
ਜਲਾਲਾਬਾਦ ਵਿਖੇ ਮੋਟਰਸਾਈਕਲ ਉਪਰ ਹੋਇਆ ਧਮਾਕਾ, ਇਕ ਦੀ ਮੌਤ
ਜਲਾਲਾਬਾਦ, 16 ਸਤੰਬਰ (ਬਰਾੜ) : ਜਲਾਲਾਬਾਦ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਬਿਨਾਂ ਨੰਬਰ ਤੋਂ ਪਲਟੀਨਾ ਮੋਟਰਸਾਈਕਲ ਉਪਰ ਸਬਜ਼ੀ ਮੰਡੀ ਤੋਂ ਪੀ.ਐਨ.ਬੀ. ਬੈਂਕ ਰੋਡ ਵਲ ਜਾ ਰਿਹਾ ਸੀ ਤਾਂ ਜਦੋਂ ਉਹ ਪੀ.ਐਨ.ਬੀ. ਬੈਂਕ ਦੇ ਸਾਹਮਣੇ ਪਹੁੰਚਿਆ ਤਾਂ ਮੋਟਰਸਾਈਕਲ ਉਪਰ ਧਮਾਕਾ ਹੋ ਗਿਆ, ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਕ ਕਿਲੋਮੀਟਰ ਤੋਂ ਦੂਰ ਤਕ ਲੋਕਾਂ ਨੂੰ ਆਵਾਜ਼ ਸੁਣਾਈ ਦਿਤੀ | ਧਮਾਕੇ ਨਾਲ ਮੋਟਰਸਾਈਕਲ ਚਾਲਕ ਲਗਪਗ ਦੱਸ ਫੁੱਟ ਉੱਪਰ ਉੱਡ ਕੇ ਨੀਚੇ ਡਿੱਗਿਆ, ਜਿਸ ਨਾਲ ਉਸ ਦੇ ਚੀਥੜੇ ਉੱਡ ਗਏ |
ਮੌਕੇ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਮੋਟਰਸਾਈਕਲ ਨੂੰ ਅਪਣੇ ਕਬਜੇ ਵਿਚ ਲੈ ਕੇ ਮੋਟਰਸਾਈਕਲ ਵਿਅਕਤੀ ਨੂੰ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਭੇਜ ਦਿਤਾ ਗਿਆ, ਜਿਥੇ ਉਸ ਨੂੰ ਫ਼ਰੀਦਕੋਟ ਵਿਖੇ ਰੈਫਰ ਕਰ ਦਿਤਾ ਗਿਆ ਸੀ | ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ | ਮੋਟਰਸਾਈਕਲ ਧਮਾਕੇ ਦੀ ਜਾਂਚ ਪ੍ਰਸ਼ਾਸਨ ਵਲੋਂ ਬੜੀ ਹੀ ਬਰੀਕੀ ਨਾਲ ਕੀਤੀ ਜਾ ਰਹੀ ਹੈ | ਆਈ.ਜੀ. ਜਤਿੰਦਰ ਔਲਖ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਚੰਡੀਗੜ੍ਹ ਤੋਂ ਪਹੁੰਚੀ ਫੋਰੈਂਸਿਗ ਟੀਮ ਨੇ ਸੈਂਪਲ ਲੈ ਲਏ ਹਨ | ਉਸ ਦੀ ਰੀਪੋਰਟ ਆਉਣ 'ਤੇ ਲਗਪਗ ਇਕ ਹਫ਼ਤੇ ਦਾ ਸਮਾਂ ਲੱਗੇਗਾ ,ਤਾਂ ਹੀ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਧਮਾਕਾ ਮੋਟਰਸਾਈਕਲ ਦੀ ਟੈਂਕੀ ਫਟਣ ਕਾਰਨ ਹੋਇਆ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਸਾਜਸ਼ ਹੈ | ਉਨ੍ਹਾਂ ਇਹ ਵੀ ਮੰਨਿਆ ਕਿ ਧਮਾਕਾ ਜ਼ਰੂਰ ਹੋਇਆ ਹੈ | ਪਰ ਜਿੰਨੀ ਦੇਰ ਛਾਣਬੀਣ ਕੀਤੀ ਗਈ ਟੀਮ ਵਲੋਂ ਇਸ ਦੀ ਰੀਪੋਰਟ ਨਹੀਂ ਦਿਤੀ ਜਾਂਦੀ ਓਨੀ ਦੇਰ ਕੁੱਝ ਵੀ ਕਹਿਣਾ ਮੁਸ਼ਕਲ ਹੈ |
ਜ਼ਿਕਰਯੋਗ ਹੈ ਕਿ ਕਲ ਰਾਤ ਮੋਟਰਸਾਈਕਲ ਉਪਰ ਹੋਏ ਬੰਬ ਧਮਾਕੇ ਕਾਰਨ ਸ਼ਹਿਰ ਵਿਚ ਵੀ ਦਾ ਡਰ ਦਾ ਮਾਹੌਲ ਬਣਿਆ ਹੋਇਆ ਸੀ | ਪਰ ਧਮਾਕੇ ਦੇ ਕਾਰਨਾਂ ਦਾ ਪਤਾ ਨਾ ਲੱਗਣਾ ਅਜੇ ਵੀ ਰਹੱਸ ਬਣਿਆ ਹੋਇਆ ਹੈ |
ਕੈਪਸ਼ਨ :- 16 ਜਲਾਲਾਬਾਦ -01-ਘਟਨਾ ਵਾਲੀ ਥਾਂ ਤੇ ਛਾਣਬੀਣ ਕਰਦੀਆਂ ਹੋਈਆਂ ਟੀਮਾਂ -ਫੋਟੋ -ਬਰਾੜ