
ਐਸ.ਆਈ.ਟੀ. ਟੀਮ ਨੇ ਆਈ.ਜੀ. ਉਮਰਾਨੰਗਲ ਨੂੰ ਚੰਡੀਗੜ੍ਹ ਪੁਲਿਸ ਹੈਡਕੁਆਟਰ ਤੋਂ ਹਿਰਾਸਤ ਵਿਚ ਲੈ ਲਿਆ ਹੈ।ਜੋ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਢ ਦੇ ਸਮੇਂ ਮੌ...
ਕੋਟਕਪੁਰਾ: ਐਸ.ਆਈ.ਟੀ. ਟੀਮ ਨੇ ਆਈ.ਜੀ. ਉਮਰਾਨੰਗਲ ਨੂੰ ਚੰਡੀਗੜ੍ਹ ਪੁਲਿਸ ਹੈਡਕੁਆਟਰ ਤੋਂ ਹਿਰਾਸਤ ਵਿਚ ਲੈ ਲਿਆ ਹੈ। ਜੋ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਦੇ ਸਮੇਂ ਮੌਕੇ ਤੇ ਮੌਜੂਦ ਸੀ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਉਮਰਾਨੰਗਲ ਨੂੰ ਕੱਲ੍ਹ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਐਸ.ਆਈ.ਟੀ. ਟੀਮ ਪਿਛਲੇ 4 ਮਹੀਨੇ ਤੋਂ ਕਾਰਵਾਈ ਕਰ ਰਹੀ ਹੈ।
ਐਸ.ਆਈ.ਟੀ. ਨੇ ਉਸ ਤੋਂ ਪਹਿਲਾਂ ਵੀ ਪੁੱਛ-ਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਮੋਗੇ ਦੇ ਤਤਕਾਲੀਨ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਸਿਵਲ ਲਾਈਨ ਵਿਖੇ ਉਹਨਾਂ ਦੇ ਘਰ ਤੋਂ ਐਸ.ਆਈ.ਟੀ. ਟੀਮ ਨੇ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ 12 ਅਕਤੂਬਰ 2015 ਨੂੰ ਫਰੀਦਕੋਟ ਜਿਲ੍ਹੇ ਦੇ ਪਿੰਡ ਬਰਗਾੜੀ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਸੀ।
Umranangal
ਇਸ ਮਾਮਲੇ ਵਿਚ ਸਿੱਖ ਸੰਗਠਨਾਂ ਤੇ ਸਿੱਖ ਸੰਗਤਾਂ ਵੱਲੋਂ ਕੋਟਕਪੁਰਾ ਤੇ ਬਰਗਾੜੀ ਦੇ ਪਿੰਡ ਬਹਿਬਲ ਕਲਾਂ ‘ਚ ਵੀ ਧਰਨਾ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਨਿਆਮੀਵਾਲਾ ਪਿੰਡ ਦੇ ਕਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਂਵਾ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਾਦਲ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ, ਪਰ ਇਸ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ।
Vijay partap singh
ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ ‘ਤੇ ਰਿਪੋਰਟ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਸੀ। ਕਮਿਸ਼ਨ ਨੇ ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ। ਪੰਜਾਬ ਸਰਕਾਰ ਨੇ ਜਾਂਚ ਸੀ.ਬੀ.ਆਈ. ਤੋਂ ਵਾਪਿਸ ਲੈ ਕੇ ਐਸ.ਆਈ.ਟੀ. ਟੀਮ ਨੂੰ ਸੌਂਪ ਦਿੱਤੀ ਸੀ।