
S.Joginder Singh:ਹਰ ਪੰਥ ਦਰਦੀ ਸ. ਜੋਗਿੰਦਰ ਸਿੰਘ ਦੀ ਪੰਥਕ ਸੋਚ ਨੂੰ ਅੱਗੇ ਤੋਰ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਵੇ : ਜਥੇਦਾਰ ਰਤਨ ਸਿੰਘ
ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਬੀਬੀ ਜਗਜੀਤ ਕੌਰ ਨਾਲ ਦੁੱਖ ਸਾਂਝਾ ਕੀਤਾ
ਬੀਤੇ ਦਿਨੀ ਪਰਮੇਸ਼ਰ ਅਕਾਲ ਪੁਰਖ ਦੇ ਭਾਣੇ ਅਨੁਸਾਰ ਉਤਰੀ ਭਾਰਤ ਦੇ ਪ੍ਰਸਿੱਧ ਪੰਜਾਬੀ ਅਖ਼ਬਾਰ ਅਦਾਰਾ ਸਪੋਕਸਮੈਨ ਦੇ ਬਾਨੀ ਸਵ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਜਿਥੇ ਉਨ੍ਹਾਂ ਦੇ ਧਰਮ ਸੁਪਤਨੀ ਬੀਬੀ ਜਗਜੀਤ ਕੌਰ, ਬੇਟੀ ਸਿਮਰਨ ਸਿੰਘ, ਬੇਟੀ ਨਿਮਰਤ ਕੌਰ ਅਤੇ ਸਮੇਤ ਸਮੁੱਚੇ ਪ੍ਰਵਾਰ ਲਈ ਇਹ ਸਮਾਂ ਅਕਿਹ ਤੇ ਅਸਿਹ ਦੁੱਖ ਦੀ ਪੀੜ੍ਹਾ ਦੇ ਇਮਤਿਹਾਨ ਦਾ ਸਮਾਂ ਹੈ ਉਥੇ ਅਜਿਹੇ ਰੌਸ਼ਨ ਦਿਮਾਗ ਮਨੁੱਖ ਦੇ ਜਾਣ ਤੋਂ ਬਾਅਦ ਪੂਰੇ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਵਸਦੇ ਸਪੋਕਸਮੈਨ ਅਖ਼ਬਾਰ ਦੇ ਸਮੂਹ ਪਾਠਕ ਉਨ੍ਹਾਂ ਦੀ ਕਲਮ ਨੂੰ ਚਾਹੁਣ ਵਾਲੇ ਹਜ਼ਾਰਾਂ ਲੱਖਾਂ ਲੋਕਾਂ ਦੇ ਮਨਾਂ ਅੰਦਰ ਵੀ ਸੋਗ ਦੀ ਲਹਿਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਿੱਖ ਕੌਂਸਲ ਦੇ ਸੂਬਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਅਪਣੇ ਸਾਥੀਆਂ ਸਮੇਤ ਸਵ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅਦਾਰਾ ਸਪੋਕਸਮੈਨ ਦੇ ਐਮਡੀ ਬੀਬੀ ਜਗਜੀਤ ਕੌਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਮੀਡੀਆ ਨਾਲ ਸਾਂਝੇ ਕਰਦਿਆਂ ਕਿਹਾ ਕਿ ਸ. ਜੋਗਿੰਦਰ ਸਿੰਘ ਵਰਗੇ ਮਹਾਨ ਯੁੱਗ ਪੁਰਸ਼ ਧਰਤੀ ਤੇ ਕਦੇ-ਕਦੇ ਹੀ ਪੈਦਾ ਹੁੰਦੇ ਹਨ।
ਇਸ ਮੌਕੇ ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਸਵ. ਸਰਦਾਰ ਜੋਗਿੰਦਰ ਸਿੰਘ ਹੁਰਾਂ ਨੇ ਇਕ ਬਹੁਤ ਵੱਡੀ ਸੋਚ ਅਤੇ ਵੀਜ਼ਨ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਹਫ਼ਤਾਵਾਰੀ ਮੈਗਜ਼ੀਨ ਤੋਂ ਪੱਤਰਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਜਿਹੜੀ ਕਿ ਸਮੇਂ ਦੇ ਨਾਲ-ਨਾਲ ਜਵਾਨ ਹੁੰਦੀ ਹੋਈ ਅਦਾਰਾ ਸਪੋਕਸਮੈਨ ਅਖ਼ਬਾਰ ਦੇ ਨਾਲ-ਨਾਲ ਸਪੋਕਸਮੈਨ ਟੀਵੀ ਚੈਨਲ ਦੇ ਰੂਪ ’ਚ ਇਕ ਨਾਮੀ ਅਦਾਰੇ ਵਜੋਂ ਉਭਰ ਕੇ ਸਮਾਜਕ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਿੱਖ ਕੌਂਸਲ ਦੇ ਮੀਤ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਮਵੀ ਸੱਪਾਂ, ਹਰਜਿੰਦਰ ਸਿੰਘ ਅਰਨੌਲੀ ਆਦਿ ਹਾਜ਼ਰ ਸਨ।
ਹਰ ਪੰਥ ਦਰਦੀ ਸ. ਜੋਗਿੰਦਰ ਸਿੰਘ ਦੀ ਪੰਥਕ ਸੋਚ ਨੂੰ ਅੱਗੇ ਤੋਰ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਵੇ : ਜਥੇਦਾਰ ਰਤਨ ਸਿੰਘ
ਫ਼ਤਿਹਗੜ੍ਹ ਸਾਹਿਬ, 16 ਅਗੱਸਤ (ਗੁਰਬਚਨ ਸਿੰਘ ਰੁਪਾਲ): ਗੁਰੂਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਬਾਬੇ ਨਾਨਕ ਦੀ ਸਿੱਖੀ ਨੂੰ ਸਹੀ ਅਰਥਾਂ ਵਿਚ ਦੁਨੀਆਂ ਸਾਹਮਣੇ ਰੱਖਣ ਲਈ ਸਾਰਾ ਜੀਵਨ ਦਾਅ ’ਤੇ ਲਗਾਉਣ ਵਾਲੇ ਸਰਦਾਰ ਜੋਗਿੰਦਰ ਸਿੰਘ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਪਾਂ ਸਾਰੇ ਸ. ਜੋਗਿੰਦਰ ਸਿੰਘ ਬਣ ਕੇ ਉਸ ਸੋਚ ਨੂੰ ਅੱਗੇ ਤੋਰੀਏ ਜੋ ਸ. ਜੋਗਿੰਦਰ ਸਿੰਘ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਰੂਪ ਵਿਚ ਦੁਨੀਆਂ ਦੇ ਸਾਹਮਣੇ ਰੱਖਣ ਦਾ ਵਿਲੱਖਣ ਕ੍ਰਿਸ਼ਮਾ ਕਰ ਵਿਖਾਇਆ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਪੁਜਾਰੀਆਂ ਦੇ ਆਪ ਹੁਦਰੇ ਅਤੇ ਸਿਆਸੀ ਆਕਾਵਾਂ ਦੇ ਦਬਾਅ ਹੇਠ ਜਾਰੀ ਕੀਤੇ ਅਖੌਤੀ ਹੁਕਮਨਾਮਿਆਂ ਦਾ ਜਿਸ ਦਲੇਰੀ ਅਤੇ ਦਿ੍ਰੜ੍ਹਤਾ ਨਾਲ ਮੁਕਾਬਲਾ ਕਰਦੇ ਹੋਏ ‘ਰੋਜ਼ਾਨਾ ਸਪੋਕਸਮੈਨ’ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੋ ਅਜਿਹੀਆਂ ਮਸ਼ਾਲਾਂ ਨੂੰ ਜਗਦੀਆਂ ਰੱਖਣ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ ਉਸ ਦੀ ਦੁਨੀਆਂ ਵਿਚ ਕਿਤੇ ਹੋਰ ਮਿਸਾਲ ਨਹੀਂ ਮਿਲਦੀ। ਜਥੇਦਾਰ ਰਤਨ ਸਿੰਘ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਉਹ ਸਰਦਾਰ ਜੀ ਦੀ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਸਾਨੂੰ ਸਭਨਾਂ ਨੂੰ ਇਹ ਸਦਮਾ ਸਹਿਣ ਕਰਨ ਦਾ ਬਲ ਬਖ਼ਸ਼ੇ ਕਿ ਅਸੀਂ ਸ. ਜੋਗਿੰਦਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਕਾਮਯਾਬ ਹੋ ਸਕੀਏ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਗੁਰੂ ਨਾਨਕ ਦੇ ਸੱਚੇ ਅਤੇ ਸਹੀ ਅਰਥਾਂ ਵਿਚ ਸਿੱਖ ਸਨ ਜਿਨ੍ਹਾਂ ਨੇ ਬਾਬਾ ਨਾਨਕ ਦੇ ਮਿਸ਼ਨ ਨੂੰ ਦੁਨੀਆਂ ਸਾਹਮਣੇ ਲਿਆਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ
5 ਅਗੱਸਤ, ਸਵੇਰੇ ਅਖ਼ਬਾਰ ’ਤੇ ਨਜ਼ਰ ਪੈਂਦਿਆਂ ਹੀ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀਆਂ ਦੁਖਦਾਈ ਖ਼ਬਰਾਂ ਪੜ੍ਹੀਆਂ। ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਸੀਸਾ ਵਿਖਾਉਂਦਿਆਂ, ਸਪੋਕਸਮੈਨ ਅਖ਼ਬਾਰ ਦੇ ਰੂਪ ਵਿਚ ਇਕ ਨਿਰਪੱਖ ਅਤੇ ਨਿੱਡਰ ਪੱਤਰਕਾਰਤਾ ਦਾ ਮੁੱਢ ਬੰਨਿ੍ਹਆ। ਸਿਦਕ ਅਤੇ ਸਿਰੜ ਦੇ ਧਨੀ ਹੋ ਕੇ, ਬਾਬੇ ਨਾਨਕ ਦੀ ਸਿੱਖਿਆ ਅਤੇ ਸਿੱਖੀ ਦੇ ਸਹੀ ਮਾਰਗ ਤੇ ਚੱਲਣ ਲਈ, ‘ਉੱਚਾ ਦਰ ਬਾਬੇ ਨਾਨਕ ਦਾ’ ਕੌਮ ਦੇ ਸਾਹਮਣੇ ਸਿਰਜ ਦਿਤਾ। ਬੜੀਆਂ ਔਕੜਾਂ ਅਤੇ ਦੁਸ਼ਵਾਰੀਆਂ ਝਲਦਿਆਂ ਅਪਣੇ ਸਿਧਾਂਤਾਂ ’ਤੇ ਕਾਇਮ ਰਹੇ। ਜੀਵਨ ਵਿਚ ਜੋ ਵੀ ਵਿਢਿਆ, ਉਸ ਨੂੰ ਸੰਪੂਰਨ ਕਰ ਦੇਣ ਦੀ ਮਿਸਾਲ ਸਾਡੇ ਸਾਹਮਣੇ ਕਾਇਮ ਕਰ ਵਿਖਾਈ। ਮੈਨੂੰ ਵੀ ਉਨ੍ਹਾਂ ਸਦਕੇ ਹੀ ਸਪੋਕਸਮੈਨ ਵਿਚ ਅਪਣੀਆਂ ਰਚਨਾਵਾਂ ਪਾਠਕਾਂ ਨਾਲ ਸਾਂਝੀਆਂ ਕਰਨ ਦਾ ਅਵਸਰ ਨਸੀਬ ਹੋਇਆ। ਵੈਸੇ ਤਾਂ ਉਨ੍ਹਾਂ ਦੇ ਜੀਵਨ ਦਾ ਹਰ ਦਿਨ ਇਕ ਨਵਾਂ ਸਬਕ ਸੀ ਪਰ ਦੁਨੀਆਂ ਤੋਂ ਜਾਂਦਿਆ ਹੋਇਆਂ ਵੀ ਅਪਣੀਆਂ ਅੰਤਮ-ਰਸਮਾਂ ਦੇ ਰੂਪ ਵਿਚ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਆਂ ਪਿਰਤਾਂ ਪਾ ਕੇ ਵਿਖਾ ਗਏ। -ਮਲਕੀਅਤ ਸਿੰਘ ਧਾਮੀ
ਸਿੱਖ ਕੌਮ ਦੇ ਹੀਰੇ, ਨਿਧੜਕ ਸੰਪਾਦਕ, ਕਲਮ ਦੇ ਧਨੀ, ਹਿੱਕ ਡਾਹ ਕੇ ਖੜਨ ਵਾਲੇ ਮਰਦ ਦਲੇਰ, ਸਿੱਖੀ ਦੀ ਆਵਾਜ਼ ਬਣ ਚੁੱਕੇ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਦੀ ਹੋਈ ਅਚਾਨਕ ਮੌਤ ਨਾਲ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪੈ ਗਿਆ ਹੈ। 5 ਅਗੱਸਤ ਨੂੰ ਸੈਕਟਰ 25, ਚੰਡੀਗੜ੍ਹ ਦੇ ਸਮਸ਼ਾਨ ਘਾਟ ’ਚ ਠਾਠਾ ਮਾਰਦਾ ਇਕੱਠ ਜਿਸ ਵਿਚ ਉੱਚ ਕੋਟੀ ਦੇ ਸਿਆਸੀ ਨੇਤਾ, ਵਜ਼ੀਰ, ਨੌਕਰਸ਼ਾਹ, ਬੁੱਧੀਜੀਵੀ, ਲੇਖਕ, ਜਾਗ੍ਰਿਤ ਸਿੱਖ ਅਪਣੇ ਮਹਿਬੂਬ ਸੰਪਾਦਕ ਨੂੰ ਜਿਸ ਨੇ ਪੱਤਰਕਾਰੀ ਦੀਆਂ ਵਿਲੱਖਣ ਬੁਲੰਦੀਆਂ ਨੂੰ ਛੋਹਿਆ, ਨੂੰ ਅੰਤਮ ਸਿਜਦਾ ਕਰਨ ਲਈ ਹਾਜ਼ਰ ਸਨ। ਦਾਸ ਨੂੰ ਵੀ ਇਸ ਸੰਪਾਦਕ ਦੀ ਦ੍ਰਿਸ਼ਟੀ ਨੇ ਇਕ ਸਾਧਾਰਣ ਵਿਅਕਤੀ ਤੋਂ ਲੇਖਕ ਬਣਾ ਦਿਤਾ। ਪ੍ਰਮਾਤਮਾ ਅੱਗੇ ਕਾਮਨਾ ਕਰਦੇ ਹਾਂ ਕਿ ਸਪੋਕਸਮੈਨ ਸਰਦਾਰ ਜੀ ਦੇ ਜੀਵਨਕਾਲ ਵਿਚ ਜਿਨ੍ਹਾਂ ਬੁਲੰਦੀਆਂ ’ਤੇ ਪਹੁੰਚਿਆ, ਉਸੇ ਤਰ੍ਹਾਂ ਹੀ ਪੰਜਾਬ ਅਤੇ ਸਿੱਖੀ ਦੀ ਸੇਵਾ ਕਰਦਾ ਰਹੇ।
- ਸੰਤ ਸਿੰਘ ਗਿੱਲ ਸੀਨੀਅਰ ਆਪ ਆਗੂ, ਬਠਿੰਡਾ।
ਮੋਬਾ : 83603-62491
ਕੌਮਾਂਤਰੀ ਪ੍ਰਸਿੱਧ ਅਨਾਥ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਨੇ ਰੋਜ਼ਾਨਾ ਅਖ਼ਬਾਰ ਸਪੋਕਸਮੈਨ ਦੇ ਬਾਨੀ ਜੋਗਿੰਦਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਉਹ ਸਿੱਖ ਪੰਥ ਦੇ ਮਸਲਿਆਂ ਦੇ ਡੂੰਘੇ ਚਿੰਤਕ ਅਤੇ ਕਲਮ ਦੇ ਧਨੀ ਸਨ। ਜਿਨ੍ਹਾਂ ਪੰਥ ਦੇ ਦਰਦ ਨੂੰ ਅਸਲ ਵਿਚ ਸੱਭ ਤੋਂ ਵੱਧ ਹੰਢਾਇਆ। ਉਨ੍ਹਾਂ ਨਿਵੇਕਲੇ ਢੰਗ ਨਾਲ ਸਪੋਕਸਮੈਨ ਨੂੰ ਸੰਭਾਲਿਆ ਅਤੇ ਬੜੇ ਔਖੇ ਰਸਤੇ ’ਤੇ ਚਲਦਿਆਂ, ਪੱਤਰਕਾਰੀ ਪਿੜ ਦੀਆਂ ਚੁਨੌਤੀਆਂ ਬਰਦਾਸ਼ਤ ਕੀਤੀਆਂ। ਉਨ੍ਹਾਂ ਪੱਤਰਕਾਰੀ ਦੇ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ। ਉਨ੍ਹਾਂ ਦੀਆਂ ਲਿਖਤਾਂ ਕਮਾਲ ਦੀਆਂ ਸਨ ।ਉਹ ਕਦੇ ਸਿਆਸੀ ਦਬਾਅ ਹੇਠ ਨਹੀਂ ਆਏ। ਉਨ੍ਹਾਂ ਗ਼ੈਰ ਸਿਧਾਂਤਕ ਮਸਲਿਆਂ ’ਤੇ ਅੜ ਕੇ ਪੱਤਰਕਾਰੀ ਕੀਤੀ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ, ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਸਾਦਗੀ, ਇਮਾਨਦਾਰੀ ਨਾਲ ਪਰੋਏ ਸ. ਜੋਗਿੰਦਰ ਸਿੰਘ ਵਲੋਂ ਨਿਡਰਤਾ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਦੇ ਸਿਧਾਂਤਕ ਸਟੈਂਡ ਅਤੇ ਗੁਰਬਤ ਦੇ ਝੰਬੇ ਗ਼ਰੀਬ ਵਰਗ ਲਈ ਆਵਾਜ਼ ਬਣਨ ਵਾਲੀ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਡਾਕਟਰ ਇੰਦਰਜੀਤ ਕੌਰ ਨੇ ਪ੍ਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। -ਡਾਕਟਰ ਇੰਦਰਜੀਤ ਕੌਰ
ਤਕਰੀਬਨ ਕੁੱਝ ਕੁ ਮਹੀਨੇ ਪਹਿਲਾਂ ਮੈਨੂੰ ਸਨੇਹਾ ਮਿਲਿਆ ਕਿ ਸ. ਜੋਗਿੰਦਰ ਸਿੰਘ ਜੀ ਮੈਨੂੰ ਮਿਲਣਾ ਚਾਹੁੰਦੇ ਹਨ ਤੇ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਹਨ। ਮੈਂ ਸਨੇਹਾ ਖਿੜੇ ਮੱਥੇ ਪ੍ਰਵਾਨ ਕਰ ਲਿਆਂ ਤੇ ਅਪਣੇ ਧੰਨ ਭਾਗ ਸਮਝੇ ਕਿ ਏਨੀ ਵੱਡੀ ਤੇ ਮਹਾਨ ਸ਼ਖ਼ਸੀਅਤ ਨੇ ਮੇਰੇ ਵਰਗੇ ਛੋਟੇ ਜਿਹੇ ਬੰਦੇ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਮੈਂ ਕੋਈ ਲਿਖਾਰੀ ਜਾਂ ਵਿਦਵਾਨ ਨਹੀਂ ਸੀ ਪਰ ਸਪੋਕਸਮੈਨ ਨੇ ਫੇਰ ਵੀ ਮੇਰੀਆਂ ਸਾਰੀਆਂ ਲਿਖਤਾਂ ਨੂੰ ਅਪਣੇ ਅਖ਼ਬਾਰ ’ਚ ਪ੍ਰਕਾਸ਼ਤ ਕੀਤਾ। ਜਦੋਂ ਮੈਂ ਸ. ਜੋਗਿੰਦਰ ਸਿੰਘ ਜੀ ਦੇ ਸੱਦੇ ’ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਵਿਹੜੇ ਵਿਚ ਪਹੁੰਚਿਆਂ ਤਾਂ ਉਹ ਇਕ ਕਮਰੇ ਵਿਚ ਕੁੱਝ ਹੋਰ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ।
ਉਨ੍ਹਾਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਈ ਤੇ ਉਨ੍ਹਾਂ ਮੈਨੂੰ ਬਿਲਕੁਲ ਅਪਣੇ ਕੋਲ ਕੁਰਸੀ ’ਤੇ ਬਿਠਾ ਲਿਆ ਤੇ ਗੱਲਬਾਤ ਸ਼ੁਰੂ ਕਰ ਲਈ। ਪਹਿਲਾਂ ਉਨ੍ਹਾਂ ਮੈਨੂੰ ਰਾਧਾ ਸੁਆਮੀਆਂ ਦੀ ਪੂਰੀ ਮੈਨੇਜਮੈਂਟ ਬਾਰੇ ਖੁਲ੍ਹ ਕੇ ਸਮਝਾਇਆ ਕਿ ਇਹ ਕਿਵੇਂ ਕਾਮਯਾਬ ਹੋਏ ਤੇ ਅਸੀਂ ਪਿੱਛੇ ਕਿਉਂ ਰਹਿ ਗਏ। ਫੇਰ ਉਨ੍ਹਾਂ ਮੈਨੂੰ ਸ਼੍ਰੋਮਣੀ ਕਮੇਟੀ ਦੀ ਅਸਲੀਅਤ ਬਾਰੇ ਖੁਲ੍ਹ ਕੇ ਦਸਿਆ ਤੇ ਅਕਾਲ ਤਖ਼ਤ ਦੇ ਪੁਜਾਰੀਆਂ ਦੀ ਸੱਚਾਈ ਦਸੀ। ਫੇਰ ਉਨ੍ਹਾਂ ਮੈਨੂੰ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਬਾਰੇ ਦਸਿਆ ਕਿ ਇਹ ਕੀ ਹੈ ਅਤੇ ਇਥੇ ਕੀ ਹੋਵੇਗਾ ਤੇ ਇਹ ਕਿਵੇਂ ਕੰਮ ਕਰੇਗਾ ਤੇ ਇਥੇ ਕਿਸ ਤਰ੍ਹਾਂ ਦਾ ਪ੍ਰਚਾਰ ਹੋਵੇਗਾ। ਤਕਰੀਬਨ ਇਕ ਘੰਟਾ ਮੈਂ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਧਿਆਨ ਨਾਲ ਸੁਣਿਆ ਤੇ ਫੇਰ ਉਨ੍ਹਾਂ ਮੈਨੂੰ ਕਿਹਾ ਕਿ ‘ਮੈਂ ਚਾਹੁੰਦਾ ਹਾਂ ਕਿ ਤੇਰੇ ਵਰਗੇ ਨੌਜਵਾਨ ਮੁੰਡੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਵਲੰਟੀਅਰ ਹੋਣ ਤੇ ਇਥੇ ਆਉਣ ਵਾਲੀ ਸੰਗਤ ਦੇ ਉਹ ਸਾਰੇ ਹੀ ਸਵਾਲਾਂ ਦੇ ਜਵਾਬ ਫਟਾ-ਫਟ ਗੁਰਮਤਿ ਅਨੁਸਾਰ ਦੇਣ। ਜਿਹੜੇ ਨੌਜਵਾਨ ਮੁੰਡੇ ਅਤੇ ਕੁੜੀਆਂ ਇਥੇ ਕੰਮ ਕਰਨਗੇ ਮੈਂ (ਜੋਗਿੰਦਰ ਸਿੰਘ) ਉਨ੍ਹਾਂ ਨੂੰ ਬਣਦੀ ਤਨਖ਼ਾਹ ਵੀ ਦੇਵਾਗਾਂ ਤੇ ਮੈਂ ਉਨ੍ਹਾਂ ਨੂੰ ਅਪਣੇ ਬੱਚੇ ਹੀ ਸਮਝਾਗਾਂ।’
‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਸ਼ੁਰੂ ਕਰਨ ਲਈ ਮੈਨ ਪਾਵਰ ਦੀ ਸਖ਼ਤ ਲੋੜ ਸੀ ਤੇ ਹੁਣ ਵੀ ਹੈ। ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਹ ਚਾਹੁੰਦੇ ਹੋਣ ਕਿ ਮੈਂ ਉਨ੍ਹਾਂ ਕੋਲ ਆ ਕੇ ਕੰਮ ਕਰਨ ਲੱਗ ਜਾਵਾਂ। ਇਸ ਤੋਂ ਬਾਅਦ ਮੈਂ ਉਨ੍ਹਾਂ ਦੇ ਗੋਡੇ ਹੱਥ ਲਾਇਆ ਤੇ ਉਨ੍ਹਾਂ ਮੈਨੂੰ ਥਾਪੜਾ ਤੇ ਆਸ਼ੀਰਵਾਦ ਦਿਤਾ। ਮੈਂ ਉਨ੍ਹਾਂ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਬੰਦੀ ਛੋੜ ਗੁਰੂ ਨਾਨਕ ਪੁਸਤਕ ਦਿਤੀ। ਉਨ੍ਹਾਂ ਮੈਨੂੰ ਕਿਹਾ ਕਿ ਮੈਂ ਇਹ ਜ਼ਰੂਰ ਪੜ੍ਹਾਗਾਂ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕੁੱਝ ਕੰਮ ਸੌਂਪਿਆ ਤੇ ਆਖਿਆ ਕਿ ‘ਇਹ ਕੰਮ ਤੂੰ ਕਰਨਾ ਹੈ।’ ਮੈਂ ਉਹ ਕੰਮ ਖਿੜੇ ਮੱਥੇ ਪ੍ਰਵਾਨ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਅੰਦਰ ਭੇਜ ਦਿਤਾ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਵੇਖਣ ਲਈ ਆਖ ਦਿਤਾ।
ਉਹ ਮੁਲਾਕਾਤ ਮੈਨੂੰ ਨਹੀਂ ਪਤਾ ਸੀ ਕਿ ਸ. ਜੋਗਿੰਦਰ ਸਿੰਘ ਜੀ ਨਾਲ ਮੇਰੀ ਇਹ ਆਖ਼ਰੀ ਮੁਲਾਕਾਤ ਹੈ। ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਮੇਰੇ ਅੰਦਰ ਕੁੱਝ ਲਿਖਣ ਦਾ ਜਜ਼ਬਾ ਪੈਦਾ ਹੋਇਆ ਸੀ ਜੋ ਹੁਣ ਜਨੂੰਨ ਬਣ ਗਿਆ ਹੈ। ਮੈਂ ਸਾਲ 2016 ਤੋਂ ਰੋਜ਼ਾਨਾ ਸਪੋਕਸਮੈਨ ਪੜ੍ਹਨਾ ਸ਼ੁਰੂ ਕੀਤਾ ਸੀ ਕਿਉਂਕਿ ਜਦੋਂ ਇਹ ਅਖ਼ਬਾਰ (2005) ’ਚ ਸ਼ੁਰੂ ਹੋਇਆ ਸੀ ਮੇਰੀ ਉਮਰ ਉਸ ਸਮੇਂ ਬਹੁਤ ਘੱਟ ਸੀ। ਮੈਨੂੰ ਅਖ਼ਬਾਰਾਂ ਬਾਰੇ ਬਹੁਤਾ ਪਤਾ ਨਹੀਂ ਸੀ। ਇਸ ਅਖ਼ਬਾਰ ਬਾਰੇ ਮੈਨੂੰ ਸ. ਸ਼ੇਰ ਸਿੰਘ ਹਵਾਰਾ ਨੇ ਦਸਿਆ ਸੀ। ਸ. ਜੋਗਿੰਦਰ ਸਿੰਘ ਦੀ ਸੰਪਾਦਕੀ ਬਾ-ਕਮਾਲ ਹੁੰਦੀ ਸੀ। ਉਨ੍ਹਾਂ ਦੀ ਸੋਚ ਨਿਡਰ ਅਤੇ ਬੇਖੋਫ਼ ਸੀ। ਮੈਨੂੰ ਹੁਣ ਸਾਰੀ ਜ਼ਿੰਦਗੀ ਹੀ ਪਛਤਾਵਾ ਰਹੇਗਾ ਕਿ ਮੈਂ ਉਸ ਮਹਾਨ ਸ਼ਖ਼ਸੀਅਤ ਨਾਲ ਕੰਮ ਨਹੀਂ ਕਰ ਸਕਿਆ ਜਿਸ ਦੀ ਕਲਮ ਤੋਂ ਵੱਡੇ-ਵੱਡੇ ਤਖ਼ਤਾਂ ਦੇ ਪੁਜਾਰੀ ਵੀ ਥਰ-ਥਰ ਕੰਬਦੇ ਸਨ। ਪਰ ਜਿਹੜਾ ਕੰਮ ਮੈਨੂੰ ਉਹ ਸੌਂਪ ਕੇ ਗਏ ਹਨ ਮੈਂ ਪ੍ਰਣ ਕਰਦਾ ਹਾਂ ਕਿ ਉਹ ਕੰਮ ਪੂਰੀ ਤਨਦੇਹੀ ਨਾਲ ਕਰਦਾ ਹੀ ਰਹਾਂਗਾ। -ਹਰਪ੍ਰੀਤ ਸਿੰਘ ਸਰਹੰਦ, ਮੋਬਾਈਲ : 98147-02271