
ਸਾਧਵੀਆਂ ਦੇ ਨਾਲ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿਚ ਫ਼ੈਸਲਾ ਆ ਚੁੱਕਿਆ ਹੈ। ਦੋਵਾਂ ਮਾਮਲਿਆਂ ਵਿਚ...
ਚੰਡੀਗੜ੍ਹ : ਸਾਧਵੀਆਂ ਦੇ ਨਾਲ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿਚ ਫ਼ੈਸਲਾ ਆ ਚੁੱਕਿਆ ਹੈ। ਦੋਵਾਂ ਮਾਮਲਿਆਂ ਵਿਚ ਡੇਰਾ ਮੁਖੀ ਸਮੇਤ ਹੋਰ ਸਮੱਰਥਕਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿਤੀ ਗਈ ਹੈ। ਛਤਰਪਤੀ ਕਤਲ ਮਾਮਲੇ ਵਿਚ ਤਾਂ ਭਲੇ ਹੀ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਬਾਵਜੂਦ ਡੇਰਾ ਮੁਖੀ ਉਤੇ ਅਜੇ ਹੋਰ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
ਕੁੱਝ ਮਾਮਲੇ ਹੋਰ ਹਨ, ਜਿਸ ਵਿਚ ਡੇਰਾ ਮੁਖੀ ਮੁਲਜ਼ਮ ਹੈ। ਹਾਲਾਂਕਿ ਬਚਾਅ ਪੱਖ ਦੇ ਕੋਲ ਅਜੇ ਇਸ ਉਮਰ ਕੈਦ ਦੀ ਸਜ਼ਾ ਨੂੰ ਉੱਚ ਅਦਾਲਤ ਵਿਚ ਚੁਣੌਤੀ ਦੇਣ ਦਾ ਵਿਕਲਪ ਹੈ ਪਰ ਹੋਰ ਮਾਮਲਿਆਂ ਵਿਚ ਵੀ ਜੇਕਰ ਫ਼ੈਸਲਾ ਡੇਰਾ ਮੁਖੀ ਦੇ ਵਿਰੁਧ ਆਉਂਦਾ ਹੈ, ਤਾਂ ਡੇਰਾ ਮੁਖੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।ਛਤਰਪਤੀ ਕਤਲ ਮਾਮਲੇ ਤੋਂ ਇਲਾਵਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦਾ ਮਾਮਲਾ ਵੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਚੱਲ ਰਿਹਾ ਹੈ।
ਸੀਬੀਆਈ ਦੇ ਸੀਨੀਅਰ ਐਡਵੋਕੇਟ ਐਚਪੀਐਸ ਵਰਮਾ ਦੇ ਮੁਤਾਬਕ ਇਸ ਮਾਮਲੇ ਵਿਚ ਤਮਾਮ ਗਵਾਹੀ ਪੂਰੀ ਹੋ ਚੁੱਕੀ ਹੈ ਅਤੇ ਹੁਣ 19 ਜਨਵਰੀ ਨੂੰ ਇਸ ਮਾਮਲੇ ਵਿਚ ਬਹਿਸ ਸ਼ੁਰੂ ਹੋ ਰਹੀ ਹੈ। ਉਮੀਦ ਹੈ ਇਸ ਮਾਮਲੇ ਵਿਚ ਵੀ ਛੇਤੀ ਫ਼ੈਸਲਾ ਆਵੇਗਾ। ਇਸ ਕੇਸ ਵਿਚ ਵੀ ਡੇਰਾ ਮੁਖੀ ਮੁਲਜ਼ਮ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਉਤੇ ਇਕ ਹੋਰ ਗੰਭੀਰ ਕੇਸ ਵੀ ਸੀਬੀਆਈ ਅਦਾਲਤ ਵਿਚ ਵਿਚਾਰ ਅਧੀਨ ਹੈ।
ਡੇਰਾ ਮੁਖੀ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਰੂਹਾਨੀਅਤ ਦਾ ਸਹਾਰਾ ਲੈਂਦੇ ਹੋਏ ਡੇਰੇ ਦੇ ਕਰੀਬ 400 ਸਾਧੂਆਂ ਨੂੰ ਨਪੁੰਸਕ ਬਣਾਇਆ ਹੈ। ਇਸ ਮਾਮਲੇ ਵਿਚ ਸੀਬੀਆਈ ਵਲੋਂ ਵਿਸ਼ੇਸ਼ ਕੋਰਟ ਵਿਚ ਚਲਾਨ ਪੇਸ਼ ਕਰ ਦਿਤਾ ਗਿਆ ਹੈ ਅਤੇ ਕੇਸ ਵਿਚ ਅਜੇ ਸੁਣਵਾਈ ਚੱਲ ਰਹੀ ਹੈ। ਉੱਧਰ, ਡੇਰੇ ਦੇ ਇਕ ਹੋਰ ਸਾਥੀ ਫਕੀਰਚੰਦ ਕਤਲ ਕੇਸ ਦੀ ਦੁਬਾਰਾ ਜਾਂਚ ਕਰਵਾਉਣ ਲਈ ਹਾਈਕੋਰਟ ਵਿਚ ਅਪੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਜਾਂਚ ਵੀ ਸੀਬੀਆਈ ਕਰ ਰਹੀ ਸੀ ਪਰ ਦਸੰਬਰ 2010 ਵਿਚ ਸੀਬੀਆਈ ਨੇ ਇਸ ਮਾਮਲੇ ਵਿਚ ਅਪਣੀ ਕਲੋਜ਼ਰ ਰਿਪੋਰਟ ਦਾਇਰ ਕਰ ਦਿਤੀ ਸੀ, ਜਿਸ ਤੋਂ ਬਾਅਦ ਇਸ ਕੇਸ ਵਿਚ ਡੇਰਾ ਮੁਖੀ ਨੂੰ ਬਰੀ ਕਰ ਦਿਤਾ ਗਿਆ ਸੀ।