
ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਕੋਈ ਅਪਣੇ ਪੱਧਰ ’ਤੇ ਵੱਖ-ਵੱਖ ਉਪਰਾਲੇ ਕਰ ਰਿਹਾ ਹੈ।
ਰੂਪਨਗਰ (ਮਨਪ੍ਰੀਤ ਚਾਹਲ): ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਕੋਈ ਅਪਣੇ ਪੱਧਰ ’ਤੇ ਵੱਖ-ਵੱਖ ਉਪਰਾਲੇ ਕਰ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਮਲਕਪੁਰ ਦੀ ਪੰਚਾਇਤ ਨੇ ਇਕ ਅਜਿਹਾ ਉਪਰਾਲਾ ਕੀਤਾ ਹੈ ਜੋ ਆਉਣ ਵਾਲੇ ਦਿਨਾਂ ਦੇ ਵਿਚ ਬਾਕੀ ਪਿੰਡਾਂ ਲਈ ਸੇਧ ਬਣ ਸਕਦਾ ਹੈ।
Kulwinder Kaur
ਦਰਅਸਲ ਪਿੰਡ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ, ਉਹਨਾਂ ਦੇ ਪਤੀ ਪਰਮਜੀਤ ਅਤੇ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਕੁੱਲ ਪੰਜ ਐਂਟਰੀ ਗੇਟਾਂ ਵਿਚੋਂ ਚਾਰ ਨੂੰ ਬੰਦ ਕਰਕੇ ਇਕ ਗੇਟ ਤੋਂ ਹੀ ਐਂਟਰੀ ਰੱਖੀ ਹੈ। ਇਸ ਗੇਟ ਰਾਹੀਂ ਆਉਣ ਜਾਣ ਵਾਲੇ ਹਰੇਕ ਵਿਅਕਤੀ ਦਾ ਨਾਮ ਨੋਟ ਕੀਤਾ ਜਾਂਦਾ ਹੈ, ਉਸ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ ਤੇ ਜੇਕਰ ਬਾਹਰੋਂ ਆਉਣ ਵਾਲੇ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਂਦਾ ਹੈ।
Quarantine Center
ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਦੇ ਵਧਦੇ ਸੰਕਟ ਨੂੰ ਧਿਆਨ ਵਿਚ ਰੱਖਦਿਆਂ ਪਿੰਡ ਦੀ ਧਰਮਸ਼ਾਲਾ ਵਿਚ 20 ਬੈੱਡ ਲਗਾ ਕੇ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ, ਜਿੱਥੇ ਮਰੀਜ਼ਾਂ ਲਈ ਭੋਜਨ, ਦਵਾਈ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਪੰਚਾਇਤ ਦੇ ਮੈਂਬਰਾਂ ਵਲੋਂ ਆਪਣੇ ਨਿੱਜੀ ਖ਼ਰਚ ’ਤੇ ਦਿੱਤੀਆਂ ਜਾਣਗੀਆਂ।
SSP Ropar Akhil Chaudhary
ਪੰਚਾਇਤ ਦੇ ਇਸ ਉਪਰਾਲੇ ਤੋਂ ਪ੍ਰਭਾਵਿਤ ਹੋ ਕੇ ਐਸਐਸਪੀ ਰੂਪਨਗਰ ਡਾ. ਅਖਿਲ ਚੌਧਰੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਹਾਲਾਤਾਂ ਦੀ ਸਮੀਖਿਆ ਲਈ। ਉਹਨਾਂ ਕਿਹਾ ਕਿ ਮਲਕਪੁਰ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਅਤੇ ਅਜਿਹੇ ਉਪਰਾਲੇ ਬਾਕੀ ਲੋਕਾਂ ਨੂੰ ਵੀ ਕਰਨੇ ਚਾਹੀਦੇ ਹਨ ਤਾਂ ਕਿ ਕੋਰੋਨਾ ਮਹਾਂਮਾਰੀ ਨੂੰ ਪਹਿਲੀ ਸਟੇਜ ’ਤੇ ਹੀ ਰੋਕ ਕੇ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।