
ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਮੌਜੂਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਵਡਮੁੱਲਾ ਖ਼ਜ਼ਾਨਾ ਕਿਥੇ ਹੈ? ਇਹ ਸਵਾਲ ਆਏ ਰੋਜ਼ ਪੇਚੀਦਾ ਬਣਦਾ ਜਾ ਰਿਹਾ ਹੈ।
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): 1984 'ਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਮੌਜੂਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਵਡਮੁੱਲਾ ਖ਼ਜ਼ਾਨਾ ਕਿਥੇ ਹੈ? ਇਹ ਸਵਾਲ ਆਏ ਰੋਜ਼ ਪੇਚੀਦਾ ਬਣਦਾ ਜਾ ਰਿਹਾ ਹੈ। ਇਸ ਪ੍ਰਸੰਗ 'ਚ ਭਾਰਤੀ ਰੱਖਿਆ ਮੰਤਰਾਲੇ ਵਲੋਂ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਦਰਬਾਰ ਸਾਹਿਬ ਕੰਪਲੈਕਸ 'ਚੋਂ ਲਿਆਂਦੀਆਂ ਗਈਆਂ ਹੱਥ ਲਿਖਤਾਂ ਮੋਹਨ ਸਿੰਘ ਕਿਊਰੇਟਰ ਮਿਊਜ਼ੀਅਮ (ਪੰਜਾਬ ਸਰਕਾਰ) ਤੇ ਹੋਰ ਵਸਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ (ਐਸ.ਜੀ.ਪੀ.ਸੀ ਫ਼ੰਕਸ਼ਨਰੀਜ਼), ਸਰਕਾਰੀ ਖ਼ਜ਼ਾਨਾ (ਗਵਰਨਮੈਂਟ ਟ੍ਰੀਜ਼ਰਰ), ਅੰਮ੍ਰਿਤਸਰ ਤੇ ਸੀਬੀਆਈ ਨੂੰ ਸੌਂਪਿਆ ਜਾ ਚੁੱਕਾ ਹੈ।
Sikh reference library
ਇਹ ਖ਼ੁਲਾਸਾ ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਨੂੰ ਰੱਖਿਆ ਮੰਤਰਾਲੇ ਤੋਂ ਪ੍ਰਾਪਤ ਹੋਈ ਇਕ ਚਿੱਠੀ ਰਾਹੀਂ ਹੋਇਆ। ਰੱਖਿਆ ਮੰਤਰਾਲੇ ਦੀ ਇਹ ਚਿੱਠੀ ਸੰਜੀਵ ਕੁਮਾਰ ਡੋਗਰਾ ਡਾਇਰੈਕਟਰ (ਜੀ) ਦੇ ਹਸਤਾਖ਼ਰਾਂ ਹੇਠ ਡਾਕਟਰ ਧਰਮਵੀਰ ਗਾਂਧੀ ਨੂੰ ਸੱਤ ਜੁਲਾਈ 2017 ਨੂੰ ਪ੍ਰਾਪਤ ਹੋਈ। ਇਸ ਚਿੱਠੀ ਦੇ ਅੰਤ ਵਿਚ ਰੱਖਿਆ ਮੰਤਰਾਲੇ ਵਲੋਂ ਸਪੱਸ਼ਟ ਤੌਰ ਉੱਤੇ ਲਿਖਿਆ ਗਿਆ ਹੈ ਕਿ ਫ਼ੌਜ ਕੋਲ ਇਸ ਵਕਤ ਕੋਈ ਵੀ ਹੱਥ ਲਿਖਤ ਜਾਂ ਹੋਰ ਵਸਤ ਨਹੀਂ ਹੈ।
Dharamvir Gandhi
ਡਾ. ਧਰਮਵੀਰ ਗਾਂਧੀ ਨੇ ਇਹ ਪੱਤਰ 'ਰੋਜ਼ਾਨਾ ਸਪੋਕਸਮੈਨ' ਨਾਲ ਸਾਂਝੇ ਕਰਦੇ ਹੋਏ ਦਸਿਆ ਕਿ ਉਨ੍ਹਾਂ ਨੇ ਉਦੋਂ ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਸੀ ਕਿ ਸਾਕਾ ਨੀਲਾ ਤਾਰਾ ਵੇਲੇ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਸਿੱਖ ਭਾਈਚਾਰੇ/ਪੰਜਾਬੀ ਲੋਕਾਂ ਨਾਲ ਸਬੰਧਤ ਚੁਕਿਆ ਗਿਆ ਵਡਮੁੱਲਾ ਖ਼ਜ਼ਾਨਾ ਕਿੱਥੇ ਹੈ? ਇਸ ਤੋਂ ਪਹਿਲਾਂ ਉਹ ਲੋਕ ਸਭਾ 'ਚ ਵੀ ਇਹ ਸਵਾਲ ਚੁੱਕ ਚੁੱਕੇ ਹਨ।
Rajnath Singh
ਦੱਸਣਯੋਗ ਹੈ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਕੁੱਝ ਦਿਨ ਪਹਿਲਾਂ ਕੀਤੇ ਗਏ ਖ਼ੁਲਾਸੇ ਮੁਤਾਬਕ ਕਾਫ਼ੀ ਸਾਰਾ ਸਾਮਾਨ ਵਾਪਸ ਆ ਗਿਆ ਸੀ ਪਰ ਉਸ ਦੀ ਹੁਣ ਤਕ ਵੀ ਕੋਈ ਥਾਹ ਨਹੀਂ ਪਾਈ ਜਾ ਸਕੀ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਅਨੁਰਾਗ ਸਿੰਘ ਨੇ 'ਸਪੋਕਸਮੈਨ ਟੀ ਵੀ' ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਲਾਇਬ੍ਰੇਰੀ ਦੇ ਅੰਦਰ ਕਈ ਅਲਮਾਰੀਆਂ ਅਜਿਹੀਆਂ ਵੇਖੀਆਂ ਗਈਆਂ ਹਨ ਜਿਨ੍ਹਾਂ ਉੱਤੇ ਲਿਖਿਆ ਸੀ ਕਿ ਸੀਬੀਆਈ ਤੋਂ ਵਾਪਸ ਆਇਆ ਸਾਮਾਨ ਪਰ ਉਨ੍ਹਾਂ ਅੰਦਰ ਸਮਾਨ ਕੋਈ ਵੀ ਨਹੀਂ ਸੀ।
SGPC
ਇਸ ਸਾਬਕਾ ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਇਕ ਫ਼ਾਈਲ ਲੱਗੀ ਸੀ ਜਿਸ ਵਿਚ ਸਾਮਾਨ ਵਾਪਸ ਆਇਆ ਹੋਣ ਦੀ ਰਸੀਦਾਂ ਸਨ। ਇਸੇ ਦੌਰਾਨ ਇਹ ਵੀ ਚਰਚਾ ਸਰਗਰਮ ਹੈ ਕਿ ਦਸਮ ਪਾਤਸ਼ਾਹ ਦੇ ਦਸਤਖ਼ਤਾਂ ਵਾਲੀ ਇਕ ਪਾਵਨ ਬੀੜ ਕਿਸੇ ਨੇ ਕੌਮਾਂਤਰੀ ਮੰਡੀ ਵਿਚ ਵੇਚੀ ਹੈ ਜਿਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਲ ਹੀ ਵਿਚ ਵਿਚ ਇਕ ਉਚ ਤਾਕਤੀ ਕਮੇਟੀ ਬਣਾ ਕੇ ਜਾਂਚ ਕਰਨ ਦਾ ਫ਼ੈਸਲਾ ਵੀ ਕੀਤਾ ਜਾ ਚੁੱਕਾ ਹੈ।