
ਪਾਰਟੀ ਪ੍ਰਧਾਨ ਨੂੰ ਸਿੱਧੇ ਅਧਿਕਾਰ ਦੇਣ ਦੇ ਪਿਛਲੇ ਅਮਲ ਨੂੰ ਵਿਦਾਇਗੀ ਦਿੰਦੇ ਹੋਏ ਪੰਜਾਬ ਕਾਂਗਰਸ ਸੂਬੇ ਦੀਆਂ 13 ਸੀਟਾਂ ਵਾਸਤੇ ਚੋਣਵੇਂ ਉਮੀਦਵਾਰਾਂ ਦੀ ਮੁਕੰਮਲ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪਾਰਟੀ ਪ੍ਰਧਾਨ ਨੂੰ ਸਿੱਧੇ ਅਧਿਕਾਰ ਦੇਣ ਦੇ ਪਿਛਲੇ ਅਮਲ ਨੂੰ ਵਿਦਾਇਗੀ ਦਿੰਦੇ ਹੋਏ ਪੰਜਾਬ ਕਾਂਗਰਸ ਸੂਬੇ ਦੀਆਂ 13 ਸੀਟਾਂ ਵਾਸਤੇ ਚੋਣਵੇਂ ਉਮੀਦਵਾਰਾਂ ਦੀ ਮੁਕੰਮਲ ਸੂਚੀ ਅੰਤਿਮ ਚੋਣ ਵਾਸਤੇ ਰਾਹੁਲ ਗਾਂਧੀ ਨੂੰ ਭੇਜੇਗੀ। ਇਹ ਫੈਸਲਾ ਪੰਜਾਬ ਭਵਨ ਵਿਚ ਐਤਵਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਚੋਣ ਕਮੇਟੀ ਦੀ ਇਕ ਮੀਟਿੰਗ ਦੌਰਾਨ ਲਿਆ ਗਿਆ। ਇਹ ਫ਼ੈਸਲਾ ਰਾਹੁਲ ਗਾਂਧੀ ਦੀ ਗਤੀਸ਼ੀਲ ਅਗਵਾਈ ਹੇਠ ਪਾਰਟੀ ਦੀ ਮਜ਼ਬੂਤ ਜਮਹੂਰੀ ਪ੍ਰਣਾਲੀ ਅਤੇ ਨਵੇਂ ਖੁੱਲ੍ਹੇਪਨ ਦਾ ਚਿੰਨ ਹੈ।
ਇਹ ਪਾਰਟੀ ਪ੍ਰਧਾਨ ਦੇ ਸੁਝਾਅ ਦੇ ਹੁੰਗਾਰ ਵਜੋਂ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਸੂਬਾ ਇਕਾਈਆਂ ਫੈਸਲਾ ਲੈਣ ਲਈ ਸਿਰਫ਼ ਹਾਈ ਕਮਾਂਡ ਨੂੰ ਅਧਿਕਾਰਿਤ ਕਰਨ ਦੀ ਥਾਂ ਪ੍ਰਸਤਾਵਿਤ ਉਮੀਦਵਾਰਾਂ ਦੇ ਨਾਂ ਭੇਜਣ। ਸੁਝਾਅ ਦਾ ਜ਼ਿਕਰ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਮੁਖੀ ਸੁਨੀਲ ਜਾਖੜ ਨੇ ਇਹ ਪ੍ਰਸਤਾਵ ਮੀਟਿੰਗ ਵਿੱਚ ਪ੍ਰਵਾਨ ਕਰਨ ਲਈ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਜਿਸ ਵਾਸਤੇ ਸਾਰੇ ਹਲਕਿਆਂ ਤੋਂ ਜਿੱਤਣ ਵਾਲੇ ਉਮੀਦਵਾਰ ਖੜ੍ਹੇ ਕਰਨ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣਾ ਅਤੇ ਕੇਂਦਰ ਵਿਚ ਸਰਕਾਰ ਦਾ ਗਠਨ ਕਰਨਾ ਹੈ। ਉਨ੍ਹਾਂ ਨੇ ਨਿੱਜੀ ਸਬੰਧਾਂ ਤੋਂ ਉੱਪਰ ਉੱਠਣ ਦੀ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਸਿਰਫ਼ ਜਿੱਤਣ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਵਾਸਤੇ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਗਠਜੋੜ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਸੁਝਾਅ ਦਿਤਾ ਕਿ ਸਿਰਫ਼ ਕਾਂਗਰਸ ਦੇ ਮੈਂਬਰਾਂ/ਵਰਕਰਾਂ ਨੂੰ ਇਨ੍ਹਾਂ ਚੋਣਾਂ ਵਿਚ ਖੜ੍ਹੇ ਕਰਨਾ ਚਾਹੀਦਾ ਹੈ ਜੋ ਕਿ ਪਾਰਟੀ ਦੇ ਹੱਕ ਵਿਚ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਅਕਾਲੀ ਦਲ ਅਤੇ ਦੋ ਆਮ ਆਦਮੀ ਪਾਰਟੀਆਂ ਦੇ ਚੋਣਾਂ ਵਿਚ ਹੋਣ ਨਾਲ ਸਥਿਤੀ ਸਪਸ਼ਟ ਤੌਰ 'ਤੇ ਕਾਂਗਰਸ ਦੇ ਹੱਕ ਵਿੱਚ ਹੈ। ਉਨ੍ਹਾਂ ਨੇ ਸਿਲਸਿਲੇਵਾਰ ਸਮਾਜਿਕ ਇੰਜੀਨੀਅਰਿੰਗ ਦੇ ਰਾਹੀਂ ਸਾਰੀਆਂ ਜ਼ਾਤਾਂ ਅਤੇ ਧਰਮਾਂ ਨੂੰ ਢੁੱਕਵੀਂ ਨੂਮਾਇੰਦਗੀ ਦੇਣ 'ਤੇ ਜ਼ੋਰ ਦਿਤਾ। ਪੰਜਾਬ ਮਾਮਲਿਆਂ ਦੀ ਇੰਚਾਰਜ ਅਤੇ ਏ.ਆਈ.ਸੀ.ਸੀ. ਦੀ ਸਕੱਤਰ ਆਸ਼ਾ ਕੁਮਾਰੀ ਨੇ ਦਸਿਆ ਕਿ 13 ਸੀਟਾਂ ਦੇ ਲਈ ਕੁਲ 180 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਰਾਹੁਲ ਗਾਂਧੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੋਲ ਚੋਣਵੇਂ ਉਮੀਦਵਾਰਾਂ ਦੇ ਨਾਂ ਭੇਜੇ ਜਾਣ।
ਇਹ ਢੰਗ-ਤਰੀਕਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਵੀ ਪਾਰਟੀ ਵਲੋਂ ਅਪਣਾਇਆ ਗਿਆ। ਉਨ੍ਹਾਂ ਸੁਝਾਅ ਦਿਤਾ ਕਿ ਸਾਰੇ ਨਿਵੇਦਕਾਂ ਦੀ ਸੂਚੀ ਸਾਰੇ ਮੈਂਬਰਾਂ ਨੂੰ ਦਿੱਤੀ ਜਾਵੇ ਜਿਹੜੇ ਆਪਣੀ ਪਸੰਦ ਉੱਤੇ ਨਿਸ਼ਾਨੀ ਲਾਉਣ ਅਤੇ ਸੰਭਾਵੀ ਉਮੀਦਵਾਰਾਂ ਬਾਰੇ ਆਪਣੇ ਸੁਝਾਅ ਦੇਣ। ਆਸ਼ਾ ਕੁਮਾਰੀ ਨੇ ਕਿਹਾ ਕਿ ਇਹ ਚੋਣਾਂ ਦੇਸ਼ ਅਤੇ ਕਾਂਗਰਸ ਲਈ ਬਹੁਤ ਜ਼ਿਆਦਾ ਅਹਿਮ ਹਨ। ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣਾ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਉਮੀਦਵਾਰਾਂ ਦੀ ਚੋਣ ਦਾ ਮੁੱਖ ਮਾਪਦੰਡ ਜੇਤੂ ਸਮਰਥਾ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿਤਾ।