
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਏ.ਡੀ.ਸੀ. ਵਲੋਂ ਹੁਕਮ ਜਾਰੀ
ਪਟਿਆਲਾ: ਜ਼ਿਲ੍ਹੇ ਦੇ ਏ.ਡੀ.ਸੀ. ਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਜੀਤ ਸਿੰਘ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪਟਾਕੇ ਚਲਾਉਣ ਸਬੰਧੀ ਨਿਰਧਾਰਤ ਹੁਕਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਦੀਵਾਲੀ ਅਤੇ ਗੁਰਪੁਰਬ ਮੌਕੇ 'ਤੇ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਵਿਚ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆ ਕਿ ਹਾਈ ਕੋਰਟ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀ ਹੱਦ ਅੰਦਰ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ। ਡਰਾਅ ਅਨੁਸਾਰ ਅਲਾਟੀ ਵਲੋਂ ਨਿਰਧਾਰਤ ਥਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤਕ ਹੀ ਪਟਾਕੇ ਵੇਚੇ ਜਾ ਸਕਦੇ ਹਨ ਅਤੇ ਇਸ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਪਾਬੰਦੀਸ਼ੁਦਾ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਹੈ।
ਉਨ੍ਹਾਂ ਦਸਿਆ ਕਿ ਦੀਵਾਲੀ 'ਤੇ ਰਾਤ 8 ਵਜੇ ਤੋਂ ਰਾਤ 10 ਵਜੇ ਤਕ, ਗੁਰਪੁਰਬ ਮੌਕੇ ਸਵੇਰੇ 4 ਤੋਂ 5 ਵਜੇ ਤਕ ਅਤੇ ਰਾਤ ਨੂੰ 9 ਤੋਂ 10 ਵਜੇ ਤਕ, ਕ੍ਰਿਸਮਿਸ 'ਤੇ ਰਾਤ 11.55 ਤੋਂ ਅਗਲੇ ਦਿਨ ਸਵੇਰੇ 12.30 ਵਜੇ ਤਕ ਅਤੇ ਇਸੇ ਤਰ੍ਹਾਂ ਨਵੇਂ ਸਾਲ ਮੌਕੇ ਰਾਤ 11.55 ਵਜੇ ਤੋਂ ਅਗਲੀ ਸਵੇਰ 12.30 ਵਜੇ ਤਕ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਦੇ ਹੁਕਮ ਦਿਤੇ ਗਏ ਹਨ। ਸਾਰੇ ਸਬੰਧਤ ਵਿਭਾਗ ਇਨ੍ਹਾਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ। ਵਿਆਹਾਂ ਸਮੇਤ ਹੋਰ ਧਾਰਮਕ ਪ੍ਰੋਗਰਾਮਾਂ ਲਈ ਸਰਕਾਰੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।