
ਸੁਖਬੀਰ ਜਵਾਬ ਦੇਣ, ਕੀ ਅਗਲਾ ਉਪ ਮੁੱਖ ਮੰਤਰੀ ਡੇਰਾ ਸੱਚਾ ਸੌਦਾ ਚੋਂ ਤਾਂ ਨਹੀਂ? : ਦਮਨਵੀਰ ਸਿੰਘ ਫਿਲੌਰ
ਪ੍ਰਮੋਦ ਕੌਸ਼ਲ
ਲੁਧਿਆਣਾ, 16 ਜੁਲਾਈ : ਸ਼ੁਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਦਮਨਵੀਰ ਸਿੰਘ ਫਿਲੌਰ, ਪ੍ਰਧਾਨ ਫਿਲੌਰ ਪੀਪਲਜ ਫੋਰਮ ਨੇ ਸੁਖਬੀਰ ਬਾਦਲ ਨੂੰ ਫਿਰ ਘੇਰਿਆ ਹੈ | ਉਹਨਾਂ ਕਿਹਾ ਹੈ ਕਿ ਸੁਖਬੀਰ ਨੇ ਬੁਖਲਾਹਟ ਵਿਚ ਆ ਕੇ ਡਿਪਟੀ ਸੀ ਐਮ ਵੰਡਣੇ ਸ਼ੁਰੂ ਕਰ ਦਿੱਤੇ ਹਨ | ਉਹਨਾਂ ਨੇ ਸੁਖਬੀਰ ਨੂੰ ਸਵਾਲ ਕਰਦਿਆਂ ਕਿਹਾ ਕਿ ਕਿਤੇ ਆਉਣ ਵਾਲਾ ਡਿਪਟੀ ਸੀ ਐਮ ਡੇਰਾ ਸੱਚਾ ਸੌਦਾ ਵਿਚੋਂ ਤਾਂ ਨਹੀਂ ਹੋਏਗਾ | ਉਹਨਾਂ ਕਿਹਾ ਕਿ ਲੋਕ ਅਜੇ ਤੁਹਾਡੀਆਂ ਪਹਿਲੀਆਂ ਮੁਆਫੀਆਂ ਭੁੱਲੇ ਨਹੀਂ ਹਨ |
ਫਿਲੌਰ ਨੇ ਕਿਹਾ ਸੁਖਬੀਰ ਨੂੰ ਆਪਣੀ ਹਾਰ ਸਾਹਮਣੇ ਆਉਂਦੀ ਦਿਸ ਰਹੀ ਹੈ ਇਸ ਲਈ ਉਹ ਹਵਾ ਵਿਚ ਤੀਰ ਮਾਰ ਰਿਹਾ ਹੈ | ਲੋਕ ਬਾਦਲਾਂ ਦੀਆਂ ਸਾਰੀਆਂ ਚਾਲਾਂ ਜਾਣ ਚੁੱਕੇ ਹਨ | ਹੁਣ ਪੁਲਾਂ ਉੱਤੋਂ ਪਾਣੀ ਲੰਘ ਚੁੱਕਿਆ ਹੈ | ਉਨ੍ਹਾਂ ਕਿਹਾ ਸੁਖਬੀਰ ਦਲਿਤ-ਹਿੰਦੂ ਡਿਪਟੀ ਸੀ ਐਮ ਦੇ ਵਾਅਦਿਆਂ ਉੱਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ | ਪਹਿਲਾਂਾ ਇਹਨਾਂ ਨੇ ਦਲਿਤਾਂ ਨੂੰ ਲੂਣ ਦੇ ਲੌਲੀਪਾਪ ਦੇ ਕੇ ਪੰਜਾਬ ਦੇ ਦਲਿਤ ਭਾਈਚਾਰੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ | ਦਲਿਤ ਭਾਈਚਾਰਾ ਬਾਦਲਾਂ ਦੇ ਇਸ ਵਿਵਹਾਰ ਤੋਂ ਖਫਾ ਹੈ | ਘੱਟ ਮਿਲੀਆਂ ਸੀਟਾਂ ਨੂੰ ਲੈ ਕੇ ਪਿੰਡ-ਪਿੰਡ ਮੀਟਿੰਗਾਂ ਹੋ ਰਹੀਆਂ ਹਨ |
ਉਨ੍ਹਾਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਦਾ ਸੁਖਬੀਰ ਇਹ ਦੱਸੇ ਕਿ ਦਲਿਤ-ਹਿੰਦੂ ਡਿਪਟੀ ਸੀਐਮ ਹੀ ਕਿਉਂ ਸੀਐਮ ਕਿਉਂ ਨਹੀਂ ਲਾਇਆ ਜਾ ਸਕਦਾ | ਬਹੁਜਨ ਸਮਾਜ ਪਾਰਟੀ ਨਾਲ ਸਮਝੋਤਾ ਤਾਂ ਕਰ ਲਿਆ ਪਰ ਉਹਦੇ ਸਿਧਾਂਤ ਠੰਡੇ ਬਸਤੇ ਵਿਚ ਪਾ ਦਿੱਤੇ | ਬਸਪਾ ਦੇ ਜਨਮਦਾਤਾ ਸਹਿਬ ਸ਼੍ਰੀ ਕਾਸ਼ੀ ਰਾਮ ਨੇ ਤਾਂ ਕਿਹਾ ਸੀ ਕਿ ਜਿਹਨਾਂ ਲੋਕਾਂ ਦੀ ਜਿੰਨੀ ਸੰਖਿਆ ਹੋਵੇਗੀ ਉਨੀ ਉਹਨਾਂ ਦੀ ਹਿੱਸੇਦਾਰੀ ਹੋਵੇਗੀ | ਪਰ ਦਲਿਤਾਂ ਦੀਆਂ 12 ਸੀਟਾਂ ਤਾਂ ਕਾਸ਼ੀ ਰਾਮ ਦੇ ਸਿਧਾਂਤ ਦਾ ਕਤਲ ਹੈ |
ਫਿਲੌਰ ਨੇ ਕਿਹਾ ਕਿ ਸੁਖਬੀਰ ਹਾਰਿਆਂ ਹੋਇਆ ਘੋੜਾ ਹੈ | ਪਰ ਜੇਕਰ ਉਹ ਅਜੇ ਵੀ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ ਤਾਂ ਉਹ ਭੁੱਲ ਜਾਣ ਕਿ ਲੋਕ ਬੇਅਦਬੀ ਤੇ ਕੋਟਕਪੂਰਾ ਕਾਂਡ ਭੁੱਲ ਕੇ ਉਹਨਾਂ ਨੂੰ ਸੀਐਮ ਬਣਾ ਦੇਣਗੇ | ਪੰਜਾਬ ਦੇ ਲੋਕ ਹੁਣ ਜਾਗ ਉੱਠੇ ਹਨ | ਉਹਨਾਂ ਨੂੰ ਸਾਰਾ ਪਤਾ ਹੈ ਕੌਣ ਮੁਆਫੀਆਂ ਦਿੰਦਾ ਹੈ | ਕੌਣ ਨਾਜਾਇਜ ਮਾਈਨਿੰਗ ਕਰਵਾਉਂਦਾ ਹੈ ਤੇ ਕਿਸ ਦੇ ਕਹਿਣ ਉੱਤੇ ਸੰਗਤ ਉਪਰ ਗੋਲੀਆਂ ਚੱਲਦੀਆਂ ਹਨ | ਆਖਰ 'ਤੇ ਉਨ੍ਹਾਂ ਕਿਹਾ ਕਿ ਬਾਦਲ ਸਾਰੇ ਧਰਮਾਂ ਦੇ ਲੋਕਾਂ ਨੂੰ ਭਾਵੁਕ ਕਰ ਰਹੇ ਹਨ | ਲੋਕਾਂ ਨੂੰ ਮਿੱਠੇ ਤੇ ਲੂਣੇ ਲੌਲੀਪਾਪ ਦੇ ਸਭ ਸੁਆਦ ਪਤਾ ਹਨ |
Ldh_Parmod_16_2: ਦਮਨਵੀਰ ਸਿੰਘ ਫਿਲੌਰ