‘ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਡਰ ਕੇ ਨਹੀਂ ਬਲਕਿ ਸੁਚੇਤ ਹੋ ਕੇ ਕਰਨ ਦੀ ਲੋੜ’  
Published : Jun 18, 2020, 10:32 am IST
Updated : Jun 18, 2020, 10:32 am IST
SHARE ARTICLE
Corona virus
Corona virus

ਸੂਬਾ ਸਰਕਾਰ ਨੂੰ 50 ਹਜਾਰ ਕਰੋੜ ਮਾਲੀਏ ਸਮੇਤ 3000 ਕਰੋੜ ਮਹੀਨੇ ਦਾ ਪੈ ਰਿਹੈ ਘਾਟਾ

ਸੰਗਰੂਰ, 17 ਜੂਨ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਅਨੇਕਾਂ ਸਰੀਰਕ ਮੌਤਾਂ ਹੋਈਆਂ ਹਨ, ਉਥੇ ਕਰਫ਼ਿਊ ਤੇ ਤਾਲਾਬੰਦੀ ਦੌਰਾਨ ਘਰਾਂ ਵਿਚ ਨਜ਼ਰਬੰਦ ਰਹਿਣ ਵਾਲੇ ਲੱਖਾਂ ਪ੍ਰਵਾਰਾਂ ਦੀਆਂ ਆਰਥਕ ਮੌਤਾਂ ਦੀ ਗਿਣਤੀ ਹੋਰ ਵੀ ਵਧੇਰੇ ਮੁਸ਼ਕਲ ਹੈ। ਸਰਕਾਰੀ ਸੂਤਰਾਂ ਮੁਤਾਬਕ ਕੋਰੋਨਾ ਕਾਰਨ ਪੰਜਾਬ ਵਿਚੋਂ ਤਕਰੀਬਨ 10 ਲੱਖ ਨੌਕਰੀਆਂ ਚਲੀਆਂ ਗਈਆਂ ਪਰ ਗ਼ੈਰ-ਸਰਕਾਰੀ ਸੂਤਰਾਂ ਮੁਤਾਬਕ ਇਸ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।

ਨੌਕਰੀ ਕਰਦੇ ਵਿਅਕਤੀ ਦੀ ਆਮਦਨ ਨਾਲ ਅਕਸਰ ਉਸ ਦਾ ਪੂਰਾ ਪ੍ਰਵਾਰ ਗੁਜ਼ਾਰਾ ਕਰਦਾ ਹੈ ਤੇ ਇਸ ਦੇ ਅਚਾਨਕ ਚਲੇ ਜਾਣ ਕਾਰਨ ਨੌਬਤ ਭੁੱਖੇ ਮਰਨ ਦੀ ਆ ਜਾਂਦੀ ਹੈ, ਕਿਉਂਕਿ ਕੋਈ ਕੰਮ ਹੀ ਨਹੀਂ ਹੈ; ਕੰਮ ਹੈ ਨਹੀਂ ਤਾਂ ਗੁਜ਼ਾਰਾ ਕਿਵੇਂ ਸੰਭਵ ਹੋਵੇਗਾ? ਘਰ ਬੈਠਿਆਂ ਪ੍ਰਵਾਰਾਂ ਨੂੰ ਲਗਾਤਾਰ ਰੋਟੀ ਦਾ ਪ੍ਰਬੰਧ ਕਰਨਾ ਸਰਕਾਰਾਂ ਲਈ ਵੀ ਤੇ ਸਮਾਜ ਸੇਵੀਆਂ ਲਈ ਵੀ ਨਾਮੁਮਕਿਨ ਤੇ ਅਸੰਭਵ ਹੈ। 

ਅਗਰ ਕਮਾਊ ਵਿਅਕਤੀ ਘਰ ਬੈਠਦਾ ਹੈ ਤਾਂ ਪ੍ਰਵਾਰ ਕਿਵੇਂ ਗੁਜ਼ਾਰਾ ਕਰੇਗਾ; ਭੁੱਖਮਰੀ ਕਾਰਨ ਮੌਤ ਯਕੀਨਨ ਹੈ ਅਤੇ ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਬਾਹਰ ਕੋਰੋਨਾਵਾਇਰਸ ਕਾਰਨ ਮੌਤ। ਅੰਦਰ ਬਾਹਰ ਦੋਵੇਂ ਪਾਸੇ ਮੌਤ ਦਾ ਤਾਂਡਵ ਹੈ, ਆਦਮੀ ਕਰੇ ਤਾਂ ਕੀ ਕਰੇ। ਮੁੱਖ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਸਾਲ 2020 ਵਿਚ ਕੋਰੋਨਾ ਕਾਰਨ ਸਰਕਾਰ ਨੂੰ 50 ਹਜ਼ਾਰ ਕਰੋੜ ਰੁਪਏ ਮਾਲੀਏ ਦਾ ਨੁਕਸਾਨ ਸਹਿਣਾ ਪੈ ਰਿਹਾ ਹੈ।

ਸਰਕਾਰ ਹਰ ਮਹੀਨੇ ਤਕਰੀਬਨ 3000 ਕਰੋੜ ਰੁਪਏ ਆਮਦਨ ਦੇ ਬਾਕੀ ਸਰੋਤਾਂ ਤੋਂ ਵੀ ਘਾਟਾ ਸਹਿਣ ਕਰ ਰਹੀ ਹੈ। ਜੀ.ਐਸ.ਟੀ.ਐਕਸਾਈਜ਼, ਵੈਟ ਅਤੇ ਟਰਾਂਸਪੋਰਟ ਤੋਂ ਹੋਣ ਵਾਲੀ ਆਮਦਨ ਵੀ ਲਗਾਤਾਰ ਘਟਦੀ ਜਾ ਰਹੀ ਹੈ। ਸੂਬੇ ਅੰਦਰ ਪਿਛਲੇ 50-60 ਸਾਲਾਂ ਤੋਂ ਚੰਗੇ ਭਲੇ ਚਲਦੇ ਉਦਯੋਗਾਂ ਨੂੰ ਜਿੰਦਰੇ ਲੱਗ ਗਏ ਹਨ। ਲੁਧਿਆਣੇ ਦੀ ਹੌਜ਼ਰੀ ਅਤੇ ਸਾਈਕਲ ਸਨਅਤ ਨੂੰ ਖਰਬਾਂ ਰੁਪਏ ਦਾ ਘਾਟਾ ਪੈ ਗਿਆ ਹੈ ਅਤੇ ਉਨ੍ਹਾਂ ਦੇ ਅਰਬਾਂ ਰੁਪਏ ਦੇ ਹਜ਼ਾਰਾਂ ਐਕਸਪੋਰਟ ਆਰਡਰ ਰੱਦ ਹੋ ਚੁੱਕੇ ਹਨ। ਰੇਲ ਗੱਡੀਆਂ, ਬਸਾਂ ਅਤੇ ਹਵਾਈ ਜਹਾਜ਼ਾਂ ਤੋਂ ਇਕੱਤਰ ਹੋਣ ਵਾਲਾ ਮਾਲੀਆ ਘਾਟੇ ਦਾ ਸੌਦਾ ਬਣ ਗਿਆ ਹੈ। 

ਪੰਜਾਬ ਸਰਕਾਰ ਨੇ ਕਰੋਨਾ ਕਾਰਨ ਲਗਭਗ 50 ਹਜ਼ਾਰ ਕਰੋੜ ਰੁਪਏ ਖਰਚ ਕੇ ਪੰਜਾਬ ਵਿੱਚੋ ਬਿਹਾਰੀ ਤੇ ਯੂ.ਪੀ. ਦੇ ਮਜ਼ਦੂਰਾਂ ਦੀਆਂ ਭਰੀਆਂ 391 ਰੇਲ ਗੱਡੀਆਂ ਵਿਚ ਲੱਖਾਂ ਮਜ਼ਦੂਰ ਉਨ੍ਹਾਂ ਦੀ ਜਨਮ ਭੂਮੀਂ ਤਕ ਪੁਚਾਏ ਪਰ ਖੇਤੀਬਾੜੀ ਸੈਕਟਰ ਵਿਚ ਇਨ੍ਹਾਂ ਮਜ਼ਦੂਰਾਂ ਦੀ ਅਚਾਨਕ ਕਮੀ ਹੋ ਜਾਣ ਕਾਰਨ ਕਿਸਾਨਾਂ ਨੂੰ ਮਹਿੰਗੇ ਰੇਟ ’ਤੇ ਝੋਨਾ ਲਗਵਾਉਣਾ ਪੈ ਰਿਹਾ ਹੈ ਜਿਸ ਕਾਰਨ ਪਹਿਲਾਂ ਹੀ ਪੈਰੋਂ ਉੱਖੜੀ ਕਿਸਾਨੀ ਨੂੰ ਕਰੋੜਾਂ ਰੁਪਏ ਵੱਧ ਖਰਚਣੇ ਪੈਣਗੇ। ਕਰੋਨਾਵਾਇਰਸ (ਕੋਵਿਡ-19) ਦੇ ਪ੍ਰਕੋਪ ਦੀ ਗੱਲ ਕਰੀਏ ਤਾਂ ਇਹ ਕਿਧਰੇ ਨਹੀਂ ਗਿਆ। 

ਅੱਜ ਬਾਅਦ ਦੁਪਹਿਰ ਤੱਕ ਭਾਰਤ ਅੰਦਰ ਕਰੋਨਾ ਦੇ 343,091 ਕੁਲ ਕੇਸ ਹਨ ਤੇ ਮੌਤਾਂ ਦੀ ਗਿਣਤੀ 9915 ਤਕ ਪਹੁੰਚ ਗਈ ਹੈ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 152,856 ਹੈ ਜਦਕਿ ਹੁਣ ਤਕ 180,320 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ 8,944 ਹੈ ਜਦ ਕਿ ਦੇਸ਼ ਦੀ ਕੁੱਲ ਅਬਾਦੀ 1,379,418,901 ਕਰੋੜ ਵਿਚੋਂ ਹੁਣ ਤਕ ਲਗਭਗ 5,921,069 ਵਿਅਕਤੀਆ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਵਸਦੇ ਲੋਕਾਂ ਨੂੰ ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਬਹੁਤ ਮਾਅਰਕੇ ਵਾਲਾ ਕੰਮ ਕੀਤਾ ਹੈ ਤੇ ਉਨ੍ਹਾਂ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੀਮਾਰੀ ਜੁਲਾਈ ਅਤੇ ਅਗੱਸਤ 2020 ਦੌਰਾਨ ਅਪਣੇ ਸਿਖਰ ’ਤੇ ਪਹੁੰਚ ਜਾਵੇਗੀ। ਹੋ ਸਕਦਾ ਹੈ ਕਿ ਇਹ ਸਤੰਬਰ ਤਕ ਵੀ ਚਲੀ ਜਾਵੇ ਪਰ ਸਾਨੂੰ ਇਸ ਦਾ ਮੁਕਾਬਲਾ ਡਰ ਕੇ ਨਹੀਂ ਬਲਕਿ ਸੁਚੇਤ ਹੋ ਕੇ ਕਰਨ ਦੀ ਲੋੜ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement