
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ...
ਚੰਡੀਗੜ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਜੋ ਬੀਤੀ ਰਾਤ ਮਿਸਰ ਵਿੱਚ ਆਸਵਾਂ ਦੇ ਆਸਵਾਂ ਮਿਲਟਰੀ ਹਸਪਤਾਲ ਵਿੱਚ ਚੱਲ ਵਸੇ। ਸ੍ਰੀ ਸੇਖੋਂ 62 ਵਰ੍ਹਿਆਂ ਦੇ ਸਨ ਜਿਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਸ਼੍ਰੀ ਸੇਖੋਂ ਦੇ ਤੁਰ ਜਾਣ ਨਾਲ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਬਹੁਤ ਵੱਡਾ ਘਾਟਾ ਪਿਆ ਹੈ। ਸ੍ਰੀ ਸੇਖੋਂ ਨਾਲ ਉਨ੍ਹਾਂ ਦੀ ਲੰਮੀ ਸਾਂਝ ਰਹੀ ਹੈ ਅਤੇ ਦੋਵਾਂ ਪਰਿਵਾਰਾਂ ਦਾ ਘੱਟੋ-ਘੱਟ ਚਾਰ ਪੀੜੀਆਂ ਤੋਂ ਗੂੜਾ ਰਿਸ਼ਤਾ ਬਣਿਆ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸ੍ਰੀ ਸੇਖੋਂ ਵੱਲੋਂ ਉਨ੍ਹਾਂ ਅਤੇ ਸੂਬੇ ਵਿਚ ਕਾਂਗਰਸ ਪਾਰਟੀ ਪ੍ਰਤੀ ਨਿਭਾਈ ਅਣਥੱਕ ਸੇਵਾ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਕ ਟਵੀਟ ਵਿੱਚ ਆਖਿਆ,''ਮੇਰੇ ਅਜ਼ੀਜ਼ ਮਿੱਤਰ ਕਰਨਪਾਲ ਸਿੰਘ ਸੇਖੋਂ ਦੀ ਮੌਤ ਬਾਰੇ ਸੁਣ ਕੇ ਡੂੰਘਾ ਦੁੱਖ ਪਹੁੰਚਿਆ ਹੈ। ਮਿਸਰ ਵਿੱਚ ਪਰਿਵਾਰਕ ਫ਼ੇਰੀ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦਾ ਰਹਾਂਗਾ।'' ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪਰਿਵਾਰ ਵੱਲੋਂ ਇਸ ਭਾਣੇ ਨੂੰ ਮੰਨ ਲੈਣ ਦੀ ਉਮੀਦ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਸ੍ਰੀ ਸੇਖੋਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਕਰਨਪਾਲ ਸਿੰਘ ਸੇਖੋਂ ਦੀ ਮੌਤ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਇਸ ਨੂੰ ਬਹੁਤ ਹੀ ਮੰਦਭਾਗਾ ਦੱਸਿਆ। ਸ੍ਰੀ ਠੁਕਰਾਲ ਨੇ ਆਖਿਆ ਕਿ ਉਹ ਸ੍ਰੀ ਸੇਖੋਂ ਨੂੰ ਬਹੁਤ ਹੀ ਵਫ਼ਾਦਾਰ ਦੋਸਤ ਅਤੇ ਚੰਗੇ ਇਨਸਾਨ ਦੇ ਤੌਰ 'ਤੇ ਜਾਣਦੇ ਸਨ।