
ਬੈਂਕ ਦੇ ਬਾਹਰ ਕੋਈ ਸੁਰੱਖਿਆ ਗਾਰਡ ਵੀ ਨਹੀਂ
ਐਸ.ਏ.ਐਸ ਨਗਰ, 17 ਜੂਨ (ਸੁਖਦੀਪ ਸਿੰਘ ਸੋਈ): ਦੋ ਹਥਿਆਰਬੰਦ ਵਿਅਕਤੀਆਂ ਵਲੋਂ ਅੱਜ ਫ਼ੇਜ਼ 3 ਏ.ਦੇ. ਸ਼ੋਰੂਮਾਂ (ਪਟਰੌਲ ਪੰਪ ਦੇ ਨੇੜੇ) ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਦਾਖ਼ਲ ਹੋ ਕੇ ਹਥਿਆਰ ਦੀ ਨੋਕ ਉਤੇ ਦਿਨ ਦਹਾੜੇ 4.80 ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਦੋ ਨੌਜਵਾਨ (ਉਮਰ ਲਗਭਗ 30-35 ਸਾਲ) ਬੈਂਕ ਵਿਚ ਦਾਖ਼ਲ ਹੋਏ ਇਨ੍ਹਾਂ ਵਿਚੋਂ ਇਕ ਪਤਲੇ ਸਿਹਤ ਵਾਲਾ ਸੀ ਜਦੋਂਕਿ ਦੂਜਾ ਥੋੜ੍ਹਾ ਭਾਰੇ ਸਰੀਰ ਦਾ ਸੀ ਇਹ ਦੋਵੇਂ ਵਿਅਕਤੀ ਬੈਂਕ ਦਾ ਦਰਵਾਜਾ ਖੋਲ੍ਹ ਕੇ ਅੰਦਰ ਦਾਖ਼ਲ ਹੋਏ
ਇਨ੍ਹਾਂ ਵਿਚੋਂ ਇਕ ਕੈਸ਼ ਉਤੇ ਬੈਠੀ ਮਹਿਲਾ ਕਰਮਚਾਰੀ ਵਲ ਚਲਾ ਗਿਆ ਜਦੋਂਕਿ ਦੂਜਾ ਵਿਚਕਾਰ ਖੜ੍ਹ ਗਿਆ ਇਸ ਦੌਰਾਨ ਕੈਸ਼ੀਅਰ ਕੋਲ ਗਏ ਵਿਅਕਤੀ ਨੇ ਪਿਸਤੌਲ ਕੱਢ ਕੇ ਮਹਿਲਾ ਕਰਮਚਾਰੀ ਨੂੰ ਸਾਰਾ ਕੈਸ਼ ਉਸ ਦੇ ਹਵਾਲੇ ਕਰਨ ਲਈ ਕਿਹਾ ਜਦੋਂਕਿ ਦੂਜੇ ਵਿਅਕਤੀ ਨੇ ਚਾਕੂ ਕੱਢ ਕੇ ਬਾਕੀ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਚੁੱਪ ਚਾਪ ਅਪਣੀਆਂ ਸੀਟਾਂ ਉਤੇ ਬੈਠੇ ਰਹਿਣ ਦੀ ਹਦਾਇਤ ਦਿਤੀ ਇਸ ਤੋਂ ਬਾਅਦ ਕੈੈਸ਼ੀਅਰ ਕੋਲ ਗਏ ਵਿਅਕਤੀ ਨੇ ਇਕ ਬੈਗ਼ ਵਿਚ ਰਕਮ ਭਰੀ ਅਤੇ ਤਿੰਨ ਚਾਰ ਮਿੰਟਾਂ ਦੀ ਇਸ ਵਾਰਦਾਤ ਤੋਂ ਬਾਅਦ ਇਹ ਦੋਵੇਂ ਆਰਾਮ ਨਾਲ ਚਲਦੇ ਹੋਏ ਬੈਂਕ ਤੋਂ ਬਾਹਰ ਚਲੇ ਗਏ।
ਡਕੈਤੀ ਦੀ ਇਸ ਵਾਰਦਾਤ ਤੋਂ ਬਾਅਦ ਬੈਂਕ ਦੀ ਮੈਨੇਜਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਤਮਾਮ ਸੀਨੀਅਰ ਅਧਿਕਾਰੀ ਮੌਕੇ ਉਤੇ ਪਹੰੁਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਵੱਡੀ ਗੱਲ ਇਹ ਹੈ ਕਿ ਇਸ ਬ੍ਰਾਂਚ ਵਿਚ ਸਿਰਫ਼ ਮਹਿਲਾ ਸਟਾਫ਼ ਹੈ ਅਤੇ ਬੈਂਕ ਦੇ ਬਾਹਰ ਕੋਈ ਸੁਰੱਖਿਆ ਗਾਰਡ ਵੀ ਨਹੀਂ ਹੈ ਜਿਸ ਕਾਰਨ ਲੁਟੇਰੇ ਬੜੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਨਿਕਲਣ ਵਿਚ ਕਾਮਯਾਬ ਹੋ ਗਏ।
ਮੌਕੇ ਉਤੇ ਪਹੁੰਚੇ ਐਸ.ਪੀ. ਮੁਹਾਲੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਵਲੋਂ ਬੈਂਕ ਦੀ ਸੀ.ਸੀ.ਟੀ.ਵੀ. ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਸ਼ੋਰੂਮ ਦੇ ਆਸ ਪਾਸ ਲੱਗੇ ਹੋਰਨਾਂ ਕੈਮਰਿਆਂ ਦੀ ਫੁਟੇਜ਼ ਵੀ ਹਾਸਲ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਲੁਟੇਰਿਆਂ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ।
ਇਸ ਦੌਰਾਨ ਜ਼ਿਲ੍ਹੇ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੇ ਵੀ ਬੈਂਕ ਦਾ ਦੌਰਾ ਕੀਤਾ ਅਤੇ ਹਾਲਾਤ ਦੀ ਜਾਣਾਕਰੀ ਲਈ ਇਸ ਦੌਰਾਨ ਪੁਲਿਸ ਵਲੋਂ ਪੂਰੇ ਇਲਾਕੇ ਦੀ ਨਾਕੇਬੰਦੀ ਕਰ ਲਈ ਗਈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਆਰੰਭ ਦਿਤੀ ਗਈ।
File Photo
ਪੁਲਿਸ ਵਲੋਂ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਜਾਰੀ ਕੀਤੀ ਗਈ ਜਿਸ ਵਿਚ ਇਹ ਦੋਵੇਂ ਵਿਅਕਤੀ ਬੈਂਕ ਵਿਚ ਦਾਖ਼ਲ ਹੁੰਦੇ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚੋਂ ਪਤਲੇ ਸਰੀਰ ਦੇ ਵਿਅਕਤੀ ਨੇ ਜੀਨ ਦੇ ਉੱਪਰ ਨੀਲੀ ਕਮੀਜ਼ ਪਾਈ ਹੋਈ ਸੀ ਅਤੇ ਉਹ ਸਿਰੋਂ ਨੰਗਾ ਸੀ। ਉਸ ਨੇ ਮਾਸਕ ਲਗਾਇਆ ਹੋਇਆ ਸੀ ਅਤੇ ਉਹ ਪਿਸਤੌਲ ਦਿਖਾ ਰਿਹਾ ਸੀ
ਜਦੋਂਕਿ ਦੂਜੇ ਵਿਅਕਤੀ (ਜਿਹੜਾ ਥੋੜ੍ਹਾ ਮੋਟਾ ਹੈ) ਨੇ ਸਿਰ ਉਤੇ ਟੋਪੀ ਪਾਈ ਹੋਈ ਸੀ ਅਤੇ ਮੂੰਹ ਉਤੇ ਰੁਮਾਲ ਬੰਨਿ੍ਹਆ ਹੋਇਆ ਸੀ। ਉਹ ਚਾਕੂ ਵਿਖਾ ਕੇ ਬਾਕੀ ਕਰਮਚਾਰੀਆਂ ਨੂੰ ਅਪਣੀ ਸੀਟ ਉਤੇ ਹੀ ਬੈਠੇ ਰਹਿਣ ਦੀ ਹਦਾਇਤ ਕਰਦਾ ਦਿਖ ਰਿਹਾ ਸੀ। ਮੌਕੇ ਉਤੇ ਹਾਜ਼ਰ ਥਾਣਾ ਮਟੌਰ ਦੇ ਐਸ.ਐਚ.ਓ. ਰਾਜੀਵ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ