
ਫ਼ਜ਼ੂਲ ਦੇ ਮੁੱਦੇ ਛੱਡ ਕੇ ਟੀਕਾਕਰਨ ਵਲ ਧਿਆਨ ਦੇਵੇ ਸਰਕਾਰ : ਕਾਂਗਰਸ
ਨਵੀਂ ਦਿੱਲੀ, 17 ਜੂਨ : ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ ਹੈ, ਜਦੋਂ ਕਿ ਰਾਹੁਲ ਗਾਂਧੀ ਹਾਲੇ ਤਕ ਖ਼ੁਰਾਕ ਨਹੀਂ ਲੈ ਸਕੇ, ਕਿਉਂਕਿ ਉਹ ਮਈ ਵਿਚ ਵਾਇਰਸ ਨਾਲ ਪੀੜਤ ਹੋ ਗਏ ਸਨ। ਪਾਰਟੀ ਦੇ ਇਕ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਭਾਜਪਾ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਘੀ ਵਾਡਰਾ ਨੇ ਟੀਕੇ ਦੀ ਪਹਿਲੀ ਖ਼ੁਰਾਕ ਲੈ ਲਈ ਹੈ ਅਤੇ ਸਾਬਕਾ ਪ੍ਰਧਾਨ ਰਹੁਲ ਗਾਂਧੀ ਪੂਰੀ ਤਰ੍ਹਾਂ ਕੋਰੋਲਾ ਮੁਕਤ ਹੋਣ ਤੋਂ ਬਾਅਦ ਡਾਕਟਰਾਂ ਦੀ ਸਲਾਹ ’ਤੇ ਟੀਕਾ ਲਗਵਾਉਣਗੇ। ਉਨ੍ਹਾਂ ਦੀ ਇਹ ਟਿੱਪਣੀ ਉਸ ਵਕਤ ਆਈ ਹੈ ਜਦੋਂ ਭਾਜਪਾ ਦੇ ਕਈ ਆਗੂਆਂ ਵਲੋਂ ਸਵਾਲ ਕੀਤਾ ਗਿਆ ਕਿ ਕੀ ਸੋਨੀਆਂ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਟੀਕੇ ਲਗਵਾਏ ਹਨ? ਸੂਰਜੇਵਾਲਾ ਨੇ ਕਿਹਾ,‘‘ਫਿਜ਼ੂਲ ਦੇ ਮੁੱਦੇ ਘੜਨ ਦੀ ਥਾਂ ਮੋਦੀ ਸਰਕਾਰ ਨੂੰ ਰੋਜ਼ਾਨਾ 80 ਲੱਖ ਤੋਂ ਇਕ ਕਰੋੜ ਭਾਰਤੀ ਨਾਗਰਿਕਾਂ ਦੇ ਟੀਕਾ ਲਗਾਉਣ ਵਲ ਧਿਆਨ ਦੇਣਾ ਚਾਹੀਦਾ ਹੈ ਤਾਕਿ 31 ਦਸੰਬਰ 2021 ਤਕ 100 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ।’’
ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਰਫ਼ਤਾਰ ਨਾਲ ਦੇਸ਼ ਦੇ 94.50 ਕਰੋੜ ਬਾਲਗ਼ ਲੋਕਾਂ ਨੂੰ ਟੀਕਾ ਲਗਾਉਣ ਵਿਚ 944 ਦਿਨ ਹੋਰ ਲੱਗਣਗੇ। ਇਸ ਦਾ ਮਤਲਬ ਇਹ ਟੀਕਾਕਰਨ 16 ਜਨਵਰੀ 2024 ਤਕ ਚਲੇਗਾ। ਉਨ੍ਹਾਂ ਕਿਹਾ,‘‘ਹਰਸ਼ਵਰਧਨ ਭਾਰਤ ਦੇ ਸਿਤਹ ਮੰਤਰੀ ਹਨ ਅਤੇ ਉਨ੍ਹਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਕਾਂਗਰਸ ਪ੍ਰਧਾਨ ਨੇ ਕੋਵਿਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ।’’ (ਪੀਅੀਆਈ)