
ਬੱਚੇ ਦੇ ਕੰਨ ਅੱਖ ਤੋਂ ਨਿਕਲਿਆ ਖੂਨ
ਜਲੰਧਰ : ਜਲੰਧਰ 'ਚ ਪੰਚ ਨੇ ਇਕ ਪ੍ਰਵਾਸੀ ਨਾਬਾਲਗ ਮਜ਼ਦੂਰ ਨੂੰ ਦਰੱਖਤ ਤੋਂ ਉਲਟਾ ਲਟਕਾ ਕੇ ਬੇਰਹਿਮੀ ਨਾਲ ਕੁੱਟਿਆ। ਨਾਲ ਹੀ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿਤੀ। ਘਟਨਾ ਫਿਲੌਰ ਦੇ ਪਿੰਡ ਪਲਣੋ ਦੀ ਹੈ। ਦਰਅਸਲ ਪੰਚਾਇਤ ਮੈਂਬਰ ਮਨਵੀਰ ਸਿੰਘ ਤੋਂ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਰਹਿਣ ਵਾਲਾ ਅਮਰਜੀਤ 35 ਹਜ਼ਾਰ ਲੈ ਕੇ ਫਰਾਰ ਹੋ ਗਿਆ ਸੀ। ਸ਼ਨੀਵਾਰ ਨੂੰ ਮਨਵੀਰ ਨੂੰ ਪਤਾ ਲੱਗਾ ਕਿ ਅਮਰਜੀਤ ਦੇ ਪਿੰਡ ਦਾ ਮਿਥਲੇਸ਼ ਵੀ ਇਥੇ ਰਹਿੰਦਾ ਹੈ, ਇਸ ਲਈ ਉਹ ਉਸ ਨੂੰ ਚੁੱਕ ਕੇ ਨੇੜਲੇ ਪਿੰਡ ਪਲਕਦੀਮ 'ਚ ਕਿਸੇ ਜਾਣ-ਪਛਾਣ ਵਾਲੇ ਦੇ ਖੇਤ 'ਚ ਲੈ ਗਿਆ।
ਉੱਥੇ ਮਿਥਲੇਸ਼ ਦੀਆਂ ਦੋਵੇਂ ਲੱਤਾਂ ਰੱਸੀ ਨਾਲ ਬੰਨ੍ਹ ਕੇ ਦਰੱਖਤ ਤੋਂ ਉਲਟਾ ਲਟਕਾ ਦਿੱਤਾ ਗਿਆ। ਫਿਰ ਇੱਕ ਵੀਡੀਓ ਕਾਲ ਕੀਤੀ ਗਈ ਅਤੇ ਮਿਥਲੇਸ਼ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਪੁੱਤ ਨੂੰ ਕੁੱਟਦੇ ਹੋਏ ਦਿਖਾਇਆ ਗਿਆ। ਇਹ ਦੇਖ ਕੇ ਰਿਸ਼ਤੇਦਾਰ ਵੀ ਰੋਣ ਲੱਗੇ। ਮਨਵੀਰ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ 35 ਹਜ਼ਾਰ ਟਰਾਂਸਫਰ ਨਾ ਕੀਤੇ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੋਨ ਲੈ ਕੇ ਪੈਸੇ ਮਨਵੀਰ ਦੇ ਖਾਤੇ 'ਚ ਟਰਾਂਸਫਰ ਕਰ ਦਿਤੇ।
ਲੜਾਈ 'ਚ ਮਿਥਲੇਸ਼ ਦੇ ਕੰਨ, ਮੂੰਹ ਅਤੇ ਨੱਕ 'ਚੋਂ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਨਾਬਾਲਗ ਦਾ ਹਸਪਤਾਲ ਵਿੱਚ ਮੈਡੀਕਲ ਕਰਵਾਇਆ।
ਪੁਲਿਸ ਨੇ ਮਿਥਲੇਸ਼ ਦੀ ਸ਼ਿਕਾਇਤ ਦੇ ਆਧਾਰ 'ਤੇ ਕੁੱਟਮਾਰ ਕਰਨ ਵਾਲੇ ਪੰਚ ਮਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਵੀਡੀਓ ਬਣਾਉਣ ਅਤੇ ਮਿਥਲੇਸ਼ ਨੂੰ ਉਲਟਾ ਲਟਕਾਉਣ 'ਚ ਮਦਦ ਕਰਨ ਵਾਲਾ ਉਸ ਦਾ ਸਾਥੀ ਰਮਨਦੀਪ ਸਿੰਘ ਉਰਫ ਰਮਨਾ ਅਜੇ ਫਰਾਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।