
ਹੁਣ ਹੁਸ਼ਿਆਰਪੁਰ ਦੇ ਮਾਹਿਲਪੁਰ 'ਚ ਪੁਲਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਹਰੇ
ਮਾਹਿਲਪੁਰ, 16 ਸਤੰਬਰ (ਪਪ): ਮਾਹਿਲਪੁਰ ਦੇ ਨਜ਼ਦੀਕੀ ਪਿੰਡ ਕਾਲੇਵਾਲ ਦੇ ਸਰਕਾਰੀ ਸਕੂਲ ਵਿਚ ਬੀਤੇ ਦਿਨੀਂ ਖ਼ਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਬੀਤੀ ਰਾਤ ਅਣਪਛਾਤਿਆਂ ਵਲੋਂ ਜੈਤਪੁਰ, ਬਾਹੋਵਾਲ ਸਮੇਤ ਹੋਰ ਪਿੰਡਾਂ ਵਿਚ ਖ਼ਾਲਿਸਤਾਨੀ ਪੱਖੀ ਨਾਹਰੇ ਪੁਲਾਂ, ਖੇਡ ਮੈਦਾਨਾਂ ਅਤੇ ਲਿੰਕ ਸੜਕਾਂ ਉਤੇ ਲਿਖ ਦਿਤੇ ਗਏ। ਅਣਪਛਾਤਿਆਂ ਵਲੋਂ ਖ਼ਾਲਿਸਤਾਨੀ ਨਾਹਰੇ ਲਿਖਣ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਕਿ ਉਨ੍ਹਾਂ ਸਵੇਰੇ ਆ ਕੇ ਵੇਖਿਆ ਤਾਂ ਪਤਾ ਲੱਗਾ ਕਿ 'ਖ਼ਾਲਿਸਤਾਨ ਵੋਟ ਬਣਾਉਣ' ਵੱਖ-ਵੱਖ ਅਸਥਾਨਾਂ ਉਤੇ ਲਿਖਿਆ ਹੋਇਆ ਸੀ।
ਇਥੇ ਦਸਣਯੋਗ ਹੈ ਕਿ ਅਣਪਛਾਤਿਆਂ ਵਲੋਂ ਖ਼ਾਲਿਸਤਾਨੀ ਝੰਡਾ ਲਹਿਰਾਉਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੋਗਾ ਅਤੇ ਪਟਿਆਲਾ ਵਿਚ ਖ਼ਾਲਿਸਤਾਨੀ ਝੰਡੇ ਲਹਿਰਾਏ ਗਏ ਸਨ। ਮੋਗਾ ਵਿਚ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਡੀ. ਸੀ. ਦਫ਼ਤਰ ਦੇ ਬਾਹਰ ਛੱਤ ਉਤੇ ਕਿਸੇ ਨੇ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖ਼ਾਲਿਸਤਾਨ ਦਾ ਝੰਡਾ ਲਹਿਰਾ ਦਿਤਾ ਸੀ। ਇਸ ਦੇ ਬਾਅਦ ਵੀ ਮੋਗਾ ਤੋਂ ਕੋਟਕਪੂਰਾ ਨੂੰ ਜਾਣ ਲਈ ਬਣੇ ਓਵਰਬ੍ਰਿਜ ਉਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ।
ਹਾਲਾਂਕਿ ਮੋਗਾ ਦੇ ਡੀ. ਸੀ. ਦਫ਼ਤਰ ਦੀ ਛੱਤ ਉਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਵਿਅਕਤੀਆਂ ਨੂੰ ਬੀਤੇ ਦਿਨੀਂ ਦਿੱਲੀ ਦੀ ਸਪੈਸ਼ਲ ਸੈੱਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਦੇ ਤੌਰ ਉਤੇ ਹੋਈ ਸੀ। ਇਸ ਤੋਂ ਪਹਿਲਾਂ ਮੋਗਾ ਪੁਲਿਸ ਨੇ ਇਸ ਘਟਨਾ ਦੀ ਵੀਡੀਉ ਬਣਾਉਣ ਵਾਲੇ ਨੌਜਵਾਨ ਅਕਸ਼ਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।