
ਪਾਂਡੇ, ਡਾਵਰ, ਨਾਭਾ, ਢਿੱਲੋਂ ਤੇ ਵੇਰਕਾ ਫਿਰ ਖ਼ਾਲੀ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਪੌਣੇ 2 ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੇ 23 ਮਈ ਨੂੰ ਆਏ ਨਤੀਜਿਆਂ ਨੇ ਜਿਥੇ ਕਾਂਗਰਸ ਹਾਈ ਕਮਾਂਡ ਵਿਚ ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਹਲਚਲ ਤੇ ਘਬਰਾਹਟ ਫੈਲ ਗਈ ਸੀ ਅਤੇ ਸਿਆਸੀ ਮਾਹੌਲ ਅਜੇ ਤਕ ਸ਼ਾਂਤ ਨਹੀਂ ਹੋਇਆ ਉਥੇ ਪੰਜਾਬ ਦੇ ਮੁੱਖ ਮੰਤਰੀ ਨੇ ਅਪਣੇ ਆਪ ਨੂੰ ਮਜ਼ਬੂਤ ਸਥਿਤੀ ਵਿਚ ਰੱਖ ਕੇ ਸੀਨੀਅਰ ਤੇ ਬੜਬੋਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਖੁੱਡੇ ਲਾਈਨ ਲਾ ਦਿਤਾ ਹੈ। punjabi news
Captain Amarinder Singh
ਭਲਕੇ ਸਿੱਧੂ ਦੀ ਵਜ਼ਾਰਤ ਵਿਚੋਂ ਛੁੱਟੀ ਉਪਰੰਤ ਸਿਆਸੀ ਹਲਕਿਆਂ ਵਿਚ ਅਗਲੇ ਹਫ਼ਤੇ ਸਾਬਕਾ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ, ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਫਿਰ ਕੈਬਨਿਟ ਵਿਚ ਲਿਆਉਣ ਦੇ ਚਰਚੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਨੂੰ 16 ਜਨਵਰੀ 2018 ਨੂੰ ਉਸ ਦੇ ਅਸਤੀਫ਼ੇ ਉਪਰੰਤ ਮੰਤਰੀ ਪ੍ਰੀਸ਼ਦ ਤੋਂ ਲਾਂਭੇ ਕਰਨਾ ਪਿਆ ਸੀ ਕਿਉਂਕਿ ਵਿਰੋਧੀ ਧਿਰ ਨੇ ਰੇਤਾ ਬਜਰੀ ਦੀਆਂ ਖੱਡਾਂ ਵਿਚ ਰਾਣਾ ਦੇ ਰਸੋਈਏ ਵਲੋਂ 26 ਕਰੋੜ ਦੀ ਨਿਲਾਮੀ ਵਿਚ ਭਾਈਵਾਲੀ ਹੋਣ ਨੂੰ ਲੈ ਕੇ ਮੁੱਖ ਮੰਤਰੀ 'ਤੇ ਦਬਾਅ ਪਾਇਆ ਸੀ।
Congress
ਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਦੀ ਵਜ਼ਾਰਤ 16 ਮਾਰਚ 2017 ਨੂੰ ਹੋਂਦ ਵਿਚ ਆਈ ਸੀ ਅਤੇ ਪਹਿਲਾਂ 10 ਮੰਤਰੀ ਲਾਏ ਸਨ ਜਦੋਂ ਕਿ ਦੂਜੇ ਵਿਸਤਾਰ ਮੌਕੇ 8 ਹੋਰ ਰਾਣਾ ਸੋਢੀ, ਸੁਖਜਿੰਦਰ ਰੰਧਾਵਾ, ਸੁਖ ਸਰਕਾਰੀਆ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਵਿਜੈਸਿੰਗਲਾ, ਸ਼ਾਮ ਸੁੰਦਰ ਅਰੋੜਾ ਤੇ ਭਾਰਤ ਭੂਸ਼ਨ ਆਸ਼ੂ ਲਏ ਗਏ ਸਨ। ਕਾਂਗਰਸ ਦੇ ਅੰਦਰੂਨੀ ਸਰੋਤ ਦਸਦੇ ਹਨ ਕਿ 7 ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ, 4 ਵਾਰੀ ਜਿੱਤੇ ਸੁਰਿੰਦਰ ਡਾਵਰ, ਕਾਕਾ ਰਣਦੀਪ ਨਾਭਾ, ਅਮਰੀਕ ਢਿੱਲੋਂ ਅਤੇ 3 ਵਾਰੀ ਜਿੱਤੇ ਰਿਜ਼ਰਵ ਕੈਟੇਗਰੀ ਦੇ ਡਾ. ਰਾਜ ਕੁਮਾਰ ਵੇਰਕਾ ਫਿਰ ਵਜ਼ੀਰੀ ਦੀ ਝੰਡੀ ਤੋਂ ਖ਼ਾਲੀ ਰਹਿ ਜਾਣਗੇ।
Navjot Sidhu
ਇਹ ਵੀ ਚਰਚਾ ਖ਼ੂਬ ਹੈ ਕਿ ਰਾਣਾ ਗੁਰਜੀਤ ਨੂੰ ਉਸ ਦਾ ਪੁਰਾਣਾ ਮਹਿਕਮਾ ਬਿਜਲੀ ਵਾਲਾ ਹੀ ਦਿਤਾ ਜਾ ਰਿਹਾ ਹੈ, ਜਿਸ ਵਿਰੁਧ 'ਕਨਫ਼ਲਿਕਟ ਆਫ਼ ਇੰਟਰੈਸਟ' ਦਾ ਦੋਸ਼ ਰਾਣਾ ਵਿਰੁਧ ਲੱਗਾ ਸੀ। ਪਿਛਲੇ ਮਹੀਨੇ ਮੁੱਖ ਮੰਤਰੀ ਵਲੋਂ ਵਜ਼ੀਰਾਂ ਦੇ ਮਹਿਕਮੇ ਬਦਲਣ 'ਤੇ ਖ਼ਫ਼ਾ ਹੋਏ ਨਵਜੋਤ ਸਿੱਧੂ ਪਹਿਲਾਂ ਕਾਂਗਰਸ ਹਾਈ ਕਮਾਂਡ ਕੋਲ ਅਪਣਾ ਅਸਤੀਫ਼ਾ ਦੇ ਆਏ, ਫਿਰ ਪੰਜਾਬ ਵਿਚ ਪਾਰਟੀ ਦੀ ਪ੍ਰਧਾਨਗੀ ਮੰਗੀ, ਤਿੰਨ ਦਿਨ ਪਹਿਲਾਂ ਬਤੌਰ ਮੰਤਰੀ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਅਸਤੀਫ਼ਾ ਭੇਜ ਦਿਤਾ।