ਦੋਵਾਂ ਨੇ ਇਕ ਦੂਜੇ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਦੋਵਾਂ ਨੇ ਇਕ-ਦੂਜੇ ਖਿਲਾਫ ਕਰਾਸ ਕੇਸ ਦਾਇਰ ਕੀਤਾ ਸੀ।
ਜਲੰਧਰ: ਅਦਾਲਤ ਨੇ ਜਲੰਧਰ ਦੇ ਦਲ-ਬਦਲੂ ਆਗੂ ਤੇ ਕਲੋਨਾਈਜ਼ਰ ਮੇਜਰ ਸਿੰਘ ਨੂੰ ਝਟਕਾ ਦਿਤਾ ਹੈ। ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੀ ਪਟੀਸ਼ਨ ’ਤੇ ਅਦਾਲਤ ਨੇ ਕੁੱਟਮਾਰ ਮਾਮਲੇ ਵਿਚ ਮੇਜਰ ਸਿੰਘ ਦੇ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਅਦਾਲਤ ਦੇ ਹੁਕਮਾਂ 'ਤੇ ਸਿਮਰਨਜੀਤ ਸਿੰਘ ਅਤੇ ਮੇਜਰ ਸਿੰਘ ਵਿਚਾਲੇ ਹੋਈ ਲੜਾਈ 'ਚ ਜਸਪ੍ਰੀਤ ਖੁਰਾਣਾ, ਜਸਪ੍ਰੀਤ ਉਰਫ਼ ਰਾਜੂ, ਸੁਰੇਸ਼ ਅਤੇ ਜਗਮੀਤ ਨੂੰ ਵੀ ਮੁਲਜ਼ਮ ਦਸਿਆ ਗਿਆ ਹੈ।
ਇਹ ਵੀ ਪੜ੍ਹੋ: ਬਘੇਲ ਨੇ ਫਿਲਮ ‘ਆਦਿਪੁਰਸ਼’ ਨੂੰ ਭਗਵਾਨ ਰਾਮ ਅਤੇ ਹਨੂੰਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ
ਦੱਸ ਦੇਈਏ ਕਿ ਦੋਵਾਂ ਨੇ ਇਕ ਦੂਜੇ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਦੋਵਾਂ ਨੇ ਇਕ-ਦੂਜੇ ਖਿਲਾਫ਼ ਕਰਾਸ ਕੇਸ ਦਾਇਰ ਕੀਤਾ ਸੀ। ਸਿਮਰਨਜੀਤ ਸਿੰਘ ਵਲੋਂ ਦਿਤੀ ਸ਼ਿਕਾਇਤ ’ਤੇ ਪੁਲਿਸ ਨੇ ਕੇਸ ਵਿਚ ਸਿਰਫ਼ ਮੇਜਰ ਸਿੰਘ ਨੂੰ ਹੀ ਧਿਰ ਬਣਾਇਆ ਸੀ ਪਰ ਸਿਮਰਨਜੀਤ ਸਿੰਘ ਨੇ ਅਦਾਲਤ ਵਿਚ ਮੇਜਰ ਦੇ ਸਾਥੀਆਂ ਨੂੰ ਕੇਸ ਵਿਚ ਨਾਮਜ਼ਦ ਕਰਨ ਦੀ ਪਟੀਸ਼ਨ ਪਾਈ ਸੀ। ਜਲੰਧਰ ਛਾਉਣੀ ਤੋਂ ਕਾਲੋਨਾਈਜ਼ਰ ਮੇਜਰ ਸਿੰਘ, ਜੋ ਕਾਂਗਰਸ ਤੋਂ ਭਾਜਪਾ ਅਤੇ ਫਿਰ ਆਮ ਆਦਮੀ ਪਾਰਟੀ ਵਿਚ ਆਇਆ ਸੀ, ਨੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ 'ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਹੈ। ਮੇਜਰ ਸਿੰਘ ਨੇ ਪੁਲਿਸ ਨੂੰ ਦਿਤੇ ਆਪਣੇ ਬਿਆਨਾਂ ਵਿਚ ਕਿਹਾ ਸੀ ਕਿ ਸਿਮਰਨਜੀਤ ਸਿੰਘ ਉਸ ਦੀਆਂ ਵੱਖ-ਵੱਖ ਵਿਭਾਗਾਂ ਵਿੱਚ ਸ਼ਿਕਾਇਤਾਂ ਕਰਦਾ ਸੀ।
ਇਹ ਵੀ ਪੜ੍ਹੋ: ਖੇਤ 'ਚ ਕਮਾਦ ਦੀ ਗੋਡੀ ਕਰਨ ਗਏ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ
ਮੇਜਰ ਸਿੰਘ ਨੇ ਦੋਸ਼ ਲਾਇਆ ਕਿ ਸਿਮਰਨਜੀਤ ਨੇ ਉਸ ਨੂੰ ਮੈਸੇਜ ਭੇਜ ਕੇ ਪੁੱਡਾ ਕੰਪਲੈਕਸ ਨੇੜੇ ਬੁਲਾਇਆ ਸੀ। ਉਹ ਆਪਣੇ ਇਕ ਸਾਥੀ ਨਾਲ ਉੱਥੇ ਆ ਗਿਆ। ਮੇਜਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਸਿਮਰਨਜੀਤ ਨੂੰ ਡੇਢ ਲੱਖ ਰੁਪਏ ਦਿਤੇ ਸਨ, ਪਰ ਸਿਮਰਨਜੀਤ ਨੇ ਕਿਹਾ ਕਿ ਉਸ ਨੂੰ ਡੇਢ ਲੱਖ ਰੁਪਏ ਨਹੀਂ ਸਗੋਂ ਉਸ ਦੀ ਸਾਰੀ ਜਾਇਦਾਦ 'ਚ ਹਿੱਸਾ ਚਾਹੀਦਾ ਹੈ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਬਹਿਸ ਹੋ ਗਈ। ਬਿਆਨਾਂ ਦੇ ਆਧਾਰ ’ਤੇ ਥਾਣਾ ਬਾਰਾਦਰੀ ਦੀ ਪੁਲਿਸ ਨੇ ਸਿਮਰਨਜੀਤ ਖ਼ਿਲਾਫ਼ ਆਈਪੀਸੀ ਦੀ ਧਾਰਾ 384 ਅਤੇ 506 ਤਹਿਤ ਕੇਸ ਦਰਜ ਕੀਤਾ ਸੀ।