
ਸ਼ਹਿਰ ਦੇ ਪੈਰਾਂ 'ਚ ਵਸਦੇ ਪਿੰਡ ਧਨਾਨਸੂ ਵਿਖੇ ਬਣਨ ਵਾਲੇ ਹਾਈਟੈੱਕ ਸਾਈਕਲ ਵੈਲੀ ਪ੍ਰਾਜੈਕਟ ਨੇ ਹੁਣ ਤੇਜ਼ੀ ਫੜ ਲਈ ਹੈ। ਇਸ ਪ੍ਰਾਜੈਕਟ ਲਈ ਲੋੜੀਂਦੀ ...
ਲੁਧਿਆਣਾ, ਸ਼ਹਿਰ ਦੇ ਪੈਰਾਂ 'ਚ ਵਸਦੇ ਪਿੰਡ ਧਨਾਨਸੂ ਵਿਖੇ ਬਣਨ ਵਾਲੇ ਹਾਈਟੈੱਕ ਸਾਈਕਲ ਵੈਲੀ ਪ੍ਰਾਜੈਕਟ ਨੇ ਹੁਣ ਤੇਜ਼ੀ ਫੜ ਲਈ ਹੈ। ਇਸ ਪ੍ਰਾਜੈਕਟ ਲਈ ਲੋੜੀਂਦੀ ਜ਼ਮੀਨ ਦਾ ਸੀ.ਐਲ.ਯੂ. ਭੂਮੀ ਵਰਤੋਂ ਤਬਦੀਲੀ ਹੋ ਗਈ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇਕਨਾਮਿਕਸ ਐਂਡ ਸੋਸ਼ਾਲੋਜੀ ਵਿਭਾਗ ਵਲੋਂ ਸੋਸ਼ਲ ਇੰਪੈਕਟ ਅਸੈਸਮੈਂਟ (ਸਮਾਜਕ ਪ੍ਰਭਾਵ ਮੁਲਾਂਕਣ) ਦੀ ਕਾਰਵਾਈ ਵੀ ਮੁਕੰਮਲ ਕਰ ਲਈ ਗਈ ਹੈ।
ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਵਲੋਂ ਪਿੰਡ ਧਨਾਨਸੂ 'ਚ 380 ਏਕੜ ਜਗ੍ਹਾ ਵਿਚ ਬਣਨ ਵਾਲੇ ਅਪਣੀ ਤਰ੍ਹਾਂ ਦੇ ਪਹਿਲੇ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਦੇ ਕੰਮ ਵਿਚ ਤੇਜ਼ੀ ਲੈ ਆਂਦੀ ਹੈ। ਇਸ ਪ੍ਰੋਜੈਕਟ ਵਿਚ ਕਨਵੈਨਸ਼ਨ ਕਮ ਪ੍ਰਦਰਸ਼ਨੀ ਕੇਂਦਰ, ਟਰਾਂਸਪੋਰਟ ਹੱਬ, ਵੇਅਰਹਾਊਸਿੰਗ ਸਹੂਲਤ, ਬੈਂਕ ਸਹੂਲਤ, ਵਪਾਰਕ ਅਤੇ ਸਿਹਤ ਸੁਵਿਧਾਵਾਂ, ਸਕੂਲ, ਛੋਟੇ ਬੱਚਿਆਂ ਲਈ ਕਰੈੱਚ, ਔਰਤਾਂ ਲਈ ਆਰਾਮ ਘਰ, ਪੁਲਿਸ ਪੋਸਟ, ਕੰਟੀਨ, ਰੈਸਟੋਰੈਂਟ, ਬੱਸ ਅੱਡਾ, ਮਜ਼ਦੂਰਾਂ ਅਤੇ ਡਰਾਈਵਰਾਂ ਲਈ ਰਹਿਣ ਲਈ ਜਗ੍ਹਾ, ਹੁਨਰ ਵਿਕਾਸ ਕੇਂਦਰ ਆਦਿ ਬਣਨਗੇ।
ਅਗਰਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਲੇਆਊਟ ਪਲਾਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਵਲੋਂ ਫ਼ਾਈਨਲ ਕਰ ਦਿਤਾ ਗਿਆ ਹੈ ਅਤੇ ਇਸ ਨੂੰ ਮਨਜ਼ੂਰੀ ਕਮੇਟੀ ਵਲੋਂ ਮਨਜ਼ੂਰ ਵੀ ਕਰ ਦਿਤਾ ਜਾਵੇਗਾ। ਨਿਗਮ ਵਲੋਂ ਇਸ ਪ੍ਰੋਜੈਕਟ ਦਾ ਵਾਤਾਵਰਣ ਪ੍ਰਭਾਵ ਮੁਲਾਂਕਣ (ਇੰਨਵਾਇਰਨਮੈਂਟ ਇੰਪੈਕਟ ਅਸੈਸਮੈਂਟ) ਕਰਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਲਿਖਿਆ ਜਾ ਚੁੱਕਾ ਹੈ। ਇਸ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਫ਼ਰਵਰੀ 2019 ਵਿਚ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ ਜਦਕਿ ਸਾਰੀਆਂ ਬੁਨਿਆਦੀ ਸਹੂਲਤਾਂ 31 ਦਸੰਬਰ, 2020 ਤਕ ਮੁਹਈਆ ਕਰਾਉਣ ਦਾ ਟੀਚਾ ਹੈ। ਇਹ ਪੂਰਾ ਪ੍ਰੋਜੈਕਟ ਜੂਨ 2021 ਤਕ ਮੁਕੰਮਲ ਹੋ ਕੇ ਰਾਸ਼ਟਰ ਨੂੰ ਸਮਰਪਤ ਕਰਨ ਦਾ ਟੀਚਾ ਹੈ।