
"ਪਾਕਿ ਅੱਤਵਾਦੀਆਂ ਨੂੰ ਭਾਰਤ ਸਰਕਾਰ ਦੇਵੇਗੀ ਮੂੰਹ ਤੋੜ ਜਵਾਬ", "ਚਰਨਜੀਤ ਦੀ ਮ੍ਰਿਤਕ ਦੇਹ ਜਲਦ ਲਿਆਂਦੀ ਜਾਵੇਗੀ ਉਸਦੇ ਘਰ .
ਪੰਜਾਬ- ਸ਼ੱਕੀ ਅਤਿਵਾਦੀਆਂ ਵਲੋਂ ਪੰਜਾਬ ਦੇ ਦੋ ਸੇਬ ਵਪਾਰੀਆਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਸਮੇਤ ਤਿੰਨ ਜਣਿਆਂ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆ ਵਿਚ ਗੋਲੀਆਂ ਮਾਰ ਦਿੱਤੀਆਂ। ਜਿਨ੍ਹਾਂ ਵਿੱਚੋਂ ਚਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਸੰਜੀਵ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦਈਏ ਕਿ ਇਹ ਦੋਵੇਂ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਇੱਥੇ ਕਾਰੋਬਾਰੀ ਕਾਰਨਾਂ ਕਰ ਕੇ ਆਏ ਸਨ।
ਟਵੀਟ ਰਾਹੀਂ ਇਸ ਹਮਲੇ ਤੇ ਦੁੱਖ ਅਤੇ ਰੋਸ ਪ੍ਰਗਟ ਕਰਦਿਆਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਮਾਰੇ ਗਏ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਹੀ ਉਸਦੇ ਘਰ ਫਾਜ਼ਿਲਕਾ ਲਿਆਂਦਾ ਜਾਵੇਗਾ। ਜੰਮੂ ਵਿਚ ਪਾਕਿ ਅਤਿਵਾਦੀਆਂ ਵਲੋਂ ਕੀਤੀਆਂ ਜਾ ਰਹੀਆਂ ਇਹ ਘਟੀਆ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤ ਸਰਕਾਰ ਵਲੋਂ ਇਨ੍ਹਾਂ ਅਤਿਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਦੱਸ ਦਈਏ ਕਿ ਜੰਮੂ-ਕਸ਼ਮੀਰ 'ਚ ਅਤਿਵਾਦੀ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 2 ਦਿਨ ਪਹਿਲਾਂ ਕਸ਼ਮੀਰ 'ਚ ਅਤਿਵਾਦੀਆਂ ਨੇ ਇਕ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਤਿਵਾਦੀਆਂ ਨੇ ਪੰਜਾਬੀ ਕਾਰੋਬਾਰੀਆਂ ਉਤੇ ਹਮਲੇ ਤੋਂ ਪਹਿਲਾਂ ਪੁਲਵਾਮਾ 'ਚ ਇਕ ਮਜ਼ਦੂਰ ਦਾ ਕਤਲ ਕਰ ਦਿੱਤਾ। ਇਹ ਮਜ਼ਦੂਰ ਛੱਤੀਸਗੜ੍ਹ ਦਾ ਰਹਿਣ ਵਾਲਾ ਸੀ। ਮਰਨ ਵਾਲੇ ਦੀ ਪਛਾਣ ਸੇਥੀ ਕੁਮਾਰ ਦੇ ਰੂਪ 'ਚ ਹੋਈ ਹੈ। ਉਹ ਇੱਥੇ ਇੱਟ-ਭੱਠੇ 'ਚ ਕੰਮ ਕਰਦਾ ਸੀ।
ਸੋਮਵਾਰ 14 ਅਕਤੂਬਰ ਨੂੰ ਅਤਿਵਾਦੀਆਂ ਨੇ ਰਾਜਸਥਾਨ ਦੇ ਰਹਿਣ ਵਾਲੇ ਇਕ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ ਸੀ। ਪੁਲਿਸ ਅਨੁਸਾਰ ਅੱਤਵਾਦੀ ਇਹ ਕਾਇਰਾਨਾ ਹਰਕਤ ਬੌਖਲਾਹਟ 'ਚ ਕਰ ਰਹੇ ਹਨ। ਸਥਾਨਕ ਲੋਕਾਂ ਅਨੁਸਾਰ ਸੋਮਵਾਰ ਨੂੰ ਟਰੱਕ ਡਰਾਈਵਰ ਦਾ ਕਤਲ ਇਕ ਅਤਿਵਾਦੀ ਨੇ ਕੀਤਾ ਹੈ, ਇਸ ਦਾ ਸਬੰਧ ਪਾਕਿਸਤਾਨ ਨਾਲ ਹੈ। ਮੇਵਾਤ ਤੋਂ ਆਏ 40 ਸਾਲਾ ਡਰਾਇਵਰ ਸ਼ਰੀਫ਼ ਖ਼ਾਨ ਨੂੰ ਵੀ ਅਤਿਵਾਦੀਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਉਸ ਦੇ ਟਰੱਕ ਨੂੰ ਵੀ ਅੱਗ ਲਾ ਦਿੱਤੀ ਸੀ ਤਦ ਉਹ ਆਪਣੇ ਟਰੱਕ ਵਿਚ ਸੇਬਾਂ ਦੀਆਂ ਪੇਟੀਆਂ ਭਰ ਰਿਹਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਅਤਿਵਾਦੀਆਂ ਨੇ ਪੰਜਾਬ ਦੇ ਸੇਬ ਵਪਾਰੀਆਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਨੂੰ ਸ਼ਾਮੀਂ 7:30 ਵਜੇ ਗੋਲੀਆਂ ਮਾਰੀਆਂ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਤੋਂ ਚਾਰ ਅਤਿਵਾਦੀਆਂ ਨੇ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਨੂੰ ਗੋਲੀਆਂ ਮਾਰੀਆਂ। ਸੰਜੀਵ ਸਿੰਘ ਇਸ ਵੇਲੇ ਨਾਜ਼ੁਕ ਹਾਲਤ ਵਿਚ ਪੁਲਵਾਮਾ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਹੈ। ਬੀਤੀ 5 ਅਗਸਤ, ਜਦ ਤੋਂ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਹੈ, ਤਦ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਹਿੰਸਕ ਦਹਿਸ਼ਤਗਰਦ ਕਾਰਵਾਈਆਂ ਹਨ।