
ਮਾਨਸਾ ਵਿਚ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਸਮੱਰਥਕ ਪਤੀ-ਪਤਨੀ ਤੋਂ ਲੱਗਭੱਗ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ...
ਮਾਨਸਾ : ਮਾਨਸਾ ਵਿਚ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਸਮੱਰਥਕ ਪਤੀ-ਪਤਨੀ ਤੋਂ ਲੱਗਭੱਗ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਨੀਆਂ ਇਲਾਕੇ ਦਾ ਰਹਿਣ ਵਾਲਾ ਇਹ ਜੋੜਾ ਇਕ ਟੋਯੋਟਾ ਗੱਡੀ ਵਿਚ ਤਲਵੰਡੀ ਰਾਮਾ ਮੰਡੀ ਦੇ ਰਸਤੇ ਮਾਨਸਾ ਦੇ ਪਿੰਡ ਦਲਿਏਵਾਲਾ ਜਾ ਰਿਹਾ ਸੀ। ਚੈਕਿੰਗ ਦੌਰਾਨ ਦੋ ਬੈਗਾਂ ਵਿਚ 2 ਕਰੋੜ, 99 ਲੱਖ, 53 ਹਜ਼ਾਰ ਰੁਪਏ ਮਿਲੇ। ਸੰਤੁਸ਼ਟ ਜਵਾਬ ਨਾ ਮਿਲਣ ‘ਤੇ ਨਕਦੀ ਨੂੰ ਸੀਲ ਕਰ ਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿਤਾ ਗਿਆ ਹੈ।
ਇਹ ਬਰਾਮਦਗੀ ਉਸ ਸਮੇਂ ਹੋਈ, ਜਦੋਂ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਉਤੇ ਚੱਲ ਰਹੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿਚ ਫ਼ੈਸਲਾ ਆਉਣਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ। ਐਸਐਸਪੀ ਮਨਧੀਰ ਸਿੰਘ ਨੇ ਦੱਸਿਆ ਕਿ ਡੀਐਸਪੀ ਸਿਮਰਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਮੁਖ਼ਬਰੀ ਦੀ ਸੂਚਨਾ ਉਤੇ ਪਿੰਡ ਭੈਣੀ ਬਾਘਾ ਅਤੇ ਬਹਣੀਵਾਲ ਦੇ ਕੋਲ ਚੈਕਿੰਗ ਸ਼ੁਰੂ ਕਰ ਦਿਤੀ।
ਉਦੋਂ ਹਰਿਆਣਾ ਤੋਂ ਆ ਰਹੀ ਇਕ ਟੋਯੋਟਾ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿਚ ਦੋ ਬੈਗ ਨੋਟਾਂ ਨਾਲ ਭਰੇ ਮਿਲੇ। ਪੁਲਿਸ ਨੇ ਕਰੰਸੀ ਨੂੰ ਸੀਲ ਕਰ ਦਿਤਾ ਹੈ। ਮੌਕੇ ਉਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਮਸ਼ੀਨ ਦੀ ਵਰਤੋਂ ਕਰਕੇ ਗਿਣਤੀ ਕੀਤੀ ਗਈ ਤਾਂ ਇਹ ਰਕਮ 2 ਕਰੋੜ, 99 ਲੱਖ, 53 ਹਜ਼ਾਰ ਰੁਪਏ ਨਿਕਲੀ। ਪੁੱਛਗਿੱਛ ਵਿਚ ਕਾਰ ਸਵਾਰ ਪਤੀ-ਪਤਨੀ ਦਾ ਕਹਿਣਾ ਸੀ ਕਿ ਇਹ ਨਕਦੀ ਚੰਡੀਗੜ੍ਹ ਦੇ ਰਹਿਣ ਵਾਲੇ ਉਸ ਦੇ ਦੋਸਤ ਦੀ ਹੈ, ਜੋ ਬਿਲਡਿੰਗ ਕੰਟਰੈਕਟਰ ਹੈ।
ਉਸ ਦੇ ਕਹਿਣ ਉਤੇ ਇਹ ਲੋਕ ਕਰੰਸੀ ਨੂੰ ਮਾਨਸੇ ਦੇ ਪਿੰਡ ਦਲਿਏਵਾਲਾ ਛੱਡਣ ਜਾ ਰਹੇ ਸਨ। ਸ਼ੱਕੀ ਪਤੀ-ਪਤਨੀ ਦੀ ਪਹਿਚਾਣ ਸਿਰਸਾ ਜ਼ਿਲ੍ਹੇ ਦੇ ਪਿੰਡ ਸੰਤ ਨਗਰ ਦੇ ਰਹਿਣ ਵਾਲੇ ਨਿਰਮਲ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਸੁਖਚੈਨ ਕੌਰ ਦੇ ਰੂਪ ਵਿਚ ਹੋਈ ਹੈ। ਇਹ ਡੇਰਾ ਸੱਚਾ ਸੌਦਾ ਦੇ ਸਾਥੀ ਦੱਸੇ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਕਦੀ ਨੂੰ ਅਗਲੀ 11 ਜਨਵਰੀ ਨੂੰ ਪੰਚਕੂਲਾ ਵਿਚ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੇ ਚਲਦੇ ਹਰਿਆਣਾ ਤੋਂ ਪੰਜਾਬ ਦੇ ਰਸਤੇ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ,
ਕਿਉਂਕਿ ਸੁਣਵਾਈ ਦੇ ਦੌਰਾਨ ਮਾਹੌਲ ਵਿਗੜਨ ਦੇ ਸ਼ੱਕ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਵਿਚ ਚੱਪੇ-ਚੱਪੇ ਉਤੇ ਪੁਲਿਸ ਦਾ ਪਹਿਰਾ ਹੈ। ਇਸ ਦੇ ਚਲਦੇ ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਪੇਸ਼ੀ ਰੋਹਤਕ ਦੀਆਂ ਸੁਨਾਰੀਆਂ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਉਤੇ ਮੰਗਲਵਾਰ ਨੂੰ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਰਕਾਰ ਦੀ ਮੰਗ ਦੇ ਹੱਕ ਵਿਚ ਫ਼ੈਸਲਾ ਦਿਤਾ ਹੈ। ਫ਼ਿਲਹਾਲ, ਪੁਲਿਸ ਅਧਿਕਾਰੀ ਇਸ ਸਬੰਧ ਵਿਚ ਕੁੱਝ ਬੋਲਣ ਤੋਂ ਮਨਾਹੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਸ ਬਾਰੇ ਵਿਚ ਹੋਰ ਖ਼ੁਲਾਸਾ ਕੀਤਾ ਜਾਵੇਗਾ।