
ਮ੍ਰਿਤਕਾ ਨੇ ਕਰਵਾਇਆ ਸੀ ਦੂਜਾ ਵਿਆਹ , ਪਹਿਲੇ ਵਿਆਹ ਦੇ ਬੱਚੇ ਨੂੰ ਪੇਕੇ ਘਰ ਛੱਡਣ ਲਈ ਦਬਾਅ ਪਾ ਰਿਹਾ ਸੀ ਪਤੀ
Gurdaspur News : ਗੁਰਦਾਸਪੁਰ 'ਚ ਘਰੇਲੂ ਝਗੜੇ ਕਾਰਨ ਗਰਭਵਤੀ ਮਹਿਲਾ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ ਹੈ। ਗੰਭੀਰ ਰੂਪ 'ਚ ਝੁਲਸੀ ਮਹਿਲਾ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਾਮਲਾ ਗੁਰਦਾਸਪੁਰ ਦੇ ਕਸਬਾ ਕਾਦੀਆ ਦੇ ਮੁਹੱਲਾ ਕ੍ਰਿਸ਼ਨਾ ਨਗਰ ਦਾ ਹੈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਜਸਵੰਤ ਸਿੰਘ ਵਾਸੀ ਸਿੰਘੋਕੀ ਅੰਮ੍ਰਿਤਸਰ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ, ਜੇਠ ਅਤੇ ਜੇਠਾਣੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਸਰਬਜੀਤ ਕੌਰ ਦਾ ਦੂਜਾ ਵਿਆਹ ਕਾਦੀਆ ਵਿਖੇ ਅਮਨਦੀਪ ਸਿੰਘ ਨਾਲ ਕਰਵਾਇਆ ਸੀ। ਉਸ ਦੇ ਪਹਿਲੇ ਵਿਆਹ ਤੋਂ ਇਕ ਬੇਟਾ ਸੀ, ਜਿਸ ਨੂੰ ਉਹ ਆਪਣੇ ਨਾਲ ਸਹੁਰੇ ਘਰ ਲੈ ਗਈ ਸੀ। ਮ੍ਰਿਤਕ ਸਰਬਜੀਤ ਸਿੰਘ ਦਾ ਪਤੀ ਅਮਨਦੀਪ ਸਿੰਘ ਲੜਕੀ ਹੋਣ ਤੋਂ ਬਾਅਦ ਪਹਿਲੇ ਬੱਚੇ ਨੂੰ ਉਸ ਦੇ ਪੇਕੇ ਘਰ ਛੱਡਣ ਲਈ ਦਬਾਅ ਪਾ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਅਮਨਦੀਪ ਦਾ ਭਰਾ ਗਗਨਦੀਪ ਅਤੇ ਉਸ ਦੀ ਪਤਨੀ ਮਨਦੀਪ ਕੌਰ ਵੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ।
ਅੰਤਿਮ ਸਸਕਾਰ ਨਾ ਕਰਨ ਦੀ ਚੇਤਾਵਨੀ
ਉਹ ਲੜਕੇ ਨੂੰ ਆਪਣੇ ਘਰ 'ਚ ਨਹੀਂ ਰੱਖਣਾ ਚਾਹੁੰਦੇ ਸੀ , ਜਿਸ ਕਾਰਨ ਪਤੀ-ਪਤਨੀ ਵਿਚਾਲੇ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਉਨ੍ਹਾਂ ਨੇ ਆਰੋਪ ਲਾਇਆ ਕਿ 4 ਅਗਸਤ ਨੂੰ ਸਾਰਿਆਂ ਨੇ ਮਿਲ ਕੇ ਉਸ ਨੂੰ ਬੰਨ੍ਹ ਕੇ ਉਸ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਖ਼ੁਦ ਨੂੰ ਅੱਗ ਲਾ ਲਈ ਹੈ। ਉਸ ਨੂੰ ਝੁਲਸੀ ਹਾਲਤ 'ਚ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੇ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਕੌਰ ਦੇ ਗਰਭ ਵਿੱਚ ਤਿੰਨ ਮਹੀਨੇ ਦਾ ਬੱਚਾ ਸੀ।
ਇਸ ਮਾਮਲੇ ਸਬੰਧੀ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਅਤੇ ਉਸਦੇ ਭਰਾ ਅਤੇ ਭਾਬੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।