
ਅੱਜ ਜਨਤਾ ਕਰੇਗੀ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
ਚੰਡੀਗੜ੍ਹ: ਪੰਜਾਬ ਵਿਚ ਅੱਜ ਆਖ਼ਰੀ ਗੇੜ ਤਹਿਤ ਵੋਟਿੰਗ ਹੋਣ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਪੂਰੇ ਸੂਬੇ ਵਿਚ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੈ। ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਮੁਕਾਬਲਾ ਬਹੁਤ ਹੀ ਫਸਵਾਂ ਹੈ। ਇੰਨ੍ਹਾਂ ਤਿੰਨਾਂ ਸੀਟਾਂ ’ਤੇ ਮੁੱਖ ਮੁਕਾਬਲਾ ਪੰਜਾਬ ਦੀਆਂ ਸਿਆਸੀ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਵਿਚਕਾਰ ਹੈ।
Gurjeet Aujla vs Hardeep Puri
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਵਲੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਚੋਣ ਲੜ ਰਹੇ ਹਨ, ਉੱਥੇ ਹੀ ਭਾਜਪਾ ਵਲੋਂ ਹਰਦੀਪ ਸਿੰਘ ਪੁਰੀ ਚੋਣ ਮੈਦਾਨ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚ ਮੁਕਾਬਲਾ ਪੂਰੀ ਟੱਕਰ ਦਾ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ 23 ਮਈ ਨੂੰ ਚੋਣ ਨਤੀਜਿਆ ਦੌਰਾਨ ਕਿਹੜਾ ਉਮੀਦਵਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਾ ਹੈ ਤੇ ਕਿਸ ਨੂੰ ਜਨਤਾ ਜਿੱਤ ਦੀ ਝੰਡੀ ਫੜਾਉਂਦੀ ਹੈ।
Jasbir Singh Dimpa, Bibi Jagir Kaur and Bibi Paramjit Kaur Khalra
ਖਡੂਰ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਵਲੋਂ ਜਸਬੀਰ ਸਿੰਘ ਡਿੰਪਾ ਚੋਣ ਲੜ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਜਾਗੀਰ ਕੌਰ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਵਿਚ ਹਨ। ਇਥੇ ਇਨ੍ਹਾਂ ਤਿੰਨਾਂ ਉਮੀਦਵਾਰਾਂ ਵਿਚ ਜ਼ਬਰਦਸਤ ਮੁਕਾਬਲਾ ਦੱਸਿਆ ਜਾ ਰਿਹਾ ਹੈ।
Sunil Jakhar and Sunny Deol
ਗੁਰਦਾਸਪੁਰ ਸੀਟ ਤੋਂ ਮੁਕਾਬਲਾ ਬਹੁਤ ਹੀ ਰੋਮਾਂਚਕ ਰਹਿਣ ਵਾਲਾ ਹੈ। ਇੱਥੇ ਕਾਂਗਰਸ ਤੇ ਭਾਜਪਾ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਣਾ ਤੈਅ ਹੈ ਕਿਉਂਕਿ ਕਾਂਗਰਸ ਵਲੋਂ ਇੱਥੇ ਸੁਨੀਲ ਜਾਖੜ ਚੋਣ ਮੈਦਾਨ ਵਿਚ ਹਨ ਤੇ ਦੂਜੇ ਪਾਸੇ ਭਾਜਪਾ ਵਲੋਂ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਦੱਸ ਦਈਏ ਕਿ ਅੱਜ ਆਖ਼ਰੀ ਗੇੜ ਤਹਿਤ ਪੰਜਾਬ ਵਿਚ ਵੋਟਾਂ ਪੈਣੀਆਂ ਹਨ ਤੇ 23 ਮਈ ਨੂੰ ਦੇਸ਼ ਭਰ ਵਿਚ ਚੋਣ ਨਤੀਜੇ ਐਲਾਨ ਦਿਤੇ ਜਾਣਗੇ।