
ਬੰਗਾਲ 'ਚ 80%, ਝਾਰਖੰਡ 'ਚ 64%, ਮੱਧ ਪ੍ਰਦੇਸ਼ 'ਚ 63% ਅਤੇ ਹਰਿਆਣਾ 'ਚ 65% ਵੋਟਾਂ ਪਈਆਂ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿਚ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ 63 ਫ਼ੀਸਦੀ ਵੋਟਿੰਗ ਹੋਈ। ਸਾਲ 2014 'ਚ ਇਨ੍ਹਾਂ ਸੀਟਾਂ 'ਤੇ 63.7 ਫ਼ੀਸਦੀ ਵੋਟਾਂ ਪਈਆਂ ਸਨ। ਬੰਗਾਲ 'ਚ 80%, ਝਾਰਖੰਡ 'ਚ 64%, ਮੱਧ ਪ੍ਰਦੇਸ਼ 'ਚ 63% ਅਤੇ ਹਰਿਆਣਾ 'ਚ 65% ਵੋਟਾਂ ਪਈਆਂ। ਇਸ ਗੇੜ 'ਚ ਕੇਂਦਰੀ ਮੰਤਰੀ ਰਾਧਾਮੋਹਨ ਸਿੰਘ, ਹਰਸ਼ਵਰਧਨ, ਮੇਨਕਾ ਗਾਂਧੀ, ਅਖਿਲੇਸ਼ ਯਾਦਵ, ਦਿਗਵਿਜੈ ਸਿੰਘ ਅਤੇ ਜੋਤੀਰਾਦਿੱਤ ਸਿੰਧਿਆ ਦੀ ਕਿਸਮਤ ਈਵੀਐਮ 'ਚ ਲਾਕ ਹੋਈ ਗਈ। ਇਸ ਗੇੜ 'ਚ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮ ਬੰਗਾਲ, ਮੱਧ ਪ੍ਰਦੇਸ਼ ਅਤੇ ਬਿਹਾਰ ਦੀਆਂ 8-8, ਦਿੱਲੀ ਦੀਆਂ 7 ਅਤੇ ਝਾਰਖੰਡ ਦੀਆਂ 4 ਸੀਟਾਂ ਉੱਤੇ ਚੋਣਾਂ ਹੋਈਆਂ। ਇਸ ਗੇੜ 'ਚ 1.13 ਲੱਖ ਵੋਟਰ ਕੇਂਦਰ ਬਣਾਏ ਗਏ ਸਨ।
Lok Sabha election Vote-1
ਇਸੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸ਼ੀਲਾ ਦੀਕਸ਼ਿਤ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਕ੍ਰਿਕਟਰ ਵਿਰਾਟ ਕੋਹਲੀ, ਗੌਤਮ ਗੰਭੀਰ ਸਮੇਤ ਕਈ ਦਿੱਗਜਾਂ ਨੇ ਵੋਟ ਪਾਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਦੇ ਨਿਰਮਾਣ ਭਵਨ ਸਥਿਤ ਪੋਲਿੰਗ ਬੂਥ 'ਤੇ ਵੋਟ ਪਾਈ। ਰਾਹੁਲ ਗਾਂਧੀ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਲੋਕ ਸਭਾ ਚੋਣਾਂ 2019 ਬੇਰੁਜ਼ਗਾਰੀ, ਕਿਸਾਨ, ਨੋਟਬੰਦੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਲੜੀਆਂ ਜਾ ਰਹੀਆਂ ਹਨ। ਰਾਮਨਾਥ ਕੋਵਿੰਗ ਨੇ ਦਿੱਲੀ ਵਿਚ ਵੋਟ ਪਾਈ। ਇਸ ਸਮੇਂ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ।
Lok Sabha election Vote-2
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਗੁਰੂਗ੍ਰਾਮ ਵਿਚ ਵੋਟ ਪਾਈ। ਇਸ ਤੋਂ ਪਹਿਲਾਂ ਕੋਹਲੀ ਨੇ ਖੁਦ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ 12 ਮਈ ਨੂੰ ਗੁਰੂਗ੍ਰਾਮ ਵਿਚ ਵੋਟ ਪਾਉਣਗੇ। ਸਾਬਕਾ ਕ੍ਰਿਕਟਰ ਅਤੇ ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਵੀ ਅਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ। ਜ਼ਿਕਰਯੋਗ ਹੈ ਕਿ ਗੰਭੀਰ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਆਤਿਸ਼ੀ ਮਾਲੋਨਾ ਅਤੇ ਕਾਂਗਰਸੀ ਆਗੂ ਅਰਵਿੰਦਰ ਸਿੰਘ ਲਵਲੀ ਨਾਲ ਹੈ।
Lok Sabha election Vote-3
ਕਾਂਗਰਸ ਦਿੱਲੀ ਪ੍ਰਦੇਸ਼ ਦੀ ਪ੍ਰਧਾਨ ਸ਼ੀਲਾ ਦਿਕਸ਼ਿਤ ਨੇ ਵੀ ਨਿਜ਼ਾਮੁਦੀਨ ਦੇ ਇਕ ਵੋਟਿੰਗ ਕੇਂਦਰ ਵਿਚ ਵੋਟ ਪਾਈ। ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਠਾਕੁਰ ਨੇ ਵੀ ਸਵੇਰੇ ਵੋਟ ਪਾਈ। ਭੋਪਾਲ ਸੀਟ ਤੋਂ ਸਾਧਵੀ ਪ੍ਰੱਗਿਆ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਦਿਗਵਿਜੈ ਸਿੰਘ ਨਾਲ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਰਨਾਲ ਦੇ ਇਕ ਵੋਟਿੰਗ ਕੇਂਦਰ ਪਹੁੰਚ ਕੇ ਵੋਟ ਪਾਈ। ਇਸ ਦੇ ਨਾਲ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੂਰਬੀ ਦਿੱਲੀ ਲੋਕ ਸਭਾ ਖੇਤਰ ਦੇ ਇਕ ਵੋਟਿੰਗ ਕੇਂਦਰ ‘ਤੇ ਵੋਟ ਪਾਈ।
Lok Sabha election Vote-4
ਗੋਲੀ ਚੱਲਣ ਕਾਰਨ ਪੋਲਿੰਗ ਅਧਿਕਾਰੀ ਦੀ ਮੌਤ :
ਇਸ ਦੌਰਾਨ ਬਿਹਾਰ ਦੇ ਸ਼ਿਵਹਰ ਇਲਾਕੇ ਦੇ ਡੁਮਰੀ ਕਟਸਰੀ ਵਿਖੇ ਬੂਥ ਨੰਬਰ-275 ਵਿਚ ਤਾਇਨਾਤ ਇਕ ਸੁਰੱਖਿਆ ਮੁਲਾਜ਼ਮ ਤੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਪੋਲਿੰਗ ਅਧਿਕਾਰੀ ਦੀ ਮੌਤ ਹੋ ਗਈ। ਗੋਲੀ ਪੋਲਿੰਗ ਅਧਿਕਾਰੀ ਦੇ ਢਿੱਡ 'ਚ ਲੱਗੀ। ਜਾਣਕਾਰੀ ਮੁਤਾਬਕ ਹੋਮ ਗਾਰਡ ਜਵਾਨ ਸਰਯੁਗ ਦਾਸ ਦੀ ਬੰਦੂਕ 'ਚੋਂ ਅਚਾਨਕ ਗੋਲੀ ਚੱਲ ਗਈ, ਜੋ ਪੋਲਿੰਗ ਅਧਿਕਾਰੀ ਸ਼ਿਵੇਂਦਰ ਕਿਸ਼ੋਰ (37) ਨੂੰ ਲੱਗੀ। ਸ਼ਿਵੇਂਦਰ ਨੂੰ ਮੁਜੱਫ਼ਰਨਗਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਹੋਮ ਗਾਰਡ ਨੂੰ ਹਿਰਾਸਤ 'ਚ ਲੈ ਲਿਆ ਹੈ। ਮ੍ਰਿਤਕ ਸੀਤਾਮੜ੍ਹੀ ਜ਼ਿਲ੍ਹੇ ਦੇ ਬਾਜਪੱਟੀ ਦੇ ਬਾਜੀਤਪੁਰ ਸਥਿਤ ਸਰਕਾਰੀ ਸਕੂਲ ਦਾ ਅਧਿਆਪਕ ਸੀ।
Lok Sabha election Vote-5
ਭਾਰਤੀ ਘੋਸ਼ ਦੇ ਕਾਫ਼ਲੇ 'ਤੇ ਹਮਲਾ :
ਪੱਛਮ ਬੰਗਾਲ ਦੇ ਮਿਦਨਾਪੁਰ ਲੋਕ ਸਭਾ ਖੇਤਰ 'ਚ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਘਾਟਲ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਆਈਪੀਐਸ ਅਧਿਕਾਰੀ ਭਾਰਤੀ ਘੋਸ਼ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਦੀ ਗੱਡੀ ਦੇ ਸ਼ੀਸੇ ਟੁੱਟ ਗਏ। ਕੇਸ਼ਪੁਰ ਵੋਟਿੰਗ ਕੇਂਦਰ ਦੇ ਬਾਹਰ ਕਥਿਤ ਤੌਰ 'ਤੇ ਉਨ੍ਹਾਂ ਨਾਲ ਕੁੱਟਮਾਰ ਅਤੇ ਧੱਕਾਮੁੱਕੀ ਹੋਈ। ਭਾਜਪਾ ਨੇ ਇਸ ਘਟਨਾ ਲਈ ਤ੍ਰਿਣਮੂਲ ਕਾਰਕੁਨਾਂ 'ਤੇ ਦੋਸ਼ ਲਗਾਇਆ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ 'ਚ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ।
Lok Sabha election Vote-6
ਬੰਗਾਲ 'ਚ 2 ਲੋਕਾਂ ਦੀ ਮੌਤ :
ਅੱਜ ਵੋਟਾਂ ਪੈਣ ਤੋਂ ਪਹਿਲਾਂ ਹੀ ਭਾਜਪਾ ਦੇ ਇਕ ਬੂਥ ਕਾਰਕੁਨ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਝਾਰਗ੍ਰਾਮ 'ਚ ਵਾਪਰੀ। ਮ੍ਰਿਤਕ ਦਾ ਨਾਂ ਰਾਮੇਨ ਸਿੰਘ ਹੈ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਇਕ ਕਾਰਕੁਨ ਦੀ ਵੀ ਲਾਸ਼ ਮਿਲੀ। ਇਸ ਤੋਂ ਇਲਾਵਾ ਮਿਦਨਾਪੁਰ 'ਚ ਤ੍ਰਿਣਮੂਲ ਕਾਂਗਰਸ ਦੇ ਦੋ ਕਾਰਕੁਨਾਂ ਨੂੰ ਗੋਲੀ ਮਾਰੀ ਗਈ। ਦੋਹਾਂ ਨੂੰ ਤਮਲੁਕ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Lok Sabha election Vote-7
ਭਾਜਪਾ ਦੇ ਝੰਡੇ ਨਾਲ ਸਾਫ਼ ਕੀਤੀ ਜੁੱਤੀ, ਪੁਲਿਸ ਨੇ ਕੀਤਾ ਲਾਠੀਚਾਰਜ :
ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਬੂਥ ਨੰਬਰ-369 'ਤੇ ਭਾਜਪਾ ਕਾਰਕੁਨਾਂ ਨੇ ਕਾਫ਼ੀ ਹੰਗਾਮਾ ਕੀਤਾ। ਐਤਵਾਰ ਸਵੇਰੇ ਵੋਟਿੰਗ ਦੌਰਾਨ ਇਕ ਵਿਅਕਤੀ ਨੇ ਭਾਜਪਾ ਦੇ ਝੰਡੇ ਨਾਲ ਆਪਣੇ ਜੁੱਤੀ ਸਾਫ਼ ਕਰ ਲਈ। ਜਦੋਂ ਇਸ ਘਟਨਾ ਬਾਰੇ ਭਾਜਪਾ ਕਾਰਕੁਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਘੇਰ ਲਿਆ। ਬਹਿਸਬਾਜ਼ੀ ਹੋਣ 'ਤੇ ਭਾਜਪਾ ਕਾਰਕੁਨਾਂ ਨੇ ਉਸ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਹਾਲਾਤ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ।
Lok Sabha election Vote-8
ਫ਼ਤਿਹਾਬਾਦ 'ਚ ਗੋਲੀਬਾਰੀ :
ਹਰਿਆਣਾ ਦੇ ਫ਼ਤਿਹਾਬਾਦ 'ਚ ਵਾਲਮੀਕ ਚੌਕ ਵਿਖੇ ਬੂਥ ਨੰਬਰ-53 ਨੇੜੇ ਦੋ ਧਿਰਾਂ ਵਿਚਕਾਰ ਹਿੰਸਕ ਝੜਪ ਹੋਈ। ਵੋਟਿੰਗ ਕਰ ਕੇ ਜਾ ਰਹੇ ਗੱਡੀ ਸਵਾਰਾਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਹਾਂ ਪਾਸਿਉਂ ਗੋਲੀਆਂ ਚੱਲੀਆਂ। ਇਸ ਘਟਨਾ ਮਗਰੋਂ ਪੋਲਿੰਗ ਬੂਥ ਦੇ ਬਾਹਰ ਹੋਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ।
Lok Sabha election Vote-9
ਈਵੀਐਮ ਗੜਬੜੀ ਦੀਆਂ ਸ਼ਿਕਾਇਤਾਂ :
ਦਿੱਲੀ ਦੇ ਕਈ ਇਲਾਕਿਆਂ 'ਚ ਈਵੀਐਮ 'ਚ ਗੜਬੜੀ ਦੀਆਂ ਸ਼ਿਕਾਇਤਾਂ ਮਿਲੀਆਂ। ਆਪ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਦੋਸ਼ ਲਗਾਇਆ ਕਿ ਬੂਥ ਨੰਬਰ 116, 117 ਅਤੇ 122 'ਤੇ ਈਵੀਐਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਸਨ। ਦੱਖਣ ਦਿੱਲੀ ਤੋਂ ਆਪ ਉਮੀਦਵਾਰ ਰਾਘਵ ਚੱਢਾ ਨੇ ਦੋਸ਼ ਲਗਾਇਾ ਕਿ ਸੰਗਮ ਵਿਹਾਰ 'ਚ ਇਕ ਬੂਥ ਵਿਚ ਭਾਜਪਾ ਕਾਰਕੁਨ 4-4 ਵਾਰ ਵੋਟ ਪਾ ਰਹੇ ਹਨ।