
ਜਿਪਸੀ 'ਤੇ ਲੱਗਿਆ ਹੈ ਬਜਾਜ ਚੇਤਕ ਸਕੂਟਰ ਦਾ ਨੰਬਰ
ਮੁਕੇਰੀਆਂ: ਆਜ਼ਾਦੀ ਦਿਹਾੜੇ ਮੌਕੇ ਮੁਕੇਰੀਆਂ ਦੇ ਐੱਸਡੀਐੱਮ ਪਰੇਡ ਦੀ ਸਲਾਮੀ ਲੈਣ ਲਈ ਜਾਅਲੀ ਨੰਬਰ ਵਾਲੀ ਜਿਪਸੀ ਦੀ ਵਰਤੋਂ ਕੀਤੀ ਗਈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਜਿਪਸੀ 'ਤੇ ਲੱਗਿਆ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜੋ ਪਟਿਆਲਾ ਸਥਿਤ ਆਰ.ਟੀ.ਏ. ਦਫ਼ਤਰ 'ਚ ਕਿਸੇ ਵਿਅਕਤੀ ਦੇ ਨਾਂ 'ਤੇ ਦਰਜ ਹੈ। ਹੁਣ ਐਸਡੀਐਮ ਮੁਕੇਰੀਆਂ ਅਤੇ ਡੀਐਸਪੀ ਮੁਕੇਰੀਆਂ ਇਸ ਮਾਮਲੇ ਵਿਚ ਕੋਈ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਹਨ।
ਆਰੀਆ ਸਕੂਲ ਮੁਕੇਰੀਆਂ ਵਿਚ ਪ੍ਰਸ਼ਾਸਨ ਵੱਲੋਂ ਕਰਵਾਏ ਆਜ਼ਾਦੀ ਦਿਵਸ ਸਮਾਗਮ ਵਿਚ ਸਲਾਮੀ ਲੈਣ ਲਈ ਐਸਡੀਐਮ ਕੰਵਲਜੀਤ ਸਿੰਘ ਨੇ ਜਿਪਸੀ ਪੀਬੀ 11-ਜੇ-0011 ਦੀ ਵਰਤੋਂ ਕੀਤੀ। ਇਹ ਨੰਬਰ ਅਪ੍ਰੈਲ 1997 ਮਾਡਲ ਦੋਪਹੀਆ ਵਾਹਨ ਦਾ ਹੈ। ਇਸ ਦੀ ਆਰਸੀ ਅਜੇ ਵੀ ਚੱਲ ਰਹੀ ਹੈ। ਇਹ ਨੰਬਰ ਵੀ ਇਸ ਵੇਲੇ ਪਟਿਆਲਾ ਦੇ ਆਰਟੀਓ ਦਫ਼ਤਰ ਵਿਚ ਦਰਜ ਹੈ। ਆਰਟੀਓ ਪਟਿਆਲਾ ਬਬਨ ਦੀਪ ਸਿੰਘ ਨੇ ਦੱਸਿਆ ਕਿ ਨੰਬਰ ਪੀਬੀ 11ਜੇ-0011 ਬਜਾਜ ਚੇਤਕ ਸਕੂਟਰ ਦਾ ਹੈ, ਜੋ ਸਤਵਿੰਦਰ ਸਿੰਘ ਦੇ ਨਾਮ ’ਤੇ ਪਟਿਆਲਾ ਵਿਚ ਰਜਿਸਟਰਡ ਹੈ।
ਐਸਡੀਐਮ ਮੁਕੇਰੀਆਂ ਕੰਵਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਜਿਪਸੀ ਕਿਸ ਦੀ ਹੈ। ਪ੍ਰਸ਼ਾਸਨ ਵੱਲੋਂ ਜਾਅਲੀ ਨੰਬਰ ਪਲੇਟਾਂ ਵਾਲੀ ਜਿਪਸੀ ਦੀ ਵਰਤੋਂ ਕਰਨ ਬਾਰੇ ਪੁੱਛੇ ਜਾਣ ’ਤੇ ਉਹਨਾਂ ਕਿਹਾ ਕਿ ਪੁਲਿਸ ਨੂੰ ਪੁੱਛੋ, ਇਹ ਪੁਲਿਸ ਦੀ ਜ਼ਿੰਮੇਵਾਰੀ ਹੈ। ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਪਸੀ ਉਹਨਾਂ ਦੀ ਜਾਣਕਾਰ ਹੈ ਅਤੇ ਇਸ ਦੀ ਆਰਸੀ ਉਹਨਾਂ ਦੇ ਨਾਂ ’ਤੇ ਹੈ ਅਤੇ ਬਿਲਕੁਲ ਸਹੀ ਹੈ।