
Khanpur News: ਨਾਮਜ਼ਦਗੀ ਪੱਤਰ ਦਾਖ਼ਲ ਕਰ ਕੇ ਹੀ ਪਾਕਿਸਤਾਨ ਚਲਾ ਗਿਆ ਸੀ ਬਲਜਿੰਦਰ ਸਿੰਘ
Retired education board officer made Sarpanch while sitting abroad Khanpur News : ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਦਾ ਸੇਵਾ ਮੁਕਤ ਸੁਪਰਡੰਟ ਬਾਬਾ ਬਲਜਿੰਦਰ ਸਿੰਘ ਵਿਦੇਸ਼ ’ਚ ਬੈਠਾ ਹੀ ਪਿੰਡ ਖਾਨਪੁਰ ਤੋਂ ਸਰਪੰਚੀ ਦੀ ਚੋਣ ਜਿੱਤ ਗਿਆ। ਜਾਣਕਾਰੀ ਅਨੁਸਾਰ ਉਹ ਇਨ੍ਹੀ-ਦਿਨੀਂ ਪਰਵਾਰ ਸਮੇਤ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਗਿਆ ਹੋਇਆ ਹੈ।
ਬਲਜਿੰਦਰ ਸਿੰਘ ਤਿੰਨ ਦਹਾਕਿਆਂ ਤੋਂ ਵਧੇਰੇ ਸਮਾਂ ਪੰਜਾਬ ਸਕੂਲ ਸਿਖਿਆ ਬੋਰਡ ਵਿਚ ਨੌਕਰੀ ਕਰਦਾ ਰਿਹਾ ਤੇ ਉਸ ਦੀ ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਸੀ ਕਿ ਬਲਜਿੰਦਰ ਸਿੰਘ ਨੂੰ ਸਰਪੰਚੀ ਦੀ ਚੋਣ ਲੜਾਈ ਜਾਵੇ ਪਰ ਗੁਰਧਾਮਾਂ ਦਾ ਪ੍ਰੋਗਰਾਮ ਤੈਅ ਹੋਣ ਕਰ ਕੇ ਉਸ ਨੇ ਮਨ੍ਹਾਂ ਕਰ ਦਿਤਾ।
ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਦਬਾਅ ਬਣਾ ਕੇ ਗੁਰਧਾਮਾਂ ਦੀ ਯਾਤਰਾ ਦਾ ਪ੍ਰੋਗਰਾਮ ਅੱਗੇ ਪਾਉਣ ਲਈ ਕਹਿ ਦਿਤਾ, ਜਿਸ ’ਤੇ ਸੇਵਾ ਮੁਕਤ ਅਧਿਕਾਰੀ ਨੇ ਦੁਬਾਰਾ ਮਨ੍ਹਾਂ ਕਰ ਦਿਤਾ।
ਪਿੰਡ ਵਾਸੀਆਂ ਦਾ ਪਿਆਰ ਦੇਖ ਕੇ ਉਨ੍ਹਾਂ ਦੇ ਪੋਤਰੇ ਐਡਵੋਕੇਟ ਹਰਦੀਪ ਸਿੰਘ ਨੇ ਦਾਦੀ ਸਰਬਜੀਤ ਕੌਰ ਅਤੇ ਦਾਦਾ ਜੀ ਦੇ ਭਰਾ ਜੋਸ਼ਾ ਸਿੰਘ ਅਤੇ ਬਾਕੀ ਪ੍ਰਵਾਰਕ ਮੈਂਬਰਾਂ ਨੂੰ ਚੋਣ ਲੜਨ ਲਈ ਮਨਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਪੋਤਰੇ ਹਰਦੀਪ ਸਿੰਘ ਰਾਹੀਂ ਨਾਮਜ਼ਦਗੀ ਪੇਪਰ ਦਾਖ਼ਲ ਕਰ ਕੇ 6 ਅਕਤੂਬਰ ਨੂੰ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਚਲੇ ਗਏ। ਵੱਡੀ ਗੱਲ ਇਹ ਰਹੀ ਕਿ ਇਸ ਪੂਰੇ ਚੋਣ ਪ੍ਰਚਾਰ ਦੌਰਾਨ ਉਮੀਦਵਾਰ ਬਲਜਿੰਦਰ ਸਿੰਘ ਪਿੰਡ ਵਿਚ ਮੌਜੂਦ ਹੀ ਨਹੀਂ ਸੀ ਤਾਂ ਵੀ ਚੋਣ ਵਿਚ ਜੇਤੂ ਰਿਹਾ।