
ਕਿਹਾ, ਸਿਰਫ਼ ਇਕ ਵਿਅਕਤੀ ਪੀੜਤ, ਉਹ ਵੀ ਜੋ ਬਾਹਰੋਂ ਆਇਆ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਰਾਜ ਦੀ ਜਨਤਾ, ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਅਜੇ ਤਕ ਇਕ ਵੀ ਸ਼ਹਿਰੀ ਇਸ ਬੀਮਾਰੀ ਤੋਂ ਪੀੜਤ ਨਹੀਂ ਪਾਇਆ ਗਿਆ। ਸਿਰਫ਼ ਇਕ ਵਿਅਕਤੀ ਇਸ ਬੀਮਾਰੀ ਤੋਂ ਪੀੜਤ ਹੈ ਜੋ ਬਾਹਰਲੇ ਦੇਸ਼ ਤੋਂ ਆਇਆ ਹੈ ਅਤੇ ਉਸ ਦਾ ਢੁਕਵਾਂ ਇਲਾਜ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇਥੇ ਵਿਸ਼ੇਸ਼ ਗੱਲਬਾਤ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿਤੀ। ਉਨ੍ਹਾਂ ਦਸਿਆ ਕਿ ਬਾਹਰੋਂ ਆਏ ਵਿਅਕਤੀਆਂ ਵਿਚੋਂ 1297 ਦੇ ਸੈਂਪਲ ਲਏ ਅਤੇ ਇਨ੍ਹਾਂ ਵਿਚੋਂ 116 ਸ਼ੱਕੀ ਵਿਅਕਤੀਆਂ ਦੇ ਸੈਂਪਲ ਟੈਸਟ ਲਈ ਲਿਬਾਰਟਰੀਆਂ ਵਿਚ ਭੇਜੇ ਗਏ। 110 ਸੈਂਪਲਾਂ ਦੇ ਨਤੀਜੇ ਆ ਚੁਕੇ ਹਨ ਅਤੇ ਇਨ੍ਹਾਂ ਵਿਚੋਂ ਇਕ ਵਿਅਕਤੀ ਹੀ ਕੋਰੋਨਾ ਤੋਂ ਪੀੜਤ ਪਾਇਆ ਗਿਆ ਜਿਸ ਦਾ ਇਲਾਜ ਚਲ ਰਿਹਾ ਹੈ। 6 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Photo
ਇਸ ਵਾਇਰਸ ਨਾਲ ਲੜਨ ਲਈ ਕੀਤੇ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ 350 ਵੈਟੀਲੇਟਰ ਉਪਲਬਧ ਕਰਵਾਏ ਗਏ ਹਨ। ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਪਟਿਆਲਾ ਹਸਪਤਾਲ ਵਿਚ 500 ਬੈਡ ਦਾ ਇਕ ਵਖਰਾ ਯੂਨਿਟ ਤਿਆਰ ਕੀਤਾ ਗਿਆ ਹੈ। ਇਸੀ ਤਰ੍ਹਾਂ ਅੰਮ੍ਰਿਤਸਰ ਵਿਖੇ ਵੀ 500 ਬੈਡ ਦਾ ਵਖਰਾ ਯੂਨਿਟ ਤਿਆਰ ਹੈ। ਇਸ ਤੋਂ ਇਲਾਵਾ ਪੀ.ਜੀ.ਆਈ ਚੰਡੀਗੜ੍ਹ ਵਿਚ ਵੀ ਪ੍ਰਬੰਧ ਉਪਲਬੱਧ ਹਨ।
Photo
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਪਰੋਕਤ ਇਕ ਹਜ਼ਾਰ ਬੈਡ ਤਾਂ ਦੋ ਹਸਪਤਾਲਾਂ ਵਿਚ ਕੋਰੋਨਾ ਤੋਂ ਪੀੜਤਾਂ ਦੇ ਇਲਾਜ ਲਈ ਹਨ ਜਦਕਿ ਬਾਹਰੋਂ ਆਉਣ ਵਾਲੇ ਸ਼ੱਕੀ ਵਿਅਕਤੀਆਂ ਨੂੰ ਨਿਗਰਾਨੀ ਵਿਚ ਰੱਖਣ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਹਸਪਤਾਲਾਂ ਵਿਚ ਵਖਰੇ ਵਾਰਡ ਵੀ ਤਿਆਰ ਕੀਤੇ ਗਏ ਹਨ। ਜਿਥੋਂ ਤਕ ਟੈਸਟ ਲਿਬਾਰਟਰੀਆਂ ਦਾ ਸਬੰਧ ਹੈ, ਇਹ ਅੰਮ੍ਰਿਤਸਰ, ਪਟਿਆਲਾ ਅਤੇ ਪੀ.ਜੀ.ਆਈ ਚੰਡੀਗੜ੍ਹ ਵਿਚ ਉਪਲਬੱਧ ਹਨ।
Photo
ਡਾਕਟਰਾਂ ਅਤੇ ਹਸਪਤਾਲਾਂ ਦੇ ਅਮਲੇ ਲਈ ਜਿਨ੍ਹਾਂ ਨੇ ਪੀੜਤ ਮਰੀਜ਼ਾਂ ਦਾ ਇਲਾਜ ਕਰਨਾ ਹੈ, ਲਈ ਇਸ ਸਮੇਂ ਮੁਕੰਮਲ ਰੂਪ ਵਿਚ ਤਿੰਨ ਹਜ਼ਾਰ ਕਿੱਟਾਂ ਉਪਲਬੱਧ ਹਨ ਅਤੇ 6500 ਹੋਰ ਕਿਟਾਂ ਦਾ ਆਰਡਰ ਦਿਤਾ ਹੈ ਜੋ ਇਕ ਦੋ ਦਿਨਾਂ ਵਿਚ ਮਿਲ ਜਾਣਗੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਜੋ ਵੀ ਵਿਅਕਤੀ ਬਾਹਰਲੇ ਦੇਸ਼ ਤੋਂ ਆਉਂਦਾ ਹੈ ਉਸ ਨੂੰ 24 ਘੰਟੇ ਵਖਰੇ ਕਰ ਕੇ ਨਿਗਰਾਨੀ ਵਿਚ ਰਖਿਆ ਜਾ ਰਿਹਾ ਹੈ ਪ੍ਰੰਤੂ ਜੋ ਵਿਅਕਤੀ ਕੋਰੋਨਾ ਤੋਂ ਪੀੜਤ ਦੇਸ਼ਾਂ ਤੋਂ ਆਉਂਦੇ ਹਨ, ਉਨ੍ਹਾਂ ਨੂੰ 14 ਦਿਨਾਂ ਤਕ ਵਖਰੇ ਕਰ ਕੇ ਨਿਗਰਾਨੀ ਵਿਚ ਰਖਿਆ ਜਾ ਰਿਹਾ ਹੈ।
Photo
ਮੰਤਰੀ ਨੇ ਦਸਿਆ ਕਿ ਤਿੰਨ ਹਜ਼ਾਰ ਬੈੱਡ ਦਾ ਪ੍ਰਬੰਧ ਉਨ੍ਹਾਂ ਵਿਅਕਤੀਆਂ ਲਈ ਹੈ ਜਿਨ੍ਹਾਂ ਨੂੰ ਨਿਗਰਾਨੀ ਵਿਚ ਰਖਿਆ ਜਾ ਰਿਹਾ ਹੈ। ਸ. ਸਿੱਧੂ ਨੇ ਸਪਸ਼ਟ ਕੀਤਾ ਕਿ ਸਾਰਿਆਂ ਨੂੰ ਹਸਪਤਾਲਾਂ ਵਿਚ ਨਿਗਰਾਨੀ ਵਿਚ ਨਹੀਂ ਰਖਿਆ ਜਾਂਦਾ ਬਲਕਿ ਜਿਨ੍ਹਾਂ ਨੂੰ 24 ਘੰਟੇ ਨਿਗਰਾਨੀ ਵਿਚ ਰੱਖਣ ਉਪਰੰਤ ਸਹੀ ਪਾਇਆ ਜਾਂਦਾ ਹੈ, ਉਨ੍ਹਾਂ ਅਪਣੇ ਹੀ ਘਰਾਂ ਵਿਚ ਵਖਰੇ ਨਿਗਰਾਨੀ ਵਿਚ ਰਖਿਆ ਜਾਂਦਾ ਹੈ ਅਤੇ ਹਰ ਰੋਜ਼ ਮੈਡੀਕਲ ਟੀਮਾਂ ਉਨ੍ਹਾਂ ਦੀ ਰਿਹਾਇਸ਼ ਉਪਰ ਜਾ ਕੇ ਪੂਰੀ ਜਾਣਕਾਰੀ ਲੈਂਦੀਆਂ ਹਨ। ਇਸ ਸਮੇਂ ਘਰਾਂ ਵਿਚ 3700 ਵਿਅਕਤੀ ਨਿਗਰਾਨੀ ਹੇਠ ਰੱਖੇ ਗਏ ਹਨ।
Photo
ਉਨ੍ਹਾਂ ਦਸਿਆ ਕਿ ਹੁਣ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਬਹੁਤ ਹੀ ਘੱਟ ਹੋ ਚੁਕੀ ਹੈ। ਮਾਰਕੀਟ ਵਿਚ ਮਹਿੰਗੇ ਮਿਲਦੇ ਮਾਸਕ ਬਾਰੇ ਪੁਛੇ ਜਾਣ 'ਤੇ ਮੰਤਰੀ ਨੇ ਕਿਹਾ ਕਿ ਮਾਹਰਾਂ ਦੀ ਰਾਏ ਅਨੁਸਾਰ ਮਾਸਕ ਦੀ ਲੋੜ ਸਿਰਫ਼ ਕੋਰੋਨਾ ਤੋਂ ਪੀੜਤ ਵਿਅਕਤੀ ਅਤੇ ਮੈਡੀਕਲ ਅਮਲੇ ਨੂੰ ਹੈ, ਜਿਨ੍ਹਾਂ ਨੇ ਮਰੀਜ਼ਾਂ ਦਾ ਇਲਾਜ ਕਰਨਾ ਹੈ। ਆਮ ਜਨਤਾ ਨੂੰ ਕੋਈ ਲੋੜ ਨਹੀਂ। ਫਿਰ ਵੀ ਜੇਕਰ ਕਿਸੀ ਨੇ ਇਤਿਹਾਦ ਵਰਤਣਾ ਹੈ ਤਾਂ ਉਹ ਤਿੰਨ ਪੜਤਾਂ ਵਾਲਾ ਕੋਈ ਵੀ ਕਪੜਾ ਮਾਸਕ ਦੇ ਰੂਪ ਵਿਚ ਵਰਤ ਸਕਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮਾਸਕ ਸਿਰਫ਼ 3-4 ਘੰਟਿਆਂ ਲਈ ਹੀ ਹੁੰਦਾ ਹੈ, ਉਸ ਤੋਂ ਬਾਅਦ ਉਸ ਦੀ ਵਰਤੋਂ ਕਰਨਾ ਨੁਕਸਾਨਦੇਹ ਹੈ।