
ਬਲਕਾਰ ਸਿੱਧੂ ਵਲੋਂ ਫੂਲ ਹਲਕੇ ਤੋਂ ਨਵੀਂ ਸਿਆਸੀ ਪਾਰੀ ਖੇਡਣ ਦੀ ਤਿਆਰੀ
ਬਠਿੰਡਾ, ਰਾਮਪੁਰਾ ਫੂਲ, 17 ਜੂਨ (ਸੁਖਜਿੰਦਰ ਮਾਨ, ਹਰਿੰਦਰ ਬੱਲੀ): ‘ਮਾਝੇ ਦੀਏ ਮੋਮਬੱਤੀਆਂ’ ਅਤੇ ਹੋਰ ਚਰਚਿਤ ਗੀਤ ਗਾ ਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਉਣ ਵਾਲੇ ਲੋਕ ਗਾਇਕ ਬਲਕਾਰ ਸਿੱਧੂ ਨੇ ਫੂਲ ਹਲਕੇ ਤੋਂ ਨਵੀਂ ਸਿਆਸੀ ਪਾਰੀ ਖੇਡਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਹਾਈਕਮਾਂਡ ਨੇ ਇਥੇ ਸਥਾਪਤ ਦੋ ਧੜੱਲੇਦਾਰ ਮੰਤਰੀਆਂ ਨੂੰ ਭਾਂਜ ਦੇਣ ਲਈ ਇਸ ਨੌਜਵਾਨ ਗਾਇਕ ਨੂੰ ਥਾਪੀ ਦਿਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਡੀ ਪੱਧਰ ’ਤੇ ਹਲਕੇ ਵਿਚ ਵਿਚਰਨਾ ਸ਼ੁਰੂ ਕਰ ਦਿਤਾ ਹੈ।
ਦਸਣਾ ਬਣਦਾ ਹੈ ਕਿ ਸਿੱਧੂ ਨੇ ਕੁੱਝ ਸਮਾਂ ਪਹਿਲਾਂ ਮੁੜ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਇਸੇ ਪਾਰਟੀ ਵਲੋਂ ਫੂਲ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਸੀ ਪ੍ਰੰਤੂ ਬਾਅਦ ਵਿਚ ਉਹ ਕਾਂਗਰਸ ਵਿਚ ਸ਼ਮੂਲੀਅਤ ਕਰ ਗਏ ਸਨ ਤੇ ਸਰਕਾਰ ਨੇ ਉਨ੍ਹਾਂ ਨੂੰ ਐਸਐਸਐਸ ਬੋਰਡ ਦਾ ਮੈਂਬਰ ਵੀ ਬਣਾਇਆ ਸੀ। ਇਨ੍ਹਾਂ ਸੂਤਰਾਂ ਮੁਤਾਬਕ ਇਸ ਹਲਕੇ ਤੋਂ ਟਿਕਟ ਲੜਨ ਦੇ ਚਾਹਵਾਨ ਦੂਜੇ ਆਗੂਆਂ ਮੁਤਾਬਕ ਬਲਕਾਰ ਸਿੱਧੂ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ।
ਸੰਪਰਕ ਕਰਨ ’ਤੇ ਬਲਕਾਰ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਬਿਨਾਂ ਕਿਸੇ ਲਾਲਚ ਤੋਂ ਪਾਰਟੀ ਵਿਚ ਮੁੜ ਆਏ ਹਨ ਤੇ ਉਨ੍ਹਾਂ ਦੀ ਇੱਛਾ ਫੂਲ ਹਲਕੇ ਦੇ ਲੋਕਾਂ ਨੂੰ ਸਥਾਪਤ ਪਾਰਟੀਆਂ ਦੇ ਆਗੂਆਂ ਤੋਂ ਨਿਜਾਤ ਦਿਵਾਉਣੀ ਹੈ ਜਿਸ ਲਈ ਲੋਕ ਵੱਡਾ ਹੁੰਗਾਰਾ ਦੇ ਰਹੇ ਹਨ।