
ਪਾਸ-ਟੋਕਨ ਜਾਰੀ ਕਰਨ ਦੇ ਢੰਗ ਤੋਂ ਕਿਸਾਨ-ਆੜ੍ਹਤੀ ਔਖੇ
ਚੰਡੀਗੜ੍ਹ, 17 ਅਪ੍ਰੈਲ (ਜੀ.ਸੀ. ਭਾਰਦਵਾਜ) : ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚਲਦਿਆਂ ਇਸ ਵਾਰ ਕਣਕ ਦੀ ਖ਼ਰੀਦ ਪੰਜਾਬ ਦੇ ਤੈਅ ਸ਼ੁਦਾ 4000 ਦੇ ਕਰੀਬ ਖ਼ਰੀਦ ਕੇਂਦਰਾਂ ਵਿਚ ਉਂਜ ਤਾਂ ਪਿਛਲੇ 3 ਦਿਨਾਂ ਤੋਂ ਚਲ ਰਹੀ ਹੈ ਪਰ ਕੇਵਲ ਇਕ ਡੇਢ ਲੱਖ ਟਨ ਯਾਨੀ ਰੋਜ਼ਾਨਾ 40 ਹਜ਼ਾਰ ਟਨ ਦੀ ਖ਼ਰੀਦ ਨਾਲ 135 ਲੱਖ ਟਨ ਦਾ ਟੀਚਾ ਤਾਂ ਆਉਂਦੇ 4 ਮਹੀਨਿਆਂ ਵਿਚ ਪੂਰਾ ਨਹੀਂ ਹੋਵੇਗਾ।
File photo
ਹਫ਼ਤਾਭਰ ਅਗਲੀ ਤਰੀਕ ਦੇ ਪਾਸ ਟੋਕਨ ਜਾਰੀ ਕਰਨ ਲਈ ਕਿਸਾਨ ਆੜ੍ਹਤੀ ਨੂੰ 72 ਘੰਟੇ ਪਹਿਲਾਂ ਐਪ ’ਤੇ ਬੇਨਤੀ ਪਾਉਣੀ ਪੈਂਦੀ ਹੈ ਅਤੇ ਕਟਾਈ ਵਾਲੀ ਕੰਬਾਈਨ ਮਸ਼ੀਨ ਨਾਲ ਨਿਯਤ ਤਰੀਕ ਤੈਅ ਕਰਨੀ ਪੈਂਦੀ ਹੈ ਤਾਂ ਕਿ ਸਿੱਧੀ ਖੇਤ ਵਿਚੋਂ ਟਰਾਲੀ ਟਰੱਕ ਅੱਗੇ ਮੰਡੀ ਵਿਚ ਪਹੁੰਚਦਾ ਕੀਤਾ ਜਾਵੇ। ਮਾਲਵਾ ਮਾਝਾ ਦੋਆਬਾ ਦੇ ਕਈ ਕਿਸਾਨਾਂ ਤੇ ਆੜ੍ਹਤੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਜਦੋਂ ਗਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਕੋਰੋਨਾ ਦਾ ਡਰ, ਖ਼ਰਾਬ ਮੌਸਮ ਉਤੋ ਡਿਜੀਟਲ ਟੋਕਨ ਲੈਣਾ, 100 ਕੁਇੰਟਲ ਪ੍ਰਤੀ ਕਿਸਾਨ ਤੋਂ ਵੱਧ ਦੀ ਖ਼ਰੀਦ ਨਾ ਕਰਨਾ ਅਤੇ ਆੜ੍ਹਤੀਆਂ ਨੂੰ ਖੱਜਲ ਖੁਆਰ ਕਰਨਾ, ਪੰਜਾਬ ਸਰਕਾਰ ਦੀ ਅਫ਼ਸਰ ਸ਼ਾਹੀ ਅਤੇ ਏ.ਸੀ. ਕਮਰਿਆਂ ਵਿਚ ਬੈਠ ਕੇ ਮੰਡੀਆਂ ਵਿਚ ਖ਼ਰੀਦ ਸਿਸਟਮ ਦੇ ਚਾਰਟ ਤਿਆਰ ਕਰਨਾ ਸਾਰਾ ਕੁਝ ਫ਼ਜੂਲ ਹੈ। ਇਸ ਜੂੰ ਚਾਲ ਨਾਲ ਸੱਭ ਕੁੱਝ ਚੌਪਟ ਹੋ ਜਾਵੇਗਾ।
File photo
ਸ. ਰਾਜੇਵਾਲ ਨੇ ਸਪਸ਼ਟ ਕਿਹਾ ਕਿ ਕਿਸਾਨ ਨੂੰ ਵੀ ਜਾਨ ਦਾ ਖ਼ਤਰਾ ਹੈ ਪਰ ਸਰਕਾਰ ਤੇ ਸਿਹਤ ਮਹਿਕਮਾ ਇਹ ਨਿਗਰਾਨੀ ਕਰੇ ਕਿ ਮੂੰਹ-ਨੱਕ-ਸਿਰ ਢਕਿਆ ਹੋਵੇ, ਸੈਨੀਟਾਈਜ਼ਰ ਤੇ ਸਾਬਣ ਦੀ ਵਰਤੋਂ ਹੋਵੇ, ਭੀੜ ਨਾ ਹੋਵੇ ਅਤੇ ਆਪਸ ਵਿਚ ਦੂਰੀ ਬਣੀ ਰਹੇ ਪਰ ਜੇ ਅਫ਼ਸਰ ਸ਼ਾਹੀ ਜਾਂ ਇੰਸਪੈਕਟਰਾਂ ਨੇ ਪਨਪ੍ਰੇਨ, ਪਨਸਪ, ਮਾਰਕਫੈਡ ਤੇ ਵੇਅਰ ਹਾਊਸਿੰਗ ਦੀਆਂ 4 ਏਜੰਸੀਆਂ ਅਤੇ ਐਫ਼ ਸੀਆਈ ਕੇਂਦਰੀ ਏਜੰਸੀ ਦੇ ਕੰਮ ਨੂੰ ਸਿਰਫ਼ ਲਮਲੇਟ ਕਰਨਾ ਹੈ, ਅੜਚਣਾਂ ਪੈਦਾ ਕਰਨਾ ਹੈ ਤਾਂ ਪੰਜਾਬ ਦੇ 15 ਤੋਂ 20 ਲੱਖ ਕਿਸਾਨਾਂ ਦੀ 30000 ਕਰੋੜ ਰਕਮ ਦੀ ਫ਼ਸਲ ਬਰਬਾਦ ਹੋ ਜਾਵੇਗੀ। ਰਾਜੇਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਦੀਆਂ ਗਲਤ ਅਤੇ ਕਿਸਾਨ ਵਿਰੋਧੀ ਨੀਤੀਆਂ ਨੇ ਪਹਿਲਾਂ ਖੇਤੀ ਨਾਲ ਜੁੜੇ ਸਹਾਇਕ ਧੰਦੇ, ਮੁਰਗੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੇ ਕੰਮ ਫੇਲ ਕੀਤੇ ਹੁਣ ਕਣਕ ਝੋਨਾ ਫ਼ਸਲਾਂ ਬਰਬਾਦ ਹੋ ਜਾਣਗੀਆਂ।
File photo
ਭਾਰਤੀ ਕਿਸਾਨ ਯੂਨੀਅਨ ਵਲੋਂ ਇਸ ਧੀਮੀ ਖ਼ਰੀਦ ਅਤੇ ਅੜਚਣ ਭਰੇ ਸਿਸਟਮ ਵਿਰੁਧ ਬਗਾਵਤ ਕਰਨ ਅਤੇ ਵਿਰੋਧੀ ਰੁਖ ਦੀ ਚਿਤਾਵਨੀ ਦਿੰਦਿਆਂ ਰਾਜੇਵਾਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਅਗਲੇ ਹਫ਼ਤੇ ਤਕ ਕੋਈ ਸੁਧਾਰਵਾਦੀ ਕਦਮ ਨਾ ਉਠਾਇਆ ਤਾਂ ਪੱਕੀ ਫ਼ਸਲ ਸਾਰੀ ਦੀ ਸਾਰੀ ਕਿਸਾਨ ਮੰਡੀਆਂ ਵਿਚ ਢੇਰੀ ਕਰ ਦੇਣਗੇ। ਜਦੋਂ ਅਗਲੇ ਦਿਨਾਂ ਵਿਚ ਉਪਜ ਰਹੀ ਇਸ ਸਮੱਸਿਆ ਬਾਰੇ ਅਨਾਜ ਸਪਲਾਈ ਮੰਤਰੀ ਭਾਰਤ ਭੁਸ਼ਣ ਆਸ਼ੂ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਿਆਂ ਜਾਵੇਗਾ ਅਤੇ ਪਾਸ ਟੋਕਨ ਜਾਰੀ ਕਰਨ ਦੇ ਡਿਜੀਟਲ ਸਿਸਟਮ ਵਿਚ ਤੇਜੀ ਲਿਆਂਵਾਂਗੇ। ਬਹੁਤੇ ਕਿਸਾਨਾਂ ਦਾ ਇਹ ਵੀ ਕਹਿਣਾ ਸੀ ਕਿ ਮਈ ਜੂਨ ਮਹੀਨੇ ਮੱਕੀ, ਸੂਰਜਮੁਖੀ ਤੇ ਕਪਾਹ ਦੀ ਫ਼ਸਲ ਮੰਡੀਆਂ ਵਿਚ ਸ਼ੁਰੂ ਹੋਵੇਗੀ ਹੋਰ ਵੀ ਸਮਸਿਆ ਪੇਚੀਦਾ ਹੋ ਜਾਵੇਗੀ।