
ਰਾਜਨੀਤਿਕ ਖਹਿਬਾਜ਼ੀ ਕਾਰਨ ਵਿਤਕਰਾ ਝੱਲ ਰਿਹਾ ਇਲਾਕਾ: ਸਥਾਨਕ ਵਾਸੀ
ਗੁਰਦਾਸਪੁਰ: ਗੁਰਦਾਸਪੁਰ ਵਿੱਚ ਅੱਜ ਡੇਂਗੂ ਕਾਰਨ ਇੱਕ 25 ਸਾਲਾਂ ਦੇ ਨੌਜਵਾਨ ਇੰਦਰਜੀਤ ਸਿੰਘ ਉਰਫ ਇੰਦੂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਵਾਰਡ ਨੰਬਰ 16 ਮੁਹੱਲਾ ਨੰਗਲ ਕੋਟਲੀ ਵਿੱਚ ਪੈਂਦੀ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਨੌਜਵਾਨ ਬਹੁਤ ਹੀ ਮਿਹਨਤੀ ਸੀ ਅਤੇ ਗਰੀਬ ਪਰਿਵਾਰ ਹੋਣ ਕਾਰਨ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਦੁਬਈ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ।
ਇਲਾਕੇ ਵਿੱਚ ਨੌਜਵਾਨ ਮੌਤ ਹੋਣ ਕਾਰਨ ਮੁਹੱਲਾ ਨਿਵਾਸੀ ਕਾਫੀ ਭੜਕੇ ਹੋਏ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਇਲਾਕਾ ਰਾਜਨੀਤਿਕ ਖਹਿਬਾਜ਼ੀ ਕਾਰਨ ਵਿਤਕਰਾ ਝੱਲ ਰਿਹਾ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਤੇਜ਼ੀ ਨਾਲ ਡੇਂਗੂ ਦੇ ਫੈਲਣ ਦੇ ਬਾਵਜੂਦ ਮੁਹੱਲੇ ਵਿੱਚ ਹਾਲੇ ਤੱਕ ਸਪਰੇਅ ਜਾਂ ਫੋਗਿੰਗ ਨਹੀਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਪਰੇਅ ਜਾਂ ਫੋਗਿੰਗ ਕਰਨ ਆਉਂਦਾ ਹੈ ਤਾਂ ਉਹ ਘਰ ਵਾਲਿਆਂ ਦੇ ਨਾਮ ਪੁੱਛ ਕੇ ਇੱਕਾ ਦੁੱਕਾ ਘਰਾਂ ਵਿੱਚ ਫੋਗਿੰਗ ਕਰਕੇ ਚਲਾ ਜਾਂਦਾ ਹੈ ਅਤੇ ਪੂਰੇ ਮੁਹੱਲੇ ਵਿੱਚ ਫੋਗਿੰਗ ਜਾਂ ਸਪਰੇਅ ਨਹੀਂ ਹੁੰਦੀ।