
Punjabi Olympiad 2025 News: ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ
Education Board announces International Punjabi Olympiad 2025: ਪੰਜਾਬ ਸਰਕਾਰ ਵਲੋਂ ਮਿੱਠੀ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ਤੇ ਵਿਦਿਆਰਥੀਆਂ ਵਿਚ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿਖਿਆ ਬੋਰਡ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਇਸ ਸਾਲ ‘ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ 2025’ ਕਰਵਾ ਰਿਹਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅੱਜ ਤੋਂ 31 ਅਕਤੂਬਰ 2025 ਤਕ ਆਨਲਾਈਨ ਕਰਨੀ ਹੋਵੇਗੀ।
ਇਸ ਲਈ ਖ਼ਾਸ ਵੈੱਬਲਿੰਕ 18 ਅਗੱਸਤ ਨੂੰ ਲਾਈਵ ਕਰ ਦਿਤਾ ਜਾਵੇਗਾ। ਵਿਦਿਆਰਥੀਆਂ ਲਈ ਸ਼੍ਰੇਣੀਵਾਰ ਫ਼ੀਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ ਪ੍ਰਾਇਮਰੀ ਵਰਗ (8–12 ਸਾਲ) ਰਜਿਸਟ੍ਰੇਸ਼ਨ ਫੀਸ 50 ਰੁਪਏ (ਪਹਿਲਾਂ 100 ਰੁਪਏ ਸੀ) ਹੋਵੇਗੀ। ਮਿਡਲ ਵਰਗ (12–14 ਸਾਲ) ਅਤੇ ਸੈਕੰਡਰੀ ਵਰਗ (14–17 ਸਾਲ) ਲਈ ਰਜਿਸਟ੍ਰੇਸ਼ਨ ਫ਼ੀਸ 100 ਰੁਪਏ ਰੱਖੀ ਗਈ ਹੈ।
ਐਨ.ਆਰ.ਆਈ. ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫ਼ੀਸ 800 ਰੁਪਏ ਹੋਵੇਗੀ। ਡਾ. ਅਮਰਪਾਲ ਸਿੰਘ ਨੇ ਦਸਿਆ ਕਿ ਪਿਛਲੇ ਸਾਲਾਂ ਵਿਚ ਪ੍ਰਸ਼ਨਾਂ ਦਾ ਆਧਾਰ ਕੇਵਲ ਤਿਆਰ ਕੀਤੇ ਕੰਟੈਂਟ ਤਕ ਸੀਮਿਤ ਸੀ, ਪਰ ਇਸ ਵਾਰ ਕੰਟੈਂਟ ਦੇ ਨਾਲ-ਨਾਲ ਉਮਰ ਅਨੁਸਾਰ ਸਿਲੇਬਸ ਵਿਚੋਂ ਵੀ ਪ੍ਰਸ਼ਨ ਸ਼ਾਮਲ ਕੀਤੇ ਗਏ ਹਨ, ਤਾਂ ਜੋ ਓਲੰਪਿਆਡ, ਪਾਠਕ੍ਰਮ ਨਾਲ ਵੀ ਜੁੜਿਆ ਹੋਇਆ ਰਹੇ।
ਇਸ ਤੋਂ ਇਲਾਵਾ, ਪਿਛਲੇ ਸਾਲਾਂ ਵਿਚ ਸਿਰਫ਼ ਆਨਲਾਈਨ ਪ੍ਰੀਖਿਆ ਹੀ ਕਰਵਾਈ ਗਈ ਸੀ, ਜਦਕਿ ਇਸ ਵਾਰ ਇਹ ਪ੍ਰੀਖਿਆ ਆਨਲਾਈਨ ਅਤੇ ਆਫਲਾਈਨ ਦੋਨੋਂ ਤਰੀਕਿਆਂ ਨਾਲ ਹੋਵੇਗੀ। ਉਨ੍ਹਾਂ ਦਸਿਆ ਕਿ ਵਿਦਿਆਰਥੀਆਂ ਵਿਚ ਉਤਸ਼ਾਹ ਵਧਾਉਣ ਲਈ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਜ਼ਿਲ੍ਹਾ ਵਾਰ ਸਭ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਅਤੇ ਵਧੇਰੇ ਸਥਾਨ ਹਾਸਲ ਕਰਨ ਵਾਲੇ ਸਕੂਲਾਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਮਿਲੇਗਾ। ਜ਼ਿਕਰਯੋਗ ਹੈ ਕਿ 2023 ਅਤੇ 2024 ਵਿਚ ਕਰਵਾਏ ਗਏ ਓਲੰਪਿਆਡਾਂ ਵਿਚ 35,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਬੋਰਡ ਨੂੰ ਇਸ ਵਾਰ ਰਜਿਸਟ੍ਰੇਸ਼ਨ ਦਾ ਅੰਕੜਾ ਹੋਰ ਵਧਣ ਉਮੀਦ ਹੈ।
ਬੋਰਡ ਵਲੋਂ ਇਸ ਤੋਂ ਪਹਿਲਾਂ ਵੀ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁਲਤ ਕਰਨ ਲਈ ‘ਮਾਖਿਓਂ ਮਿਠੀ ਪੰਜਾਬੀ ਮਾਂ-ਬੋਲੀ ਕਿਵੇਂ ਬਣੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ’ ਵਿਸ਼ੇ ’ਤੇ ਕਾਨਫ਼ਰੈਂਸ ਕਰਵਾਈ ਗਈ ਸੀ, ਜਿਸ ਨੂੰ ਵਿਆਪਕ ਪ੍ਰਸ਼ੰਸਾ ਮਿਲੀ ਸੀ। ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ 2025 ਵੀ ਵਿਦਿਆਰਥੀਆਂ ਵਿਚ ਮਾਂ-ਬੋਲੀ ਪ੍ਰਤੀ ਰੁਚੀ ਪੈਦਾ ਕਰਨ, ਉਨ੍ਹਾਂ ਦੀ ਭਾਸ਼ਾਈ ਸਮਝ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਪੱਧਰ ’ਤੇ ਪੰਜਾਬੀ ਦੀ ਪਹਿਚਾਣ ਨੂੰ ਹੋਰ ਮਜ਼ਬੂਤੀ ਦੇਣ ਵਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
ਐਸ.ਏ.ਐਸ. ਨਗਰ ਤੋਂ ਸਤਵਿੰਦਰ ਧੜਾਕ ਦੀ ਰਿਪੋਰਟ
(For more news apart from “Pakistan train 4 bogies derailed, ” stay tuned to Rozana Spokesman.)