
ਟੋਭੇ ਵਿਚ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਦੀ ਥਾਂ ਲੋਕ ਬਣਾਉਂਦੇ ਰਹੇ ਵੀਡੀਉ, ਇਕ ਦੀ ਮੌਤ
ਪਾਇਲ, 17 ਸਤੰਬਰ (ਖੱਟੜਾ) : ਥਾਣਾ ਪਾਇਲ ਦੇ ਪਿਛਲੇ ਪਾਸੇ ਪੈਂਦੇ ਡੂੰਘੇ ਟੋਭੇ ਵਿਚ ਡੁੱਬਣ ਕਾਰਨ ਗੁਰਜਰ ਬਰਾਦਰੀ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਦੂਜੇ ਵਿਅਕਤੀ ਨੂੰ ਪੁਲਿਸ ਮੁਲਾਜ਼ਮ ਬਚਾਉਣ ਵਿਚ ਕਾਮਯਾਬ ਹੋ ਗਿਆ। ਹੋਇਆ ਇੰਜ ਕਿ ਅੱਜ ਸਵੇਰੇ ਕਰੀਬ 10 ਵਜੇ ਦੇ ਕਰੀਬ ਥਾਣਾ ਪਾਇਲ ਦੇ ਪਿਛਲੇ ਪਾਸੇ ਸਥਿਤ ਟੋਭੇ ਵਿਚੋਂ ਅਪਣੀਆਂ ਮੱਝਾਂ ਨੂੰ ਬਾਹਰ ਕੱਢਣ ਲਈ ਗੁਰਜਰ ਬਰਾਦਰੀ ਦਾ ਇਕ ਵਿਅਕਤੀ ਫ਼ਤਿਹ ਮੁਹੰਮਦ ਪੁੱਤਰ ਨੂਰ ਮੁਹੰਮਦ 42 ਸਾਲ ਟੋਭੇ ਵਿਚ ਵੜ ਗਿਆ। ਜਦੋਂ ਟੋਭੇ ਦੇ ਵਿਚਕਾਰ ਗਿਆ ਤਾਂ ਟੋਭਾ ਜ਼ਿਆਦਾ ਡੂੰਘਾ ਹੋਣ ਕਾਰਨ ਪਾਣੀ ਵਿਚ ਡੁੱਬਣ ਲੱਗਾ ਤਾਂ ਅਪਣੇ ਚਾਚੇ ਨੂੰ ਬਚਾਉਣ ਲਈ ਪਿੱਛੇ ਹੀ ਭਤੀਜੇ ਸੁਲੇਮਾਨ ਪੁੱਤਰ ਫ਼ਕੀਰ ਮੁਹੰਮਦ ਨੇ ਟੋਭੇ ਵਿਚ ਛਾਲ ਮਾਰ ਦਿਤੀ।
ਥਾਣਾ ਪਾਇਲ ਦਾ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਟੋਭੇ ਚੋਂ ਡੁੱਬੇ ਵਿਅਕਤੀ ਨੂੰ ਬਾਹਰ ਕਢਦਾ ਹੋਇਆ।(ਫ਼ੋਟੋ ਖੱਟੜਾ)
ਉਸੇ ਵਕਤ ਰੌਲਾ ਪੈ ਗਿਆ ਤੇ ਪੁਲਿਸ ਨੂੰ ਇਤਲਾਹ ਦਿਤੀ ਗਈ ਤਾਂ ਮੌਕੇ 'ਤੇ ਥਾਣਾ ਮੁਖੀ ਜਸਪਾਲ ਸਿੰਘ ਧਾਲੀਵਾਲ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜ ਗਏ ਤਾਂ ਉਸੇ ਵਕਤ ਥਾਣਾ ਮੁਖੀ ਦੇ ਡਰਾਈਵਰ ਮੁਲਾਜ਼ਮ ਗੁਰਪ੍ਰੀਤ ਸਿੰਘ ਜਰਗੜੀ ਨੇ ਹਵਾ ਨਾਲ ਭਰੀ ਟਿਊਬ ਤੇ ਰੱਸੇ ਰਾਹੀਂ ਦੋਨਾਂ ਵਿਅਕਤੀ ਨੂੰ ਬਚਾਉਣ ਲਈ ਬੜੀ ਜੱਦੋ ਜਹਿਦ ਕੀਤੀ ਤਾਂ ਦੋਨਾਂ ਵਿਅਕਤੀਆਂ ਨੂੰ ਟੋਭੇ ਚੋਂ ਬਾਹਰ ਕਢਿਆ ਗਿਆ। ਗੰਭੀਰ ਵਿਅਕਤੀ ਸੁਲੇਮਾਨ ਨੂੰ ਸਿਵਲ ਹਸਪਤਾਲ ਪਾਇਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਇਥੇ ਇਹ ਵੀ ਦੱਸਣਯੋਗ ਹੈ ਕਿ ਟੋਭੇ ਵਿਚ ਡੁਬਦੇ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਬਜਾਏ ਲੋਕਾਂ ਵਲੋਂ ਵੀਡੀਉ ਬਣਾਉਣ 'ਤੇ ਜ਼ੋਰ ਦਿਤਾ ਗਿਆ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।