
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਦੇ ਕਣਕ ਖ਼੍ਰੀਦਣ ਦੇ ਇੰਤਜ਼ਾਮਾਂ ਨੂੰ ਸਿਰਫ਼ ਨਾਕਾਫ਼ੀ ਹੀ ਨਹੀਂ ਬਲਕਿ ਇਨ੍ਹਾਂ ਪ੍ਰਬੰਧਾਂ
ਚੰਡੀਗੜ੍ਹ, 17 ਅਪ੍ਰੈਲ (ਨੀਲ ਭਲਿੰਦਰ ਸਿੰਘ) : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਦੇ ਕਣਕ ਖ਼੍ਰੀਦਣ ਦੇ ਇੰਤਜ਼ਾਮਾਂ ਨੂੰ ਸਿਰਫ਼ ਨਾਕਾਫ਼ੀ ਹੀ ਨਹੀਂ ਬਲਕਿ ਇਨ੍ਹਾਂ ਪ੍ਰਬੰਧਾਂ ਨੂੰ ਸਮੇਂ ਦੀ ਲੋੜ ਮੁਤਾਬਕ ਬੇਹੱਦ ਘੱਟ ਤੇ ਕਿਸਾਨ ਵਿਰੋਧੀ ਐਲਾਨਿਆ। ਅੱਜ ਕਣਕ ਦੀ ਖ਼੍ਰੀਦ ਦੇ ਸ਼ੁਰੂ ਦੇ ਸਰਕਾਰੀ ਐਲਾਨ ਦੇ ਤੀਸਰੇ ਦਿਨ ਬੀ.ਕੇ.ਯੂ. ਡਕੌਂਦਾ ਦੇ ਸੂਬਾਈ ਆਗੂਆਂ ਨੇ ਵੀਡੀਉ ਕਾਨਫ਼ਰੰਸ ਮੀਟਿੰਗ ਵਿਚ ਹਾਜ਼ਰ ਰਹੇ, ਸਰਵਸ੍ਰੀ ਬੂਟਾ ਸਿੰਘ ਬੁਰਜਗਿੱਲ ਸੂਬਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ, ਸੂਬਾ ਮੀਤ ਪ੍ਰਧਾਨਜ਼ ਗੁਰਦੀਪ ਸਿੰਘ ਰਾਮਪੁਰ ਜ਼ਿਲ੍ਹਾ ਬਠਿੰਡਾ, ਗੁਰਮੀਤ ਸਿੰਘ ਭੱਟੀ ਜ਼ਿਲ੍ਹਾ ਸੰਗਰੂਰ, ਕੁਲਵੰਤ ਸਿੰਘ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਆਦਿ ਨੇ ਅਪਣੇ-ਅਪਣੇ ਜ਼ਿਲਿ੍ਹਆਂ ਅਤੇ ਇਲਾਕਿਆਂ ਦੀ ਖ਼੍ਰੀਦ ਸਬੰਧੀ ਵਿਚਾਰ ਵਟਾਂਦਰਾ ਕੀਤਾ।
File photo
ਆਗੂਆਂ ਨੇ ਕਿਹਾ ਕਿ ਖਾਸ ਤੌਰ ’ਤੇ ਮਾਲਵੇ ਦੇ ਇਲਾਕੇ ਵਿਚ ਧਰਾਤਲ ’ਤੇ ਸੱਚ ਇਹ ਹੈ ਕਿ ਸਰਕਾਰ ਦੇ ਕਣਕ ਖ਼੍ਰੀਦਣ ਦੇ ਪ੍ਰਬੰਧ ਨਿਗੂਣੇ ਸਾਬਤ ਹੋਏ ਹਨ ਅਤੇ ਪੰਜਾਬ ਦਾ ਕਿਸਾਨ ਸਦਮੇ ਵੱਲ ਧੱਕਿਆ ਜਾ ਰਿਹਾ ਹੈ। ਛੋਟੇ ਸੈਂਟਰ ਅਤੇ ਅਜੇ ਕੋਈ ਚਲੇ ਹੀ ਨਹੀਂ, ਦਰਮਿਆਨੀਆਂ ਅਤੇ ਵੱਡੀਆਂ ਮੰਡੀਆਂ ਵਿਚ ਸਰਕਾਰ ਈ-ਪਾਸ ਸਿਸਟਮ, ਕਰੋਨੇ ਤੋਂ ਬਚਣ ਦੇ ਪੁਖਤਾ ਪ੍ਰਬੰਧ ਫੇਲ ਹੋ ਕੇ ਰਹਿ ਗਏ ਹਨ, ਸੱਚ ਇਹ ਹੈ ਕਿ ਪੂਣੀ ਵਿਚ ਤੰਦ ਵੀ ਨਹੀਂ ਸਰਕਾਰ ਕੱਤ ਸਕੀ। ਕਾਫੀ ਥਾਵਾਂ ’ਤੇ ਪੀਣ ਦੇ ਪਾਣੀ ਦਾ ਇਤਜਾਮ ਨਹੀਂ, ਹੱਥ ਧੋਣ ਦਾ ਵੀ ਨਹੀਂ।
ਆੜ੍ਹਤੀਆਂ ਦਾ ਵੱਡਾ ਹਿੱਸਾ ਇਕ ਜਾਂ ਦੂਜੇ ਕਾਰਨ ਕਰ ਕੇ ਹੜਤਾਲ ’ਤੇ ਹੈ, ਬਾਰਦਾਨਾ ਮੰਡੀਆਂ ਵਿਚ 10 ਤੋਂ 20 ਪ੍ਰਤੀਸ਼ਤ ਤੱਕ ਵੀ ਨਹੀਂ ਪਹੁੰਚਿਆ। ਖ਼ਰੀਦਣ ਦਾ ਤਰੀਕਾ ਅਮਲ ਵਿਚ ਲਾਗੂ ਹੋਣ ਵਾਲਾ ਨਹੀਂ। ਉਪਰੋਂ ਬੇਮੌਸਮੀ ਬਾਰਸ਼ਾਂ ਦੀ ਭਵਿੱਖਬਾਣੀ ਹੋ ਰਹੀ ਹੈ। ਪਹਿਲਾਂ ਹੀ ਬੇਮੌਸਮੀ ਬਾਰਸ਼ ਕਰ ਕੇ ਕਣਕ ਦਾ ਝਾੜ ਵੀ 15-20 ਪ੍ਰਤੀਸ਼ਤ ਘੱਟ ਨਿਕਲ ਰਿਹਾ ਹੈ।