
Punjab News: ਵੀਆਈਪੀ ਕਲਚਰ ਕੀਤਾ ਖ਼ਤਮ, ਇਕੋ ਥਾਂ ਬੈਠਣਗੇ ਸਾਰੇ ਸ਼ਰਧਾਲੂ
Dera Radha Soami Beas' historic decision : ਰਾਧਾ ਸੁਆਮੀ ਸਤਿਸੰਗ ਬਿਆਸ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਅਪਣੇ ਕੇਂਦਰਾਂ ’ਚੋਂ ਵੀਆਈਪੀ ਕਲਚਰ ਨੂੰ ਖ਼ਤਮ ਕਰ ਦਿਤਾ ਹੈ। ਇਸ ਫ਼ੈਸਲੇ ਨਾਲ ਹੁਣ ਆਮ ਤੇ ਖ਼ਾਸ ਵਰਗ ਦੇ ਲੋਕਾਂ ਨੂੰ ਬਰਾਬਰ ਦਾ ਦਰਜ ਮਿਲ ਸਕੇਗਾ। ਇਸ ਦਾ ਉਦੇਸ਼ ਸੰਗਤ ’ਚ ਹਰ ਇਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਤ ਕਰਨਾ ਹੈ।
ਇਸ ਤੋਂ ਪਹਿਲਾਂ ਸਤਿਸੰਗ ਦੌਰਾਨ ਵੀ.ਆਈ.ਪੀਜ਼ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ। ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇਕੋ ਥਾਂ ’ਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ। ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦਸਿਆ ਹੈ। ਸੰਗਤ ਦਾ ਕਹਿਣਾ ਹੈ ਕਿ ਇਹ ਬਦਲਾਅ ਸਾਰਿਆਂ ਲਈ ਬਰਾਬਰਤਾ ਅਤੇ ਏਕਤਾ ਨੂੰ ਯਕੀਨੀ ਬਣਾਏਗਾ।
ਜ਼ਿਕਰਯੋਗ ਹੈ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਨੇ 2 ਅਗੱਸਤ ਨੂੰ ਅਪਣੇ ਨਵੇਂ ਉਤਰਾਧਿਕਾਰੀ ਦਾ ਐਲਾਨ ਕੀਤਾ ਸੀ। ਜਸਦੀਪ ਸਿੰਘ ਗਿੱਲ ਨੂੰ ਅਧਿਆਤਮਕ ਸਤਿਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਜਥੇਬੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ। ਰਾਧਾ ਸੁਆਮੀ ਸਤਿਸੰਗ ਬਿਆਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਵੇਂ ਸਤਿਗੁਰੂ ਵਜੋਂ ਅਧਿਆਤਮਕ ਆਗੂ ਦੀ ਭੂਮਿਕਾ ਨਿਭਾਉਣਗੇ। ਉਹ ਹੁਣ ਗੁਰੂ ਦੀਕਸ਼ਾ ਦੇ ਸਕੇਗਾ।
ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਹਨ। ਇਸ ਤੋਂ ਇਲਾਵਾ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹੈ। ਇਸ ਕਾਰਨ ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ (ਡੇਰਾ ਰਾਧਾ ਸੁਆਮੀ) ਦਾ ਨਵਾਂ ਮੁਖੀ ਨਿਯੁਕਤ ਕੀਤਾ।