰ ਧੁਰਵੇ ਨੇ ਕਿਹਾ, ‘‘ਜਦੋਂ ਮੈਡੀਕਲ ਕਾਲਜ ਤੋਂ ਲਾਸ਼ ਲਈ ਗੱਡੀ ਨਹੀਂ ਮਿਲੀ ਤਾਂ ਕੀ ਕਰਦੇ? ਨਿਜੀ ਗੱਡੀ ਦਾ ਕਿਰਾਇਆ 4-5 ਹਜ਼ਾਰ ਰੁਪਏ ਹੈ। ਇਸ ਲਈ ਅਸੀਂ ਲਾਸ਼ ਨੂੰ ਥੈਲੇ ’ਚ ਰਖਿਆ। ਜਬਲਪੁਰ ਤੋਂ ਡਿੰਡੌਰੀ ਆਉਣ ਵਾਲੀ ਬਸ ’ਚ ਬੈਠ ਗਏ। ਦਿਲ ਰੋ ਰਿਹਾ ਸੀ, ਪਰ ਮਜਬੂਰੀ ਇਹ ਸੀ ਕਿ ਅਸੀਂ ਰੋ ਵੀ ਨਹੀਂ ਸੀ ਪਾ ਰਹੇ। ਬਸ ਡਰਾਈਵਰ ਅਤੇ ਕੰਡਕਟਰ ਨੂੰ ਪਤਾ ਲਗ ਜਾਂਦਾ ਕਿ ਸਾਡੇ ਕੋਲ ਬੱਚੇ ਦੀ ਲਾਸ਼ ਹੈ ਤਾਂ ਸ਼ਾਇਦ ਉਹ ਸਾਨੂੰ ਬਸ ਤੋਂ ਉਤਾਰ ਦਿੰਦੇ। ਇਸ ਲਈ ਸੀਨੇ ’ਤੇ ਪੱਥਰ ਰਖ ਕੇ ਬੈਠੇ ਰਹੇ।’’
ਜਦਕਿ ਮੱਧ ਪ੍ਰਦੇਸ਼ ਸਿਹਤ ਵਿਭਾਗ ਦੇ ਸੰਯੁਕਤ ਸੰਚਾਲਕ ਡਾ. ਸੰਜੇ ਮਿਸ਼ਰਾ ਨੇ ਕਿਹਾ, ‘‘ਬੱਚੇ ਦਾ ਭਾਰ ਘੱਟ ਹੋਣ ਕਾਰਨ ਉਸ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ 14 ਜੂਨ ਨੂੰ ਭਰਤੀ ਕੀਤਾ ਗਿਆ ਸੀ। ਹਸਪਤਾਲ ’ਚ ਬੱਚਾ ਇਲਾਜ ਲਈ ਭਰਤੀ ਸੀ ਅਤੇ ਉਸ ਦੀ ਹਾਲਤ ਠੀਕ ਨਹੀਂ ਸੀ। ਇਸ ਦੇ ਬਾਵਜੂਦ ਵੀ ਰਿਸ਼ਤੇਦਾਰ ਉਸ ਨੂੰ ਡਿਸਚਾਰਜ ਕਰਨ ਦੀ ਮੰਗ ਕਰ ਰਹੇ ਸਨ ਅਤੇ ਅਪਣੀ ਮਰਜ਼ੀ ਨਾਲ ਬੱਚੇ ਨੂੰ ਹਸਪਤਾਲ ’ਚੋਂ ਲੈ ਗਏ ਸਨ।’’
ਉਨ੍ਹਾਂ ਅੱਗੇ ਕਿਹਾ, ‘‘ਸਾਡੇ ਹਸਪਤਾਲ ’ਚ ਬੱਚੇ ਦੀ ਮੌਤ ਨਹੀਂ ਹੋਈ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਮ੍ਰਿਤਕਾਂ ਨੂੰ ਲੈ ਕੇ ਜਾਣ ਲਈ ਹਸਪਤਾਲ ਦੀ ਕੋਈ ਗੱਡੀ ਹੁੰਦੀ ਹੈ, ਤਾਂ ਇਸ ’ਤੇ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ’ਚ ਅਜਿਹੀ ਕੋਈ ਸਹੂਲਤ ਨਹੀਂ ਹੈ।