ਦੋ ਅਣਪਛਾਤੇ ਬਦਮਾਸ਼ਾਂ ਨੇ ਬੇਸਬਾਲ ਬੱਟਾਂ ਅਤੇ ਹਾਕੀ ਸਟਿੱਕਾਂ ਨਾਲ ਹਮਲਾ ਕਰ ਦਿਤਾ
ਮੁਹਾਲੀ : ਅੱਜ ਤੜਕੇ 3.15 ਵਜੇ ਇਕ ਲੜਕੀ 'ਤੇ ਦੋ ਅਣਪਛਾਤੇ ਬਦਮਾਸ਼ਾਂ ਨੇ ਬੇਸਬਾਲ ਬੱਟਾਂ ਅਤੇ ਹਾਕੀ ਸਟਿੱਕਾਂ ਨਾਲ ਹਮਲਾ ਕਰ ਦਿਤਾ। ਇਸ ਵਿਚ ਲੜਕੀ ਜ਼ਖ਼ਮੀ ਹੋ ਗਈ। ਲੜਕੀ ਮੁਹਾਲੀ ਦੇ ਫੇਜ਼-1 ਦੇ ਰਿਹਾਇਸ਼ੀ ਇਲਾਕੇ (ਐਲਆਈਜੀ ਹਾਊਸ) ਵਿਚ ਰਹਿੰਦੀ ਹੈ। ਉਹ ਫੇਜ਼ ਵਨ ਵਿਚ ਸਥਿਤ ਉਦਯੋਗਿਕ ਖੇਤਰ ਵਿਚ NAAC ਗਲੋਬਲ ਨਾਮ ਦੀ ਇੱਕ ਕੰਪਨੀ ਵਿਚ ਕੰਮ ਕਰਦੀ ਹੈ।
ਰੋਜ਼ਾਨਾ ਦੀ ਤਰ੍ਹਾਂ ਉਹ ਕੰਪਨੀ ਦੀ ਕੈਬ 'ਚ ਵਾਪਸ ਘਰ ਆਈ ਪਰ ਘਰ ਦੇ ਗੇਟ 'ਤੇ ਹੀ ਉਸ 'ਤੇ ਹਮਲਾ ਕਰ ਦਿਤਾ ਗਿਆ। ਹਮਲਾਵਰ ਸਿਰ 'ਤੇ ਵਾਰ ਕਰ ਰਹੇ ਸਨ ਪਰ ਅਲੀਸ਼ਾ ਨੇ ਆਪਣੀਆਂ ਦੋਵੇਂ ਬਾਹਾਂ ਚੁੱਕ ਕੇ ਸਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਸਿਰ ਤਾਂ ਵਾਲ-ਵਾਲ ਬਚ ਗਿਆ ਪਰ ਦੋਵੇਂ ਬਾਹਾਂ 'ਚ ਫਰੈਕਚਰ ਹੋ ਗਿਆ।
ਅਲੀਸ਼ਾ ਦੀਆਂ ਚੀਕਾਂ ਸੁਣ ਕੇ ਪਰਵਾਰਕ ਮੈਂਬਰ ਬਾਹਰ ਆਏ ਤਾਂ ਹਮਲਾਵਰ ਭੱਜ ਗਏ। ਅਲੀਸ਼ਾ ਨੂੰ ਤੁਰਤ ਫੇਜ਼ 6 ਸਥਿਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰਾਂ ਦੇ ਚਿਹਰੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ ਹਨ। ਅਲੀਸ਼ਾ ਦੇ ਪਤੀ ਸਿਧਾਰਥ ਨੇ ਦਸਿਆ ਕਿ ਇਸ ਸਬੰਧੀ ਥਾਣਾ ਫੇਜ਼-1 ਸਥਿਤ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕੰਪਨੀ ਦੀ ਕੈਬ ਦੇ ਡਰਾਈਵਰ 'ਤੇ ਪ੍ਰੋਟੋਕੋਲ ਤੋੜਨ ਦਾ ਦੋਸ਼ ਵੀ ਲਾਉਂਦਿਆਂ ਕਿਹਾ ਕਿ ਨਿਯਮ ਅਨੁਸਾਰ ਕੈਬ ਡਰਾਈਵਰ ਨੂੰ ਲੜਕੀ ਦੇ ਘਰ ਦਾਖ਼ਲ ਹੋਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਇਸ ਮਾਮਲੇ 'ਚ ਅਜਿਹਾ ਨਹੀਂ ਹੋਇਆ |
                    
                