
ਜਲਾਲਾਬਾਦ ਵਿਖੇ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ ਆਂਵਲਾ ਲਈ ਕੱਢਿਆ ਵਿਸ਼ਾਲ ਰੋਡ ਸ਼ੋਅ
ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਬਕਾ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿੱਚ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ ਆਂਵਲਾ ਦੇ ਵਿਸ਼ਾਲ ਰੋਡ ਸ਼ੋਅ ਨਾਲ ਤਹਿਲਕਾ ਮਚਾਉਂਦੇ ਹੋਏ ਐਲਾਨ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਹੰਕਾਰ ਹੀ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਖਤਮ ਕਰ ਦੇਵੇਗਾ ਅਤੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਅਕਾਲੀ ਦਲ ਦਾ ਮੁਕੰਮਲ ਸਫਾਇਆ ਹੋ ਜਾਵੇਗਾ। ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸੁਖਬੀਰ ਵੱਲੋਂ ਜਲਾਲਾਬਾਦ ਦੇ ਲੋਕਾਂ ਨੂੰ ਆਪਣੀ ਜੇਬ ਵਿੱਚ ਹੋਣ ਦੀ ਖੁਸ਼ਫਹਿਮੀ ਤੋਂ ਵੀ ਮੁਕਤ ਕਰ ਦੇਣਗੇ ਕਿਉਂਕਿ ਸੁਖਬੀਰ ਦਾ ਹੰਕਾਰ ਹੀ ਉਸ ਨੂੰ ਤਬਾਹ ਕਰੇਗਾ।
Capt Amarinder Singh road-show
ਅਤਿਵਾਦ ਦੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿੱਚ ਲੰਬੇ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਪੁਲਿਸ ਕਰਮੀਆਂ ਦੀ ਰਿਹਾਈ ਲਈ ਸੂਬਾ ਸਰਕਾਰ ਵੱਲੋਂ ਕੀਤੀ ਅਪੀਲ ਦੀ ਸੁਖਬੀਰ ਵੱਲੋਂ ਆਲੋਚਨਾ ਕਰਨ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਦੌਰ ਵਿੱਚ ਪੰਜਾਬ ਅਤੇ ਦੇਸ਼ ਦੀ ਰੱਖਿਆ ਕਰਦੇ ਹੋਏ ਹਜ਼ਾਰਾਂ ਪੁਲਿਸ ਕਰਮੀਆਂ ਨੇ ਆਪਣੀ ਜਾਨ ਗੁਆਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਿਸ ਕਰਮੀਆਂ ਵੱਲੋਂ ਉਸ ਵੇਲੇ ਕੀਤੀ ਕਾਰਵਾਈ ਅਤਿਵਾਦ ਵਿਰੁਧ ਲੜਨ ਦੀ ਲੋੜ ਤੋਂ ਪ੍ਰੇਰਿਤ ਸੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੂੰ ਮਨੁੱਖਤਾ ਦੇ ਆਧਾਰ 'ਤੇ ਛੱਡਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਇਆ ਤੇ ਪਰਉਪਕਾਰ ਦੇ ਫਲਸਫੇ ਅਨੁਸਾਰ ਹੈ। ਉਨ੍ਹਾਂ ਕਿਹਾ, ''ਪਰ ਤੁਸੀਂ ਆਸ ਨਹੀਂ ਕਰ ਸਕਦੇ ਕਿ ਸੁਖਬੀਰ ਰਹਿਮ ਤੇ ਮਨੁੱਖਤਾ ਨੂੰ ਸਮਝੇਗਾ।'' ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਿਰਫ ਜ਼ੁਬਾਨੀ ਤੌਰ 'ਤੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੇ ਗੁਰੂ ਸਾਹਿਬ ਦੇ ਫਲਸਫੇ ਦੀ ਗੱਲ ਕੀਤੀ ਹੈ, ਅਮਲੀ ਰੂਪ ਕਦੇ ਨਹੀਂ ਦਿੱਤਾ।
Capt Amarinder Singh road-show
ਅੱਜ ਮੁੱਖ ਮੰਤਰੀ ਦੇ ਨਾਲ ਰਵਿੰਦਰ ਸਿੰਘ ਆਂਵਲਾ ਤੋਂ ਇਲਾਵਾ ਪਾਰਟੀ ਆਗੂ ਆਸ਼ਾ ਕੁਮਾਰੀ, ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨਾਲ ਸਨ। ਰੋਡ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਪਤਵੰਤਿਆਂ ਵਿੱਚ ਧਮਰਾਮਬੀਰ ਅਗਨੀਹੋਤਰੀ, ਸੁਖਪਾਲ ਸਿੰਘ ਭੁੱਲਰ, ਕਰਨ ਕੌਰ ਬਰਾੜ ਅਤੇ ਦਮਨ ਥਿੰਦ ਬਾਜਵਾ ਸ਼ਾਮਲ ਸਨ।
Capt Amarinder Singh road-show
ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਸੁਖਬੀਰ ਨੂੰ ਲੱਗਦਾ ਹੈ ਕਿ ਅਕਾਲੀਆਂ ਕੋਲ ਇਹ ਕਾਂਗਰਸ ਖਿਲਾਫ ਜਿੱਤ ਦਾ ਇਕ ਮੌਕਾ ਹੈ ਤਾਂ ਉਹ ਇਕ ਵੱਡੇ ਭੁਲੇਖੇ ਵਿਚ ਜਿਉਂ ਰਿਹਾ ਹੈ। ਲੋਕ ਸ਼੍ਰੋਮਣੀ ਅਕਾਲੀ ਦਲ ਦੇ ਧੋਖਿਆਂ ਤੋਂ ਜਾਣੂ ਹਨ ਅਤੇ ਇਕ ਵਾਰ ਫਿਰ ਉਹ ਅਕਾਲੀਆਂ ਨੂੰ ਵੱਡੇ ਫ਼ਰਕ ਨਾਲ ਹਰਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਰੋਡ ਸ਼ੋਅ ਦੌਰਾਨ ਹਲਕੇ ਦੇ ਹਜ਼ਾਰਾਂ ਲੋਕਾਂ ਦਾ ਉਮੜਿਆ ਜਨ ਸੈਲਾਬ ਹੀ ਕਾਂਗਰਸੀ ਉਮੀਦਵਾਰ ਦੀ ਜਿੱਤ ਉਪਰ ਪੱਕੀ ਮੋਹਰ ਲਾ ਰਿਹਾ ਹੈ।
Capt Amarinder Singh road-show
ਕਾਂਗਰਸੀ ਉਮੀਦਵਾਰ ਆਂਵਲਾ ਵਿੱਚ ਆਪਣੇ ਭਰੋਸੇ ਨੂੰ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਮੀਦਵਾਰ ਵੱਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਨੂੰ ਯਕੀਨੀ ਬਣਾਉਣਗੇ। ਊਧਮ ਸਿੰਘ ਚੌਕ ਵਿਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੀ ਪਾਰਟੀ ਆਉਣ ਵਾਲੀਆਂ ਸਾਰੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਲਈ ਭਾਰੀ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।