
ਡੇਰਾਬੱਸੀ ਦੇ ਇਕ ਪਰਵਾਰ ਨੂੰ ਕੀਤਾ ਏਕਾਂਤਵਾਸ
ਡੇਰਾਬੱਸੀ, 18 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ): ਡੇਰਾਬੱਸੀ ਦੇ ਸੈਕਟਰ 16 ਵਿਚ ਪੈਂਦੇ ਆਦਰਸ਼ ਨਗਰ ਦੇ ਮਕਾਨ 430 ਵਿਚ ਰਹਿੰਦੇ ਇਕ ਪਰਵਾਰ ਨੂੰ ਏਕਾਂਤਵਾਸ ਕਰ ਦਿਤਾ ਗਿਆ ਹੈ। ਐਸਐਮਓ ਡਾਕਟਰ ਸੰਗੀਤਾ ਜੈਨ ਨੇ ਦਸਿਆ ਕਿ ਆਦਰਸ਼ ਨਗਰ ਵਿਚ ਸ਼ਾਮ ਲਾਲ ਦੇ ਪਰਵਾਰ ਵਿਚ 9 ਮੈਂਬਰ ਹਨ। ਉਨ੍ਹਾਂ ਦੇ ਮਕਾਨ ਵਿਚ ਹਲਦੀਰਾਮ ਆਊਟਲੈਟ ਡੇਰਾਬੱਸੀ ਵਿਖੇ ਕੰਮ ਕਰਨ ਵਾਲੇ ਦੋ ਦੋਸਤ ਕਿਰਾਏ 'ਤੇ ਰਹਿੰਦੇ ਸਨ।
ਡੇਰਾਬੱਸੀ ਦੇ ਆਦਰਸ਼ ਨਗਰ ਦੇ ਇਕ ਪਰਵਾਰ ਨੂੰ ਏਕਾਂਤਵਾਸ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ।
ਕਰਫ਼ਿਊ ਲੱਗਣ ਤੋਂ ਬਾਅਦ 27 ਮਾਰਚ ਨੂੰ ਦੋਵੇਂ ਹਿਮਾਚਲ ਪ੍ਰਦੇਸ਼ ਵਿਖੇ ਅਪਣੇ ਘਰ ਚਲੇ ਗਏ। ਉਥੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਆਉਣ ਦੀ ਗੱਲ 3 ਅਪ੍ਰੈਲ ਨੂੰ ਪਤਾ ਚੱਲੀ ਤਾਂ ਉਨ੍ਹਾਂ ਨੂੰ ਉਥੇ ਆਈਸੋਲੇਟ ਕਰ ਦਿਤਾ ਗਿਆ। ਸਮਾ ਪੂਰਾ ਹੋਣ ਤੋਂ ਬਾਅਦ ਜਦੋਂ 16 ਅਪ੍ਰੈਲ ਨੂੰ ਦੋਹਾਂ ਦੇ ਸੈਂਪਲ ਲਏ ਗਏ ਤਾਂ ਸੰਦੀਪ ਕੁਮਾਰ ਦਾ ਟੈਸਟ ਪਾਜ਼ੇਟਿਵ ਨਿਕਲਿਆ ਜਦਕਿ ਕਪਿਲ ਦੀ ਕੋਰੋਨਾ ਟੈਸਟ ਰੀਪੋਰਟ ਨੈਗੇਟਿਵ ਆਈ। ਇਸ ਤੋਂ ਬਾਅਦ ਡੇਰਾਬੱਸੀ ਦੇ ਆਦਰਸ਼ ਨਗਰ ਵਿਚ ਮਕਾਨ ਮਾਲਕ ਸਮੇਤ 9 ਪਰਵਾਰਕ ਮੈਂਬਰਾਂ ਨੂੰ ਵੀ ਘਰ ਵਿਚ ਏਕਾਂਤਵਾਸ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਏਕਾਂਤਵਾਸ ਕੀਤੇ ਪਰਵਾਰ ਦੇ 9 ਮੈਬਰਾਂ ਦੇ ਕਲ ਰੈਪਿਡ ਟੈਸਟ ਕਿੱਟ ਨਾਲ ਟੈਸਟ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਹਿਮਾਚਲ ਗਿਆ ਵਿਅਕਤੀ ਜਲੰਧਰ ਵਿਖੇ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਸੀ ਪਰ ਅਹਿਤਿਆਤ ਵਜੋਂ ਵਿਭਾਗ ਨੇ ਉਨ੍ਹਾਂ ਨੂੰ ਏਕਾਂਤਵਾਸ ਕਰ ਦਿਤਾ ਹੈ।