
ਕੋਵਿਡ ਮਹਾਂਮਾਰੀ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਕੁਲ ਜਾਇਦਾਦ ਦੁਗਣੇ ਤੋਂ ਵੀ ਜ਼ਿਆਦਾ ਹੋਈ : ਰਿਪੋਰਟ
ਕੋਰੋਨਾ ਦੌਰਾਨ ਦੇਸ਼ ਨੂੰ ਮਿਲੇ 40 ਹੋਰ ਨਵੇਂ ਅਰਬਪਤੀ, ਕੁਲ ਗਿਣਤੀ ਹੋਈ 142
ਨਵੀਂ ਦਿੱਲੀ/ਦੋਵਾਸ, 17 ਜਨਵਰੀ : ਕੋਵਿਡ ਮਹਾਂਮਾਰੀ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਕੁਲ ਜਾਇਦਾਦ ਵੱਧ ਕੇ ਦੁਗਣੀ ਤੋਂ ਵੱਧ ਹੋ ਗਈ ਅਤੇ 10 ਸੱਭ ਤੋਂ ਅਮੀਰ ਲੋਕਾਂ ਦੀ ਜਾਇਦਾਦ 25 ਸਾਲ ਤਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿਖਿਆ ਅਤੇ ਉਚ ਸਿਖਿਆ ਦੇਣ ਲਈ ਕਾਫ਼ੀ ਹੈ | ਇਕ ਅਧਿਐਨ 'ਚ ਸੋਮਵਾਰ ਨੂੰ ਇਹ ਗੱਲ ਕਹੀ ਗਈ | ਅਧਿਐਨ ਮੁਤਾਬਕ ਇਸ ਦੌਰਾਨ ਭਾਰਤ 'ਚ ਅਰਬਪਤੀਆਂ ਦੀ ਗਿਣਤੀ 39 ਫ਼ੀ ਸਦੀ ਤੋਂ ਵੱਧ ਕੇ 142 ਹੋ ਗਈ |
ਰਿਪੋਰਟ ਮੁਤਾਬਕ 2021 'ਚ ਜਿਥੇ ਭਾਰਤ ਦੇ 84 ਫ਼ੀ ਸਦੀ ਪ੍ਰਵਾਰਾਂ ਦੀ ਆਮਦਨ 'ਚ ਕਮੀ ਆਈ ਹੈ, ਉਥੇ ਹੀ ਭਾਰਤੀ ਅਰਬਪਤੀਆਂ ਦੀ ਗਿਣਤੀ 102 ਤੋਂ ਵਧ ਕੇ 142 ਹੋ ਗਈ ਹੈ | ਵੀਡੀਉ ਕਾਨਫ਼ਰੰਸ ਜ਼ਰੀਏ ਆਯੋਜਤ ਵਿਸ਼ਵ ਆਰਥਕ ਮੰਚ ਦੇ ਦੇਵਾਸ ਏਜੰਡਾ ਸਿਖਰ ਸੰਮੇਲਨ ਦੇ ਪਹਿਲੇ ਦਿਨ ਜਾਰੀ ਆਕਸਫੈਮ ਇੰਡੀਆ ਦੀ ਸਾਲਾਨਾ ਅਸਮਾਨਤਾ ਸਰਵੇ ਵਿਚ ਕਿਹਾ ਗਿਆ ਕਿ ਜੇਕਰ ਸੱਭ ਤੋਂ ਅਮੀਰ 10 ਫ਼ੀ ਸਦੀ ਲੋਕਾਂ 'ਤੇ ਇਕ ਫ਼ੀ ਸਦੀ ਵਾਧੂ ਟੈਕਸ ਲਗਾ ਦਿਤਾ ਜਾਵੇ, ਤਾਂ ਦੇਸ਼ ਨੂੰ ਲਗਭਗ 17.7 ਲੱਖ ਵਾਧੂ ਆਕਸੀਜਨ ਸਿਲੰਡਰ ਮਿਲ ਸਕਦੇ ਹਨ | ਆਰਥਕ ਅਸਮਾਨਤਾ 'ਤੇ ਆਕਸਫੈਮ ਦੀ ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ 142 ਭਾਰਤੀ ਅਰਬਪਤੀਆਂ ਕੋਲ ਕੁਲ 719 ਅਰਬ ਅਮਰੀਕੀ ਡਾਲਰ (53 ਲੱਖ ਕਰੋੜ ਰੁਪਏ ਤੋਂ ਵੱਧ) ਦੀ ਜਾਇਦਾਦ ਹੈ | ਦੇਸ਼ ਦੇ ਸੱਭ ਤੋਂ ਅਮੀਰ 98 ਲੋਕਾਂ ਦੀ ਕੁਲ ਜਾਇਦਾਦ, ਸੱਭ ਤੋਂ ਗ਼ਰੀਬ 55.5 ਕਰੋੜ ਲੋਕਾਂ ਦੀ ਕੁਲ ਜਾਇਦਾਦ ਦੇ ਬਰਾਬਰ ਹੈ |
ਰਿਪੋਰਟ ਵਿਚ ਕਿਹਾ ਗਿਆ ਕਿ ਜੇਕਰ 10 ਸੱਭ ਤੋਂ ਅਮੀਰ ਭਾਰਤੀ ਅਰਬਪਤੀਆਂ ਨੂੰ ਰੋਜ਼ਾਨਾ 10 ਲੱਖ ਅਮਰੀਕੀ ਡਾਲਰ ਖ਼ਰਚ ਕਰਨੇ ਪਏ ਤਾਂ ਉਨ੍ਹਾਂ ਦੀ ਮੌਜੂਦਾ ਜਾਇਦਾਦ 84 ਸਾਲ 'ਚ ਖ਼ਤਮ ਹੋਵੇਗੀ | ਆਕਸਫੈਮ ਨੇ ਕਿਹਾ ਕਿ ਇਨ੍ਹਾਂ ਅਰਬਪਤੀਆਂ ਦੀ ਸਾਲਾਨਾ ਜਾਇਦਾਦ ਟੈਕਸ ਲਾਉਣ ਨਾਲ ਹਰ ਸਾਲ 78.3 ਅਰਬ ਅਮਰੀਕੀ ਡਾਲਰ ਮਿਲਣਗੇ ਜਿਸ ਨਾਲ ਸਰਕਾਰੀ ਸਿਹਤ ਬਜਟ 'ਚ 271 ਫ਼ੀ ਸਦੀ ਵਾਧਾ ਹੋ ਸਕਦਾ ਹੈ |
ਰਿਪੋਰਟ ਮੁਤਾਬਕ ਕੋਵਿਡ 19 ਦੀ ਸ਼ੁਰੂਆਤ ਇਕ ਸਿਹਤ ਸੰਕਟ ਵਜੋਂ ਹੋਈ ਸੀ, ਪਰ ਹੁਣ ਇਹ ਇਕ ਆਰਥਕ ਸੰਕਟ ਬਣ ਗਿਆ ਹੈ | ਮਹਾਂਮਾਰੀ ਦੌਰਾਨ ਸੱਭ ਤੋਂ ਅਮੀਰ 10 ਫ਼ੀ ਸਦੀ ਲੋਕਾਂ ਨੇ ਰਾਸ਼ਟਰੀ ਜਾਇਦਾਦ ਦਾ 45 ਫ਼ੀ ਸਦੀ ਹਿੱਸਾ ਹਾਸਲ ਕੀਤਾ, ਜਦਕਿ ਹੇਠਲੀ 50 ਫ਼ੀ ਸਦੀ ਆਬਾਦੀ ਦੇ ਹਿੱਸੇ ਸਿਰਫ਼ 6 ਫ਼ੀ ਸਦੀ ਰਾਸ਼ੀ ਆਈ |
ਅਧਿਐਨ 'ਚ ਸਰਕਾਰ ਤੋਂ ਮਾਲੀਆ ਪੈਦਾ ਕਰਨ ਦੇ ਅਪਣੇ ਮੁਢਲੇ ਸਰੋਤਾਂ 'ਤੇ ਮੁੜ ਵਿਚਾਰ ਕਰਨ ਅਤੇ ਟੈਕਸ ਲਗਾਉਣ ਦੇ ਹੋਰ ਪ੍ਰਗਤੀਸ਼ੀਲ ਤਰੀਕੇ ਅਪਣਾਉਣ ਦੀ ਅਪੀਲ ਕੀਤੀ ਹੈ | (ਏਜੰਸੀ)