
ਇਸ ਹਾਦਸੇ 'ਚ ਪਿਓ ਪੁੱਤਰ ਦੀ ਮੌਤ
ਬਟਾਲਾ- ਇਕ 32 ਸਾਲਾ ਨੌਜਵਾਨ ਨੇ ਗੁਰਦਾਸਪੁਰ ਵੱਲ ਜਾਂਦੀ ਹੋਈ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਆਤਮਹੱਤਿਆ ਕੀਤੀ। ਆਤਮਹੱਤਿਆ ਕਰਨ ਤੋਂ ਪਹਿਲਾਂ ਉਸ ਨੇ ਆਪਣੇ 3 ਸਾਲ ਦੇ ਪੁੱਤਰ ਨੂੰ ਆਪਣੇ ਨਾਲ ਬੰਨ੍ਹ ਲਿਆ ਅਤੇ 5 ਸਾਲ ਦੀ ਧੀ ਨੂੰ ਵੀ ਨਾਲ ਲੈ ਲਿਆ। ਬੱਚੀ ਨੇ ਆਪਣੇ ਪਿਤਾ ਦਾ ਹੱਥ ਛੁਡਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਕੋਸ਼ਿਸ਼ ਦੌਰਾਨ ਉਸ ਨੇ ਟਰੈਕ ਤੋਂ ਦੂਰ ਛਾਲ ਮਾਰੀ ਤਾਂ ਉਸ ਸਮੇਂ ਉਸਦੇ ਗੰਭੀਰ ਸੱਟਾਂ ਲੱਗੀਆਂ।
ਜਸਵੰਤ ਨਾਮਕ ਇਸ ਵਿਅਕਤੀ ਅਤੇ ਉਸ ਦੇ ਤਿੰਨ ਸਾਲਾ ਪੁੱਤਰ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਉਹ ਬੇਰੁਜ਼ਗਾਰ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹ ਡਿਪਰੈਸ਼ਨ ਵਿਚ ਸੀ। ਇਹ ਘਟਨਾ ਬਟਾਲਾ ਵਿਚ ਖੰਡ ਮਿੱਲ ਦੇ ਨੇੜੇ ਦੁਪਿਹਰ ਨੂੰ ਹੋਈ। ਇਨ੍ਹਾਂ ਤਿੰਨਾਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਲਜਾਇਆ ਗਿਆ, ਜਿੱਥੇ ਪਿਤਾ ਅਤੇ ਪੁੱਤਰ ਨੂੰ ਮਰਿਆ ਘੋਸ਼ਿਤ ਕੀਤਾ ਗਿਆ।
ਲੜਕੀ ਨੂੰ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ ਭੇਜਿਆ ਗਿਆ ਹੈ। ਜੀਆਰਪੀ ਪੋਸਟ ਇੰਚਾਰਜ, ਪਵਨ ਕੁਮਾਰ ਨੇ ਕਿਹਾ ਕਿ ਜਸਵੰਤ ਦੀ ਪਤਨੀ ਰਮਨਪ੍ਰੀਤ ਕੌਰ ਦੀ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।