
ਡੀਸੀ ਨੇ ਗਮਾਡਾ ਨੂੰ ਮੁਲਜ਼ਮ ਖਿਲਾਫ ਕਾਰਵਾਈ ਕਰਨ ਲਈ ਕਿਹਾ
ਮੁਹਾਲੀ: ਮੁਹਾਲੀ ਦੇ ਏਅਰਪੋਰਟ ਰੋਡ 'ਤੇ ਸੈਕਟਰ-83 'ਚ ਇਕ ਕੰਪਨੀ ਦੀ ਪਾਰਕਿੰਗ 'ਚ ਜੂਨ 'ਚ ਗਠਿਤ ਐਸਆਈਟੀ ਨੇ ਆਪਣੀ ਰਿਪੋਰਟ ਡੀਸੀ ਨੂੰ ਸੌਂਪ ਦਿਤੀ ਹੈ। ਇਸ ਵਿਚ ਪਲਾਟ ਦੇ ਮਾਲਕ ਨੂੰ ਖੁਦਾਈ ਕਰਕੇ ਬੇਸਮੈਂਟ ਬਣਾਉਣ ਲਈ ਜ਼ਿੰਮੇਵਾਰ ਦਸਿਆ ਗਿਆ ਹੈ। ਰਿਪੋਰਟ ਮੁਤਾਬਕ ਡੀਸੀ ਨੇ ਗਮਾਡਾ ਨੂੰ ਪੱਤਰ ਲਿਖ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।
ਐਸਡੀਐਮ ਮੁਹਾਲੀ ਦੀ ਪ੍ਰਧਾਨਗੀ ਹੇਠ ਇਹ ਐਸਆਈਟੀ ਬਣਾਈ ਗਈ ਸੀ। ਮਾਮਲੇ 'ਚ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿਚ ਪਲਾਟ ਦੇ ਮਾਲਕ ਰਮਨ ਅਗਰਵਾਲ, ਪ੍ਰੋਜੈਕਟ ਮੈਨੇਜਰ ਸਤਵੀਰ, ਠੇਕੇਦਾਰ ਸੋਨੀ ਅਤੇ ਨਕਸ਼ਾ ਬਣਾਉਣ ਵਾਲੇ ਆਰਕੀਟੈਕਟ ਨੂੰ ਦੋਸ਼ੀ ਬਣਾਇਆ ਗਿਆ ਸੀ।
ਐਸਆਈਟੀ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਸਮੈਂਟ ਪੁੱਟੀ ਸੀ। ਨਿਯਮਾਂ ਮੁਤਾਬਕ ਜੇਕਰ ਕਿਤੇ ਇਮਾਰਤ ਬਣ ਜਾਂਦੀ ਹੈ ਤਾਂ ਬੇਸਮੈਂਟ ਪੁੱਟਣ ਤੋਂ ਪਹਿਲਾਂ ਰਿਟੇਨਿੰਗ ਵਾਲ ਬਣਾ ਦਿੱਤੀ ਜਾਂਦੀ ਹੈ। ਜਦਕਿ ਇਥੇ ਰਿਟੇਨਿੰਗ ਦੀਵਾਰ ਨਹੀਂ ਬਣਾਈ ਗਈ। ਇਸ ਤੋਂ ਇਲਾਵਾ ਬਣੀ ਇਮਾਰਤ ਤੋਂ 5 ਫੁੱਟ ਜਗ੍ਹਾ ਛੱਡ ਕੇ ਬੇਸਮੈਂਟ ਦੀ ਖੁਦਾਈ ਕੀਤੀ ਜਾਂਦੀ ਹੈ, ਇਸ ਵਿਚ ਵੀ ਇਸ ਨਿਯਮ ਦੀ ਉਲੰਘਣਾ ਕੀਤੀ ਗਈ ਸੀ।
ਪਾਰਕਿੰਗ ਪਲਾਟ ਦੇ ਮਾਲਕ ਸੰਜੇ ਕੁਮਾਰ ਨੇ ਪੁਲਿਸ ਤੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਹੈ ਕਿ 2 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਵਲੋਂ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 14 ਜੂਨ ਨੂੰ ਦੁਪਹਿਰ 12:30 ਵਜੇ ਦੇ ਕਰੀਬ ਏਅਰਪੋਰਟ ਰੋਡ ਨੇੜੇ ਸੈਕਟਰ 83 ਦੀ ਪਾਰਕਿੰਗ ਵਿਚ ਪਾੜ ਪਿਆ। ਇਸ ਵਿਚ ਇਕ ਕਾਰ ਸਮੇਤ 10 ਬਾਈਕ 20 ਫੁੱਟ ਤੱਕ ਧਸ ਗਈ। ਰਾਹਤ ਦੀ ਗੱਲ ਹੈ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਅਦ 'ਚ ਮੌਕੇ 'ਤੇ ਪਹੁੰਚ ਕੇ ਪ੍ਰਸ਼ਾਸਨ ਨੇ ਮਿੱਟੀ ਦੀਆਂ ਬੋਰੀਆਂ ਪਾ ਕੇ ਸਕਾਈਟਿੰਗ ਕਰਵਾਈ, ਤਾਂ ਜੋ ਇਸ ਕਾਰਨ ਕਿਸੇ ਹੋਰ ਇਮਾਰਤ ਨੂੰ ਨੁਕਸਾਨ ਨਾ ਪਹੁੰਚੇ |