
ਜੰਮੂ ਵਿਚ ਐਤਵਾਰ ਨੂੰ ਬਿਨਾ ਕਿਸੇ ਰਾਹਤ ਤੋਂ ਲਗਾਤਾਰ ਤੀਜੇ ਦਿਨ ਵੀ ਕਰਫ਼ਿਊ ਜਾਰੀ ਰਿਹਾ.......
ਜੰਮੂ : ਜੰਮੂ ਵਿਚ ਐਤਵਾਰ ਨੂੰ ਬਿਨਾ ਕਿਸੇ ਰਾਹਤ ਤੋਂ ਲਗਾਤਾਰ ਤੀਜੇ ਦਿਨ ਵੀ ਕਰਫ਼ਿਊ ਜਾਰੀ ਰਿਹਾ। ਉਧਰ ਸੈਨਾ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਫ਼ਲੈਗ ਮਾਰਚ ਕੱਢਿਆ। ਅਧਿਕਾਰੀਆਂ ਨੇ ਦਸਿਆ ਕਿ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਹਿਰ 'ਚ ਆਮ ਸਥਿਤੀਆਂ ਦੀ ਬਹਾਲੀ ਸਬੰਧੀ ਬੈਠਕ ਵੀ ਕੀਤੀ। ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਕਈ ਲੋਕਾਂ ਨੂੰ ਸਾਵਧਾਨੀ ਲਈ ਹਿਰਾਸਤ 'ਚ ਲਿਆ ਗਿਆ ਹੈ। ਜੰਮੂ ਪੁਲਿਸ ਦੇ ਇੰਸਪੈਕਟਰ ਜਨਰਲ ਐਮ. ਕੇ. ਸਿਨਹਾ ਨੇ ਦਸਿਆ ਕਿ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ
ਅਤੇ ਸਥਿਤੀ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦੇ ਬਾਅਦ ਦਿਨ ਵਿਚ ਢਿਲ ਕਰਨ ਦਾ ਫ਼ੈਸਲਾ ਕੀਤਾ ਜਾਏਗਾ। ਉਨ੍ਹਾਂ ਨਾਲ ਜੰਮੂ ਦੇ ਬੋਰਡ ਪ੍ਰਧਾਨ ਸੰਜੀਵ ਕੁਮਾਰ ਵਰਮਾ ਅਤੇ ਜੰਮੂ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਮੇਸ਼ ਕੁਮਾਰ ਨੇ ਸਨਿਚਰਵਾਰ ਸ਼ਾਮ ਵੱਖ ਵੱਖ ਧਰਮਾਂ ਦੇ ਮੁਹਤਬਰ ਬੰਦਿਆਂ ਨਾਲ ਲੰਮੀ ਬੈਠਕ ਕੀਤੀ। ਸਿਨਹਾ ਨੇ ਕਿਹਾ ਕਿ ਸੀਆਰਪੀਐਫ਼ ਦੇ ਕਾਫ਼ਲੇ 'ਤੇ ਹੋਏ ਅਤਿਵਾਦੀ ਹਮਲੇ ਨੂੰ ਡੂੰਗਾਘੀ ਨਾਲ ਦੇਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤੱਤ ਸਾਡੇ ਜਵਾਨਾਂ 'ਤੇ ਹਮਲਾ ਕਰ ਕੇ ਸਾਡੇ ਸਮਾਜ ਨੂੰ ਵੰਡਣਾ ਚਾਹੁੰਦੇ ਹਨ।
ਉਨ੍ਹਾਂ ਬੈਠਕ ਵਿਚ ਆਏ ਲੋਕਾਂ ਨੂੰ ਅਪੀਲ ਕੀਤੀ ਕਿ ਹਿੰਸਾ ਤੋਂ ਦੂਰ ਰਹਿਣ ਲਈ ਨੌਜੁਆਨਾਂ ਦਾ ਮਾਰਗਦਰਸ਼ਨ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਫੜਣ ਵਿਚ ਪ੍ਰਸ਼ਾਸਨ ਦੀ ਮਦਦ ਕਰਨ ਜੋ ਇਲਾਕੇ ਵਿਚ ਸ਼ਾਂਤੀਪੂਰਨ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਨੌਂ ਟੁਕਟੀਆਂ ਦੀ ਤੈਨਾਤੀ ਕੀਤੀ ਗਈ ਸੀ। ਸਥਿਤੀ ਨੂੰ ਸੰਭਾਲਣ ਲਈ ਪ੍ਰਸ਼ਾਸਨ ਦੀ ਮੰਗ ਤੋਂ ਬਾਅਦ ਸਨਿਚਰਵਾਰ ਨੂੰ ਨੌਂ ਹੋਰ ਟੁਕੜੀਆਂ ਨੂੰ ਤੈਨਾਤ ਕੀਤਾ ਗਿਆ। ਸਥਿਤੀ ਦੀ ਨਿਗਰਾਨੀ ਰੱਖਣ ਲਈ ਹੈਲੀਕਾਪਟਰ ਅਤੇ ਯੂਏਵੀ ਨੂੰ ਵੀ ਮੁਚਿੰਮ ਵਿਚ ਸ਼ਾਮਲ ਕੀਤਾ ਗਿਆ ਹੈ। (ਪੀਟੀਆਈ)