
ਚੰਡੀਗੜ੍ਹ ਵਿਚ ਆਟੋ ਚੋਰੀ ਕਰਕੇ ਹੋਏ ਸਨ ਫਰਾਰ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਲੁੱਟ ਦੀ ਵਾਰਦਾਤ ਵਿਚ ਸ਼ਾਮਲ ਨਗਰ ਨਿਗਮ ਦੇ ਇਕ ਠੇਕਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਕੀਤਾ ਆਟੋ, ਪਰਸ, ਆਟੋ ਚਾਲਕ ਦੇ ਕਾਗਜ਼ਾਤ ਅਤੇ 6 ਹੋਰ ਦੋ ਪਹੀਆ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਮੁਲਜ਼ਮ ਦੀ ਪਛਾਣ ਦੀਪਕ (31 ਸਾਲ) ਵਾਸੀ ਸੈਕਟਰ 20 ਵਜੋਂ ਹੋਈ ਹੈ। ਉਸ ਦੇ ਦੋ ਸਾਥੀਆਂ ਦੀ ਪਛਾਣ ਅਭਿਸ਼ੇਕ ਕੋਹਲੀ (22 ਸਾਲ) ਵਾਸੀ ਸੈਕਟਰ 8ਬੀ ਅਤੇ ਸ਼ਾਹਨਵਾਜ਼ ਉਰਫ਼ ਚੰਗੂ ਵਾਸੀ ਫੇਜ਼-2 ਰਾਮਦਰਬਾਰ ਵਜੋਂ ਹੋਈ ਹੈ। ਆਟੋ ਚਾਲਕ ਧੀਰਜ ਕੁਮਾਰ ਵਾਸੀ ਖੁੱਡਾ ਅਲੀਸ਼ੇਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 15 ਅਗਸਤ ਨੂੰ ਰਾਤ 8 ਵਜੇ ਆਟੋ ਚਲਾ ਰਿਹਾ ਸੀ। ਉਦੋਂ ਹੀ ਤਿੰਨੇ ਵਿਅਕਤੀ ਆਏ ਅਤੇ ਉਸ ਦੇ ਆਟੋ ਵਿੱਚ ਬੈਠ ਗਏ ਅਤੇ ਉਸ ਨੂੰ ਮੌਲੀਜਾਗਰਾ ਜਾਣ ਲਈ ਕਿਹਾ। ਜਦੋਂ ਆਟੋ ਚਾਲਕ ਉਨ੍ਹਾਂ ਨੂੰ ਸੈਕਟਰ 29-30 ਲਾਈਟ ਪੁਆਇੰਟ ਕੋਲ ਲੈ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਧੱਕਾ ਮਾਰ ਦਿਤਾ। ਉਹ ਉਸਦਾ ਆਟੋ ਲੈ ਕੇ ਫਰਾਰ ਹੋ ਗਏ।
ਪੁਲਿਸ ਨੂੰ ਜਾਂਚ 'ਚ ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਨਸ਼ੇ ਦੇ ਆਦੀ ਹਨ। ਨਸ਼ਾ ਪੂਰਾ ਕਰਨ ਲਈ ਉਹ ਲੁੱਟ-ਖੋਹ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਵਿਚੋਂ ਦੀਪਕ ਨਗਰ ਨਿਗਮ ਦਾ ਠੇਕਾ ਮੁਲਾਜ਼ਮ ਹੈ। ਅਭਿਸ਼ੇਕ ਬੇਰੁਜ਼ਗਾਰ ਹੈ, ਜਦਕਿ ਸ਼ਾਹਨਵਾਜ਼ ਸੈਲੂਨ ਦੀ ਦੁਕਾਨ 'ਤੇ ਕੰਮ ਕਰਦਾ ਹੈ।